ਛੱਤੀਸਗੜ੍ਹ: ਛੱਤੀਸਗੜ੍ਹ ਦੇ ਕੋਰਬਾ ਸ਼ਹਿਰ ਵਿੱਚ ਇਕ ਹੈਰਾਨ ਕਰਨ ਵਾਲੀ ਘਟਨਾ ਸਾਹਮਣੇ ਆਈ ਹੈ, ਜਿੱਥੇ ਨਹਿਰ ਉੱਤੇ ਬਣਿਆ ਲਗਭਗ 40 ਸਾਲ ਪੁਰਾਣਾ ਲੋਹੇ ਦਾ ਪੁਲ ਹੀ ਚੋਰਾਂ ਵੱਲੋਂ ਚੋਰੀ ਕਰ ਲਿਆ ਗਿਆ। ਕਰੀਬ 10 ਟਨ ਭਾਰ ਵਾਲੇ ਇਸ ਪੁਲ ਨੂੰ ਗੈਸ ਕਟਰ ਨਾਲ ਕੱਟ ਕੇ ਟੁਕੜਿਆਂ ਵਿੱਚ ਤਬਦੀਲ ਕਰ ਦਿੱਤਾ ਗਿਆ। ਘਟਨਾ ਦੀ ਜਾਣਕਾਰੀ ਉਸ ਸਮੇਂ ਸਾਹਮਣੇ ਆਈ ਜਦੋਂ ਸਵੇਰੇ ਸਥਾਨਕ ਲੋਕਾਂ ਨੇ ਪੁਲ ਨੂੰ ਗਾਇਬ ਪਾਇਆ।
ਪੁਲਿਸ ਅਧਿਕਾਰੀਆਂ ਮੁਤਾਬਕ ਇਸ ਵੱਡੀ ਚੋਰੀ ਵਿੱਚ ਕੁੱਲ 15 ਲੋਕ ਸ਼ਾਮਲ ਸਨ, ਜਿਨ੍ਹਾਂ ਵਿੱਚੋਂ ਪੰਜ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ, ਜਦਕਿ ਬਾਕੀ ਮੁਲਜ਼ਮ ਫਰਾਰ ਹਨ। ਕੋਰਬਾ ਜ਼ਿਲ੍ਹੇ ਦੇ ਵਧੀਕ ਪੁਲਿਸ ਸੂਪਰਡੈਂਟ ਲਖਨ ਪਟਲੇ ਨੇ ਦੱਸਿਆ ਕਿ 18 ਜਨਵਰੀ ਦੀ ਸਵੇਰ ਢੋਢੀਪਾਰਾ ਖੇਤਰ ਦੇ ਨਿਵਾਸੀ ਰੋਜ਼ਾਨਾ ਦੀ ਤਰ੍ਹਾਂ ਨਹਿਰ ਪਾਰ ਕਰਨ ਪਹੁੰਚੇ ਸਨ, ਪਰ ਉਥੇ ਪੁਲ ਨਾ ਦੇਖ ਕੇ ਉਹ ਹੈਰਾਨ ਰਹਿ ਗਏ।
ਸਥਾਨਕ ਲੋਕਾਂ ਨੇ ਤੁਰੰਤ ਵਾਰਡ ਕੌਂਸਲਰ ਲਕਸ਼ਮਣ ਸ੍ਰੀਵਾਸ ਨੂੰ ਸੂਚਿਤ ਕੀਤਾ। ਕੌਂਸਲਰ ਦੀ ਸ਼ਿਕਾਇਤ ਦੇ ਆਧਾਰ ’ਤੇ ਸੀ.ਐਸ.ਈ.ਬੀ. ਪੁਲਿਸ ਚੌਕੀ ਵਿੱਚ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕੀਤੀ ਗਈ। ਸ਼ੁਰੂਆਤੀ ਜਾਂਚ ਵਿੱਚ ਸਾਹਮਣੇ ਆਇਆ ਹੈ ਕਿ ਮੁਲਜ਼ਮਾਂ ਨੇ ਰਾਤ ਦੇ ਸਮੇਂ ਗੈਸ ਕਟਰ ਦੀ ਮਦਦ ਨਾਲ ਪੁਲ ਨੂੰ ਕਈ ਟੁਕੜਿਆਂ ਵਿੱਚ ਕੱਟਿਆ ਅਤੇ ਬਾਅਦ ਵਿੱਚ ਇਸਨੂੰ ਕਬਾੜ ਵਜੋਂ ਵੇਚਣ ਲਈ ਲੈ ਗਏ।
ਪੁਲਿਸ ਨੇ ਇਸ ਮਾਮਲੇ ਵਿੱਚ ਲੋਚਨ ਕੇਵਟ (20), ਜੈਸਿੰਘ ਰਾਜਪੂਤ (23), ਮੋਤੀ ਪ੍ਰਜਾਪਤੀ (27), ਸੁਮਿਤ ਸਾਹੂ (19) ਅਤੇ ਕੇਸ਼ਵਪੁਰੀ ਗੋਸਵਾਮੀ ਉਰਫ਼ ‘ਪਿਕਚਰ’ (22) ਨੂੰ ਗ੍ਰਿਫ਼ਤਾਰ ਕੀਤਾ ਹੈ। ਪੁਲਿਸ ਅਨੁਸਾਰ ਇਸ ਸਾਜ਼ਿਸ਼ ਦੇ ਮਾਸਟਰਮਾਈਂਡ ਸਾਹੂ ਅਤੇ ਅਸਲਮ ਖ਼ਾਨ ਸਮੇਤ 10 ਹੋਰ ਮੁਲਜ਼ਮ ਅਜੇ ਵੀ ਫਰਾਰ ਹਨ, ਜਿਨ੍ਹਾਂ ਦੀ ਭਾਲ ਜਾਰੀ ਹੈ।
ਪ੍ਰਸ਼ਾਸਨ ਨੇ ਘਟਨਾ ਨੂੰ ਗੰਭੀਰ ਲਾਪਰਵਾਹੀ ਕਰਾਰ ਦਿੰਦਿਆਂ ਸੁਰੱਖਿਆ ਪ੍ਰਬੰਧਾਂ ’ਤੇ ਵੀ ਸਵਾਲ ਖੜ੍ਹੇ ਹੋਣ ਦੀ ਗੱਲ ਕਹੀ ਹੈ।





