Thursday, September 24, 2026
Home Punjab ਸਰਹੱਦ ਪਾਰੋਂ ਨਸ਼ਾ ਤਸਕਰੀ ਮਾਡਿਊਲ ਦਾ ਪਰਦਾਫਾਸ਼, 20 ਕਿਲੋ ਹੈਰੋਇਨ ਸਮੇਤ 4...

ਸਰਹੱਦ ਪਾਰੋਂ ਨਸ਼ਾ ਤਸਕਰੀ ਮਾਡਿਊਲ ਦਾ ਪਰਦਾਫਾਸ਼, 20 ਕਿਲੋ ਹੈਰੋਇਨ ਸਮੇਤ 4 ਗ੍ਰਿਫ਼ਤਾਰ

0
2

ਚੰਡੀਗੜ੍ਹ/ਅੰਮ੍ਰਿਤਸਰ: ਪੰਜਾਬ ਨੂੰ ਨਸ਼ਾ ਮੁਕਤ ਸੂਬਾ ਬਣਾਉਣ ਲਈ ਚੱਲ ਰਹੀ ਮੁਹਿੰਮ ਤਹਿਤ ਕਾਊਂਟਰ ਇੰਟੈਲੀਜੈਂਸ (ਸੀਆਈ) ਅੰਮ੍ਰਿਤਸਰ ਨੇ ਇੱਕ ਹੋਰ ਵੱਡੀ ਕਾਰਵਾਈ ਕਰਦਿਆਂ 20 ਕਿਲੋ ਹੈਰੋਇਨ ਸਮੇਤ ਚਾਰ ਵਿਅਕਤੀਆਂ ਨੂੰ ਗ੍ਰਿਫ਼ਤਾਰ ਕਰਕੇ ਸਰਹੱਦ ਪਾਰੋਂ ਨਸ਼ਾ ਤਸਕਰੀ ਕਰਨ ਵਾਲੇ ਮਾਡਿਊਲ ਦਾ ਪਰਦਾਫਾਸ਼ ਕੀਤਾ ਹੈ।

ਗ੍ਰਿਫ਼ਤਾਰ ਕੀਤੇ ਗਏ ਵਿਅਕਤੀਆਂ ਦੀ ਪਛਾਣ ਰੋਹਨ ਵਾਸੀ ਬਾਬਾ ਜੀਵਨ ਸਿੰਘ ਕਾਲੋਨੀ ਅੰਮ੍ਰਿਤਸਰ, ਦੀਪਕ ਬਖਸ਼ੀ ਵਾਸੀ ਪ੍ਰਤਾਪ ਬਾਜ਼ਾਰ ਅੰਮ੍ਰਿਤਸਰ, ਰਿਸ਼ਭ ਕੁਮਾਰ ਵਾਸੀ ਗੋਲਡਨ ਐਵੀਨਿਊ ਅੰਮ੍ਰਿਤਸਰ ਅਤੇ ਈਸ਼ਾਨ ਬੇਦੀ ਵਾਸੀ ਨਿਊ ਰਣਜੀਤ ਪੁਰਾ ਅੰਮ੍ਰਿਤਸਰ ਵਜੋਂ ਹੋਈ ਹੈ। ਪੁਲਿਸ ਨੇ ਹੈਰੋਇਨ ਦੀ ਖੇਪ ਤੋਂ ਇਲਾਵਾ ਤਸਕਰੀ ਲਈ ਵਰਤੇ ਜਾ ਰਹੇ ਦੋ ਮੋਟਰਸਾਈਕਲ ਵੀ ਜ਼ਬਤ ਕੀਤੇ ਹਨ। ਇਨ੍ਹਾਂ ਵਿੱਚ ਕਾਲੇ ਰੰਗ ਦਾ ਸਪਲੈਂਡਰ ਨੰਬਰ PB02-BT-3925 ਅਤੇ ਲਾਲ ਰੰਗ ਦਾ ਪੈਸ਼ਨ ਪ੍ਰੋ ਨੰਬਰ PB02-CL-4487 ਸ਼ਾਮਲ ਹਨ।

ਪੁਲਿਸ ਮੁਤਾਬਕ ਇਸ ਬਰਾਮਦਗੀ ਨਾਲ ਕਾਊਂਟਰ ਇੰਟੈਲੀਜੈਂਸ ਅੰਮ੍ਰਿਤਸਰ ਨੇ ਮਹਿਜ਼ ਇੱਕ ਹਫ਼ਤੇ ਵਿੱਚ ਕੁੱਲ 74 ਕਿਲੋ ਹੈਰੋਇਨ ਬਰਾਮਦ ਕੀਤੀ ਹੈ। ਇਸ ਤੋਂ ਪਹਿਲਾਂ 16 ਸਤੰਬਰ ਨੂੰ 27 ਕਿਲੋ, 18 ਸਤੰਬਰ ਨੂੰ 10 ਕਿਲੋ ਅਤੇ 19 ਸਤੰਬਰ ਨੂੰ 17 ਕਿਲੋ ਹੈਰੋਇਨ ਬਰਾਮਦ ਕੀਤੀ ਗਈ ਸੀ।

ਡੀਜੀਪੀ ਗੌਰਵ ਯਾਦਵ ਨੇ ਦੱਸਿਆ ਕਿ ਮੁੱਢਲੀ ਜਾਂਚ ਵਿੱਚ ਸਾਹਮਣੇ ਆਇਆ ਹੈ ਕਿ ਇਹ ਮਾਡਿਊਲ ਦੁਬਈ ਸਥਿਤ ਇੱਕ ਨਸ਼ਾ ਤਸਕਰ ਵੱਲੋਂ ਪੰਜਾਬ ਵਿੱਚ ਮੌਜੂਦ ਆਪਣੇ ਸਾਥੀਆਂ ਅਤੇ ਵਿਦੇਸ਼ੀ ਤਸਕਰਾਂ ਦੇ ਤਾਲਮੇਲ ਨਾਲ ਚਲਾਇਆ ਜਾ ਰਿਹਾ ਸੀ।

ਪੁਲਿਸ ਅਨੁਸਾਰ ਸੀਆਈ ਅੰਮ੍ਰਿਤਸਰ ਦੀ ਟੀਮ ਨੂੰ ਸੂਚਨਾ ਮਿਲੀ ਸੀ ਕਿ ਦੁਬਈ-ਅਧਾਰਤ ਤਸਕਰ ਦੇ ਸਾਥੀਆਂ ਨੇ ਤਰਨਤਾਰਨ ਜ਼ਿਲ੍ਹੇ ਦੇ ਪਿੰਡ ਰਾਜਾਤਾਲ ਦੇ ਸਰਹੱਦੀ ਇਲਾਕੇ ਤੋਂ ਡਰੋਨ ਰਾਹੀਂ ਸਰਹੱਦ ਪਾਰੋਂ ਭੇਜੀ ਗਈ ਹੈਰੋਇਨ ਦੀ ਵੱਡੀ ਖੇਪ ਪ੍ਰਾਪਤ ਕੀਤੀ ਹੈ। ਇਹ ਖੇਪ ਅੱਗੇ ਸਪਲਾਈ ਕਰਨ ਲਈ ਅੰਮ੍ਰਿਤਸਰ ਦੇ ਦਾਣਾ ਮੰਡੀ ਅਤੇ ਸਤਲਾਣੀ ਸਾਹਿਬ ਗੁਰਦੁਆਰੇ ਨੇੜਲੇ ਇਲਾਕੇ ਵਿੱਚ ਲਿਆਂਦੀ ਜਾ ਰਹੀ ਸੀ। ਸੂਚਨਾ ਦੇ ਆਧਾਰ ’ਤੇ ਪੁਲਿਸ ਨੇ ਤੁਰੰਤ ਕਾਰਵਾਈ ਕਰਦਿਆਂ ਛਾਪੇਮਾਰੀ ਕੀਤੀ ਅਤੇ ਚਾਰਾਂ ਮੁਲਜ਼ਮਾਂ ਨੂੰ 20 ਕਿਲੋ ਹੈਰੋਇਨ ਸਮੇਤ ਕਾਬੂ ਕਰ ਲਿਆ।

ਡੀਜੀਪੀ ਨੇ ਕਿਹਾ ਕਿ ਇਸ ਪੂਰੇ ਨੈੱਟਵਰਕ ਦੇ ਅਗਲੇ-ਪਿਛਲੇ ਸਬੰਧਾਂ ਦਾ ਪਤਾ ਲਗਾਉਣ ਅਤੇ ਇਸ ਵਿੱਚ ਸ਼ਾਮਲ ਹੋਰ ਵਿਅਕਤੀਆਂ ਦੀ ਪਛਾਣ ਕਰਨ ਲਈ ਜਾਂਚ ਜਾਰੀ ਹੈ।

ਇਸ ਮਾਮਲੇ ਸਬੰਧੀ ਐਫਆਈਆਰ ਨੰਬਰ 61, ਮਿਤੀ 23 ਸਤੰਬਰ 2026 ਨੂੰ ਐਨਡੀਪੀਐਸ ਐਕਟ ਦੀਆਂ ਧਾਰਾਵਾਂ 21, 25 ਅਤੇ 29 ਤਹਿਤ ਪੁਲਿਸ ਸਟੇਸ਼ਨ ਸਟੇਟ ਸਪੈਸ਼ਲ ਆਪਰੇਸ਼ਨ ਸੈੱਲ, ਅੰਮ੍ਰਿਤਸਰ ਵਿਖੇ ਕੇਸ ਦਰਜ ਕੀਤਾ ਗਿਆ ਹੈ।

ਡੱਬੀ: ਇੱਕ ਹਫ਼ਤੇ ਵਿੱਚ ਚੌਥੀ ਵੱਡੀ ਬਰਾਮਦਗੀ

16 ਸਤੰਬਰ 2026: 27 ਕਿਲੋ ਹੈਰੋਇਨ ਅਤੇ .30 ਬੋਰ ਪੀਐਕਸ5 ਪਿਸਤੌਲ ਸਮੇਤ ਤਿੰਨ ਕਾਰਤੂਸ ਬਰਾਮਦ, 4 ਵਿਅਕਤੀ ਕਾਬੂ।

18 ਸਤੰਬਰ 2026: 10 ਕਿਲੋ ਹੈਰੋਇਨ ਸਮੇਤ ਇੱਕ ਵਿਅਕਤੀ ਗ੍ਰਿਫ਼ਤਾਰ।

19 ਸਤੰਬਰ 2026: 17 ਕਿਲੋ ਹੈਰੋਇਨ ਸਮੇਤ ਤਿੰਨ ਵਿਅਕਤੀ ਕਾਬੂ।

23 ਸਤੰਬਰ 2026: 20 ਕਿਲੋ ਹੈਰੋਇਨ ਸਮੇਤ ਚਾਰ ਵਿਅਕਤੀ ਗ੍ਰਿਫ਼ਤਾਰ।

LEAVE A REPLY

Please enter your comment!
Please enter your name here