ਇਹ ਉਸ ਸੁਪਨੇ ਦੀ ਪੂਰਤੀ ਹੈ ਜੇ ਕਦੇ ਮੈਂ ਇਸ ਰੂਪ ਵਿੱਚ ਸੋਚਿਆ ਵੀ ਨਹੀਂ ਸੀ।
ਅੱਜ ਸਵੇਰੇ ਹੀ ਪਰਿੰਟਵੈੱਲ ਅੰਮ੍ਰਿਤਸਰ ਤੋਂ ਛਪ ਕੇ ਮੇਰੇ ਘਰ ਅਤੇ ਚੇਤਨਾ ਪ੍ਰਕਾਸ਼ਨ ਕੋਲ ਪੰਜਾਬੀ ਭਵਨ ਲੁਧਿਆਣਾ ਪੁੱਜੀ ਹੈ। ਕੱਲ੍ਹ ਸਿੰਘ ਬਰਦਰਜ਼ ਅੰਮ੍ਰਿਤਸਰ, ਨਵਚੇਤਨ ਬੁੱਕ ਡਿਪੋ ਬਰਨਾਲਾ, ਪੰਜਾਬ ਬੁੱਕ ਸੈਂਟਰ ਚੰਡੀਗੜ੍ਹ ਤੇ ਹੋਰ ਕਿਤਾਬ ਘਰਾਂ ਤੋਂ ਮਿਲ ਸਕੇਗੀ।
ਆਤਮਜੀਤ
ਪੰਜਾਹ ਤੋਂ ਵੱਧ ਸਾਲਾਂ ਬਾਦ ਗੁਰਭਜਨ ਗਿੱਲ ਨੇ ਸੁਖਬੀਰ ਸਿੰਘ ਸੰਧੂ ਦੀ ਕਿਤਾਬ ‘ਪਾਇਲ’ ਦੀ ਆਵਾਜ਼ ਨੂੰ ਦੋਬਾਰਾ ਸੁਣਾ ਕੇ ਭਲਾ ਕੰਮ ਕੀਤਾ ਹੈ। ਪੰਜਾਬੀ ਸਾਹਿਤ ਉਸ ਦਾ ਰਿਣੀ ਰਹੇਗਾ। ਮੈਨੂੰ ਇਸ ਕਿਤਾਬ ਨੇ ਤਿੰਨ ਕਾਰਨਾਂ ਕਰਕੇ ਆਪਣੇ ਵੱਲ ਖਿੱਚਿਆ ਹੈ। ਪਹਿਲਾ, ਇਸਦਾ ਕਰਤਾ ਸੁਖਬੀਰ ਸਿੰਘ ਸੰਧੂ ਜਸਬੀਰ ਭੁੱਲਰ ਦਾ ਬਹੁਤ ਨੇੜਲਾ ਰਿਸ਼ਤੇਦਰ ਹੋਣ ਕਾਰਨ ਉਸ ਨਾਲ ਮੇਰਾ ਵੀ ਨਾਤਾ ਹੈ। ਦੂਜਾ ਕਾਰਨ, ਇਸ ਕਿਤਾਬ ਦਾ ਨਾਂ ‘ਪਾਇਲ’ ਹੈ। ਉਸਨੇ ਪਾਇਲ ਨੂੰ ਪਾਜ਼ੇਬ ਜਾਂ ਝਾਂਜਰ ਕਿਉਂ ਨਹੀਂ ਕਿਹਾ? ਉਸਦੀ ਕਿਸੇ ਗ਼ਜ਼ਲ ਵਿਚ ਮੈਂ ਪਾਇਲ ਸ਼ਬਦ ਨਹੀਂ ਪੜ੍ਹਿਆ ਹਾਲਾਂਕਿ ਇਕ ਗ਼ਜ਼ਲ ਵਿਚ ‘ਝਾਂਜਰ’ ਦੀ ਵਰਤੋਂ ਹੋਈ ਹੈ। ਉਹ ਲਿਖਦਾ ਹੈ:
“ਗੱਲ ਇਤਫ਼ਾਕ ਦੀ ਹੈ, ਦੋਸ਼ ਨਾ ਉਸਦਾ ਨਾ ਮੇਰਾ ਹੈ,
ਨਾ ਝਾਂਜਰ ਛਣਕਦੀ ਓਸਦੀ, ਨਾ ਨੀਅਤ ਬਦਲਦੀ ਮੇਰੀ”।
ਭਾਵੇਂ ਪਾਇਲ ਅਤੇ ਝਾਂਜਰ ਵਿਚ ਕੁਝ ਅੰਤਰ ਵੀ ਹੁੰਦਾ ਹੈ ਪਰ ਇਸ ਕਿਤਾਬ ਦੇ ਪ੍ਰਸੰਗ ਵਿਚ ਉਹ ਅਰਥਹੀਣ ਹੈ ਕਿਉਂਕਿ ਉਸਨੇ ਪੁਸਤਕ ਦੇ ਨਾਂ ਨੂੰ ਆਪਣੀਆਂ ਗ਼ਜ਼ਲਾਂ ਨਾਲ ਕਿਸੇ ਵੀ ਤਰੀਕੇ ਨਾਲ ਜੋੜਨ ਦੀ ਕੋਈ ਸਚੇਤ ਕੋਸ਼ਿਸ਼ ਨਹੀਂ ਕੀਤੀ। ਇਹ ਪੁਸਤਕ ਦਾ ਸੁਤੰਤਰ ਨਾਮ ਹੈ। ਉਂਜ ‘ਝਾਂਜਰ’ ਸ਼ਬਦ ਨੂੰ ਪੰਜਾਬ ਨੇ ਬਹੁਤ ਪਿਆਰ ਦਿੱਤਾ ਹੈ। ਸਿ਼ਵ ਕੁਮਾਰ ਦਾ ਗੀਤ ਹੈ,
“ਮੇਰੀ ਝਾਂਜਰ ਤੇਰਾ ਨਾਂ ਲੈਂਦੀ,
ਕਰੇ ਛੰਨ ਛੰਨ ਛੰਨ’।
ਨੰਦ ਲਾਲ ਨੂਰਪੁਰੀ ਤਾਂ ਸਾਡੇ ਸਾਰਿਆਂ ਦੇ ਚੇਤਿਆਂ ਵਿਚ ਵੱਸਦਾ ਹੈ:
“ਗੋਰੀ ਦੀਆਂ ਝਾਂਜਰਾਂ ਬੁਲਾਉਂਦੀਆਂ ਪਈਆਂ’। ਪਰ ਸੁਖਬੀਰ ਸਿੰਘ ਸੰਧੂ ਦੀ ਕਿਤਾਬ ਦਾ ਨਾਂ ਹੀ ਨਹੀਂ, ਉਸ ਨੇ ਪੁਸਤਕ ਦਾ ਪ੍ਰਕਾਸ਼ਨ ਵੀ ‘ਪਾਇਲ ਪਬਲਿਸ਼ਰਜ਼’ ਦੇ ਨਾਂ ਹੇਠ ਆਪ ਹੀ ਕੀਤਾ ਲਗਦਾ ਹੈ। ਮੇਰੀ ਸੋਚ ਨੇ ਇਸ ਨਾਂ ਦਾ ਪਿੱਛਾ ਇਸ ਲਈ ਵੀ ਕੀਤਾ ਹੈ ਕਿਉਂਕਿ ਇੰਗਲੈਂਡ ਤੋਂ ਪਰਤ ਕੇ ਤਰਨ ਤਾਰਨ ਵਿਚ ਉਸਨੇ ਜਿਹੜਾ ਰੈਸਟੋਰੈਂਟ ਅਤੇ ਹੋਟਲ ਖੋਲ੍ਹਿਆ ਸੀ ਉਸਦਾ ਨਾਂ ਵੀ ‘ਪਾਇਲ’ ਹੀ ਸੀ। ਇੰਜ ਲਗਦਾ ਹੈ ਜਿਵੇਂ ਕਿਸੇ ਪਾਇਲ ਨਾਂ ਦੀ ਲੜਕੀ ਦੇ ਵਿਛੋੜੇ ਵਿਚ ਉਸਨੇ ਸਾਰਾ ਕਲਾਮ ਕਿਹਾ ਹੈ। ਪਰ ਮੈਂ ਜਿਸ ਗੱਲ ਨੂੰ ਉਘਾੜਨ ਵਾਸਤੇ ਇਹ ਕਹਾਣੀ ਪਾਈ ਹੈ ਉਹ ਹੈ ਕਿ ਸੁਖਬੀਰ ਸਿੰਘ ਸੰਧੂ ਆਪਣੇ ਪਿਆਰ ਦੀ ਪੂਰਨ ਅਸਫ਼ਲਤਾ ਦੇ ਬਾਵਜੂਦ ਉਸ ਵਾਸਤੇ ਪੂਰੀ ਸ਼ਿੱਦਤ ਨਾਲ ਸਮਰਪਿਤ, ਸੁਹਿਰਦ, ਸੰਤੁਸ਼ਟ ਅਤੇ ਸ਼ਿਕਵੇ-ਸ਼ਿਕਾਇਤਾਂ ਤੋਂ ਬਹੁਤ ਉਤਾਂਹ ਵਿਚਰਨ ਵਾਲਾ ਪ੍ਰੇਮੀ ਹੈ।
ਇੱਥੋਂ ਉਭਰਦਾ ਹੈ ਉਹ ਤੀਸਰਾ ਕਾਰਨ ਜਿਹੜਾ ਮੈਨੂੰ ਸੁਖਬੀਰ ਸੰਧੂ ਦੇ ਕਲਾਮ ਨਾਲ ਸਭ ਤੋਂ ਜ਼ਿਆਦਾ ਜੋੜਦਾ ਹੈ ਤੇ ਉਹ ਹੈ ਉਸਦੇ ਬਿਰਹਾ-ਸੰਸਾਰ ਦਾ ਆਪਣੇ ਸਮਕਾਲੀ ਸ਼ਾਇਰ ਸ਼ਿਵ ਬਟਾਲਵੀ ਦੇ ਬਿਰਹਾ-ਜਗਤ ਨਾਲੋਂ ਬਹੁਤ ਵੱਡਾ ਅੰਤਰ। ਇਹ ਦੋਵੇਂ ਬਿਰਹਾ ਦੇ ਕਵੀ ਹਨ, ਸਮਕਾਲੀ ਸਨ,ਇਸ਼ਕ ਵਿਚ ਹਾਰੇ ਹੋਏ ਸਨ, ਦਾਰੂ ਦੀ ਟੇਕ ਰੱਖਦੇ ਸਨ ਅਤੇ ਮਾਝੇ ਦੀ ਧਰਤੀ ਦੇ ਨਾਲ ਸੰਬੰਧਿਤ ਸਨ। ਪਰ ਸ਼ਿਵ ਆਪਣੇ ਆਪ ਨੂੰ ਇਸ਼ਕ ਦੀਆਂ ਬਰਬਾਦੀਆਂ ਦਾ ਸਿਖਰ ਕਹਿੰਦਾ ਹੈ, ਅਧੂਰੇ ਗੀਤ ਦਾ ਸਫ਼ਰ ਅਤੇ ਬੁਝਿਆ ਹੋਇਆ ਚਿਰਾਗ਼ ਮੰਨਦਾ ਹੈ। ਉਸ ਅਨੁਸਾਰ ਉਸਦੀਆਂ ਸਾਰੀਆ ਸਮੱਸਿਆਵਾਂ ਦਾ ਇਲਾਜ ਮੌਤ ਹੈ; ਇਸੇ ਲਈ ਉਸਦੀ ਰਚਨਾ ਵਿਚ ਮੌਤ ਦੇ ਬਿੰਬ ਬਾਰ-ਬਾਰ ਉਭਰਦੇ ਹਨ। ਉਹ ਮੌਤ ਨੂੰ ਆਵਾਜ਼ਾਂ ਮਾਰਦਾ ਵੀ ਦਿੱਸਦਾ ਹੈ। ਉਹ ਆਪਣੀ ਕਿਸਮਤ ਅਤੇ ਸਮਾਜ ਨੂੰ ਆਪਣੇ ਦੁਸ਼ਮਣ ਮੰਨਦਾ ਹੈ। ਇਵੇਂ ਉਹ ਆਪਣੇ ਆਪ ਨੂੰ ਇਕ ਪੀੜਿਤ ਜਾਂ ਵਿਕਟਿਮ ਦੇ ਰੂਪ ਵਿਚ ਅਤੇ ਇਕ ਹਾਰੇ ਹੋਏ ਇਨਸਾਨ ਦੇ ਤੌਰ ਤੇ ਪੇਸ਼ ਕਰਦਾ ਹੈ। ਉਸਦੀ ਖ਼ੂਬਸੂਰਤ ਢੁਕਵੀਂ ਬੋਲੀ ਅਤੇ ਸੱਜਰੀ ਬਿੰਬਕਾਰੀ ਉਸਦੇ ਬਿਰਹਾ ਭਾਵ ਨੂੰ ਸਮਰਥਾ ਨਾਲ ਉਘਾੜਦੀ ਅਤੇ ਉਭਾਰਦੀ ਹੈ।
ਅਸੀਂ ਕਾਲਜ ਦੇ ਦਿਨਾਂ ਵਿਚ ਸੰਧੂ ਦੀ ਮਸ਼ਹੂਰ ਗ਼ਜ਼ਲ “ਉਸ ਬੇਵਫ਼ਾ ਦੀ ਯਾਦ ਵਿਚ ਰੋਇਆ ਕਰਾਂ ਕਿ ਨਾ, ਬੀਤੇ ਦਿਨਾਂ ਦੀ ਫ਼ੇਰ ਤਮੰਨਾ ਕਰਾਂ ਕਿ ਨਾ” ਆਪਣੇ ਗਾਇਕ ਸਾਥੀਆਂ ਪਾਸੋਂ ਅਕਸਰ ਸੁਣਦੇ ਸਾਂ ਅਤੇ ਕਦੇ-ਕਦੇ ਖ਼ੁਦ ਵੀ ਗੁਣਗੁਣਾਉਂਦੇ ਸਾਂ ਹਾਲਾਂਕਿ ਸਾਨੂੰ ਕਿਸੇ ਨੂੰ ਵੀ ਇਸਦੇ ਲੇਖਕ ਦੇ ਨਾਮ ਦਾ ਕੋਈ ਗਿਆਨ ਨਹੀਂ ਸੀ। ਮੈਨੂੰ ਤਾਂ ਇਹ ਗਿਆਨ ਵੀ ਹੁਣ ਗੁਰਭਜਨ ਗਿੱਲ ਵਲੋਂ ਪੁਸਤਕ ਦੀ ਪੁਨਰ ਪ੍ਰਕਾਸ਼ਨਾ ਦੇ ਮੌਕੇ ਹੀ ਹੋਇਆ ਹੈ। ਨੁਸਰਤ ਫ਼ਤਿਹ ਅਲੀ ਖਾਂ ਅਤੇ ਨਸੀਬੋ ਲਾਲ ਜੇਹੇ ਵੱਡੇ ਗਾਇਕਾਂ ਨੇ ਇਸ ਨੂੰ ਆਵਾਜ਼ ਦਿੱਤੀ ਹੈ। ਇਸ ਗ਼ਜ਼ਲ ਦਾ ਬਿਆਨ ਬਹੁਤ ਸੱਜਰਾ ਹੈ। ਉਹਦਾ ਸਾਨੂੰ ਪੁੱਛਣਾ ਕਿ ਬੇਵਫ਼ਾ ਦੀ ਯਾਦ ਵਿਚ ਰੋਵੇ ਕਿ ਨਾ, ਪੁਰਾਣੇ ਦਿਨਾਂ ਦੀ ਤਮੰਨਾ ਕਰੇ ਕਿ ਨਾ ਉਸਦੀ ਕਮਾਲ ਦੀ ਕਾਵਿਕ ਜੁਗਤ ਹੈ। ਪਰ ਸਾਨੂੰ ਸੁਖਬੀਰ ਸੰਧੂ ਦੀਆਂ ਬਾਕੀ ਗ਼ਜ਼ਲਾਂ ਦਾ ਪਾਠ ਵੀ ਵਿਲੱਖਣ ਲੱਗਿਆ ਹੈ। ਮੂਲ ਰੂਪ ਵਿਚ ਤਾਂ ਉਹ ਵੀ ਬਿਰਹਾ ਦਾ ਹੀ ਸ਼ਾਇਰ ਹੈ ਅਤੇ ਵਿਛੋੜਾ ਉਸਦੀ ਗ਼ਜ਼ਲ ਦਾ ਮੂਲ ਅਤੇ ਮੁੱਖ ਵਿਸ਼ਾ ਹੈ। ਉਸਦੇ ਕੁਝ ਸ਼ੇ’ਰ ਦੇਖੋ:
* ਮੈਂ ਲੱਖ ਦਰਵਾਜ਼ੇ ਢੋਏ ਨੇ, ਮੈਂ ਸੌ ਸੌ ਜੰਦਰੇ ਲਾਏ ਨੇ
ਪਰ ਫਿਰ ਵੀ ਇਕ ਦਰ ਪੀੜਾਂ ਦਾ, ਆਪੇ ਖੁਲ੍ਹ ਜਾਵੇ ਪਲ ਪਲ ਤੇ
* ਇਹ ਤਾਂ ਉਸਦਾ ਹੋ ਗਿਆ ਸੀ, ਫਿਰ ਕਿਉਂ ਹੈ ਮੇਰੇ ਕੋਲ
ਜਾਂਦਾ ਜਾਂਦਾ ਦਿਲ, ਓਹਦੀ ਸਰਦਲ ਤੇ ਧਰ ਜਾਵਾਂਗਾ ਮੈਂ
* ਲੋਕ ਤਮਾਸ਼ਾ ਵੇਖਣਗੇ ਜੋ ਕਦੇ ਨਾ ਵੇਖਿਆ
ਲਾਸ਼ ਆਪਣੀ ਹੀ ਉਠਾ ਕੇ ਜਦ ਗ਼ੁਜ਼ਰ ਜਾਵਾਂਗਾ ਮੈਂ
* ਤੇਰੇ ਪਾਸਿਓਂ ਇਹ ਹਟੇ, ਤਾਂ ਹੀ ਲਾਵਾਂ
ਕਿਤੇ ਦਿਲ ਲਗਾਣਾ ਮੁਸ਼ਕਲ ਤਾਂ ਨਹੀਂ ਹੈ
* ਅੱਖੀਆਂ ‘ਚ ਬਹਿ ਗਏ ਨੇ, ਬਣ-ਠਣ ਕੇ ਹੰਝੂ,
ਤੇਰੀ ਯਾਦ ਆਵਣ ਦੀਆਂ ਵਾਰੀਆਂ ਨੇ
* ਮਿਲੇ ਨਾ ਮਿਲੇ ਮੁਹੱਬਤ ਦੀ ਮਰਜ਼ੀ,
ਅਸਾਂ ਕੀਮਤਾਂ ਪੂਰੀਆਂ ਤਾਰੀਆਂ ਨੇ।
* ਭਾਲੋ, ਉਹ ਖ਼ੁਦਾ ਜਿਸਦੀ ਖ਼ੁਦਾਈ ਪਰਖ ਵੇਖਾਂ ਮੈਂ
ਕਿ ਪਾ ਕੇ ਆਖਦਾ ਹਾਂ ਮੈਂ, ਖ਼ੁਦਾ ਦਾ ਵਾਸਤਾ, ਭਾਲੋ।
* ਮੇਰੇ ਆਲ੍ਹਣੇ ਦਾ ਕੀ ਏ, ਮੁੜ ਕੇ ਬਣਾ ਲਵਾਂਗਾ,
ਬਿਜਲੀ ਹੈ ਤਿਲਮਿਲਾ ਰਹੀ, ਉਸਦਾ ਜੌਹਰ ਵੀ ਦੇਖੋ।
* ਅਸੀਂ ਗੰਗਾ ਜਾ ਕੇ ਕੀ ਲੈਣਾ, ਅਸੀਂ ਜਮਨਾ ਨ੍ਹਾ ਕੇ ਕੀ ਲੈਣਾ,
ਜਦ ਹੜ੍ਹ ਅੱਖੀਆਂ ਵਿਚ ਹੰਝੂਆਂ ਦਾ, ਸਾਨੂੰ ਆਣ ਨਹਾਵੇ ਪਲ ਪਲ ਤੇ।
* ਬਣ ਗਿਆ ਹੈ, ਫੇਰ ਮੇਰਾ ਆਲ੍ਹਣਾ,
ਫੇਰ ਬਿਜਲੀ ਜੌਹਰ ਦਿਖਲਾਏ ਕਦੀ।
* ਮਨ ਮੇਰਾ ਅੱਜ ਤਕ ਕਦੇ ਨਾ ਸ਼ਾਂਤ ਸੀ ਜਿੰਨਾ ਕਿ ਅੱਜ,
ਤੀਰਥਾਂ ਤੇ ਮੈਂ ਅਨੇਕਾਂ ਵਾਰ ਨ੍ਹਾ ਕੇ ਵੇਖਿਆ।
* ਜੰਨਤ ਵੀ ਹੁਣ ਹੋ ਗਈ, ਜੁਗਾਂ ਪੁਰਾਣੀ ਚੀਜ਼,
ਜਾਣੈ ਅਸੀਂ ਫ਼ਰਿਸ਼ਤਿਓ ਕਿਸੇ ਥਾਂ ਨਵੀਨ ਤੇ।
* ਜੰਨਤ ‘ਚ ਖੜ੍ਹਨ ਲਈ ਨਾ ਫ਼ਰਿਸ਼ਤਿਓ ਸਤਾਓ,
ਓਥੇ ਮੈਂ ਤਦ ਹੈ ਜਾਣਾ ਜੇ ਓਹ ਯਾਰ ਦੀ ਗਲੀ ਏ।
ਅਧਿਆਤਮਕਤਾ ਵਿਚ ਲੀਨ ਹੋ ਕੇ ਸ਼ਿਵ ਕੁਮਾਰ ਇਕ ਪੜਾਅ ਉੱਤੇ ਆਪਣੀ ਪਿਆਰ ਨੂੰ ਅਪਨਾਉਣ ਦੇ ਖ਼ਿਆਲ ਤੋਂ ਹੀ ਮੁਕਤ ਹੋ ਜਾਂਦਾ ਹੈ: “ਚੰਗਾ ਹੋਇਆ ਤੂੰ ਪਰਾਇਆ ਹੋ ਗਿਉਂ, ਮੁੱਕ ਗਈ ਚਿੰਤਾ ਤੈਨੂੰ ਅਪਨਾਉਣ ਦੀ।” ਪਰ ਸੁਖਬੀਰ ਸਿੰਘ ਸੰਧੂ ਇਸਤੋਂ ਬਹੁਤ ਵੱਖਰੇ ਸੰਸਾਰ ਵਿਚ ਵਿਚਰਦਾ ਹੈ: “ਲੱਖ ਯਤਨ ਭਾਵੇਂ ਕਰਾਂਗਾ ਕਿ ਨਾ ਓਧਰ ਮੂੰਹ ਕਰਾਂ, ਰਾਹ ਓਹਦੇ ਘਰ ਦਾ ਹੀ ਹੋਊ, ਪਰ ਜਿੱਧਰ ਜਾਵਾਂਗਾ ਮੈਂ।” ਇਵੇਂ ਸਾਨੂੰ ਲਗਦਾ ਹੈ ਕਿ ਸੁਖਬੀਰ ਸਿੰਘ ਸੰਧੂ ਦੀਆਂ ਬਹੁਤ ਸਾਰੀਆਂ ਗ਼ਜ਼ਲਾਂ ਅਨੁਭਵ ਦੀ ਇਕ ਵੱਖਰੀ ਜ਼ਮੀਨ ਉੱਤੇ ਲਿਖੀਆਂ ਗਈਆਂ ਹਨ। ਭਾਵੇਂ ਇਹਨਾਂ ਦੀ ਗਿਣਤੀ ਸੀਮਿਤ ਹੈ ਪਰ ਇਹਨਾਂ ਵਿਚਲਾ ਭਾਵ ਸੰਸਾਰ ਬਹੁਤ ਅਮੀਰ ਹੈ। ਪੰਜਾਬੀ ਦੀ ਗੰਭੀਰ ਸਾਹਿਤ-ਆਲੋਚਨਾ ਨੂੰ ਇਸ ਕਾਵਿ ਦਾ ਨੋਟਿਸ ਲੈਣਾ ਬਣਦਾ ਹੈ। ਤੁਸੀਂ ਦੇਖੋਗੇ ਕਿ ਉਸਦੇ ਪ੍ਰਗਟਾਵੇ ਵਿਚ ਵੀ ਬਹੁਤ ਸੱਜਰਾਪਣ ਅਤੇ ਸੂਖਮਤਾ ਹੈ। ਇਸ ਸੰਗ੍ਰਹਿ ਦੀ ਇਕੋ-ਇਕ ਸੰਜੋਗ ਸ਼ਿੰਗਾਰ ਦੀ ਗ਼ਜ਼ਲ ਵਿਚ ਉਸਦੀ ਕਾਵਿਕਤਾ ਦੀ ਨਜ਼ਾਕਤ ਨੂੰ ਮਾਣੋਂ:
ਸੀਤਿਆਂ ਬੁਲ੍ਹਾਂ ਨੂੰ ਜਿਹੜਾ ਛੁਹ ਕੇ ਮੁੜ ਜਾਂਦਾ ਰਿਹਾ,
ਆਤਮਾ ਮੇਰੀ ਨੇ ਅੱਜ ਉਹ ਗੀਤ ਗਾ ਕੇ ਵੇਖਿਆ।
ਪਾ ਰਹੇ ਗਲਵੱਕੜੀਆਂ ਸਨ, ਸਾਡੇ ਪੈਰਾਂ ਦੇ ਨਿਸ਼ਾਨ,
ਜਦ ਪਿਛਾਂਹ ਨੂੰ ਮੈਂ ਰਤਾ ਕੁ, ਮੂੰਹ ਭੁਆਂ ਕੇ ਵੇਖਿਆ।
ਜੇਕਰ ਪੁਸਤਕ ‘ਪਾਇਲ’ ਦੀ ਪਹਿਲੀ 20 ਅਕਤੂਬਰ 1973 ਵਾਲੀ ਪ੍ਰਕਾਸ਼ਨਾ ਸਹੀ ਲੋਕਾਂ ਤਕ ਪਹੁੰਚ ਗਈ ਹੁੰਦੀ ਤਾਂ ਸੁਖਬੀਰ ਸਿੰਘ ਸੰਧੂ ਦੀ ਇਕ ਤਾਂ ਕੀ, ਕਈ ਗ਼ਜ਼ਲਾਂ ਵੱਡੇ ਗਾਇਕਾਂ ਨੇ ਗਾ ਦਿੱਤੀਆਂ ਹੁੰਦੀਆਂ।
ਉਮੀਦ ਕਰਦਾ ਹਾਂ ਕਿ ਗੁਰਭਜਨ ਗਿੱਲ ਦੇ ਹਥਲੇ ਯਤਨ ਤੋਂ ਬਾਦ ਸੁਖਬੀਰ ਸਿੰਘ ਸੰਧੂ ਨੂੰ ਉਸਦਾ ਸਹੀ ਥਾਂ ਨਸੀਬ ਹੋ ਜਾਵੇਗਾ।







