ਤਰਨਤਾਰਨ ਜ਼ਿਲ੍ਹੇ ਦੇ ਥਾਣਾ ਭਿੱਖੀਵਿੰਡ ਵਿੱਚ ਕਤਲ ਮਾਮਲੇ ’ਚ ਗ੍ਰਿਫ਼ਤਾਰ 20 ਸਾਲਾ ਰਾਜਬੀਰ ਕੌਰ ਦੀ ਮੌਤ ਹੋ ਗਈ। ਪੁਲੀਸ ਮੁਤਾਬਕ, ਉਹ ਥਾਣੇ ਦੇ ਬਾਥਰੂਮ ਵਿੱਚ ਬੇਹੋਸ਼ ਮਿਲੀ, ਜਿਸ ਤੋਂ ਬਾਅਦ ਉਸ ਨੂੰ ਤੁਰੰਤ ਸਰਕਾਰੀ ਹਸਪਤਾਲ ਸੁਰਸਿੰਘ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ।
ਪੁਲੀਸ ਅਨੁਸਾਰ ਰਾਜਬੀਰ ਕੌਰ ਨੇ ਬਾਥਰੂਮ ਜਾਣ ਦੀ ਇਜਾਜ਼ਤ ਮੰਗੀ ਸੀ। ਜਦੋਂ ਉਹ ਕਾਫ਼ੀ ਸਮੇਂ ਤੱਕ ਵਾਪਸ ਨਾ ਆਈ ਤਾਂ ਡਿਊਟੀ ’ਤੇ ਤਾਇਨਾਤ ਮਹਿਲਾ ਕਾਂਸਟੇਬਲ ਨੇ ਅੰਦਰ ਜਾ ਕੇ ਦੇਖਿਆ। ਇਸ ਤੋਂ ਬਾਅਦ ਉਸ ਨੂੰ ਹਸਪਤਾਲ ਪਹੁੰਚਾਇਆ ਗਿਆ।
ਰਾਜਬੀਰ ਕੌਰ ਨੂੰ ਕਲਸੀਆਂ ਕਲਾਂ ਪਿੰਡ ਵਿੱਚ ਹੋਏ ਇੱਕ ਕਤਲ ਦੇ ਮਾਮਲੇ ਵਿੱਚ ਗ੍ਰਿਫ਼ਤਾਰ ਕੀਤਾ ਗਿਆ ਸੀ। ਜਾਣਕਾਰੀ ਮੁਤਾਬਕ ਕੁਝ ਵਿਅਕਤੀਆਂ ਵੱਲੋਂ ਚੋਰੀ ਦੇ ਸ਼ੱਕ ਵਿੱਚ ਇੱਕ ਘਰ ਵਿੱਚ ਦਾਖਲ ਹੋ ਕੇ ਹਮਲਾ ਕੀਤਾ ਗਿਆ ਸੀ, ਜਿਸ ਦੌਰਾਨ 70 ਸਾਲਾ ਵਿਅਕਤੀ ਦੀ ਮੌਤ ਹੋ ਗਈ ਸੀ। ਇਸ ਮਾਮਲੇ ਵਿੱਚ ਪੁਲੀਸ ਨੇ ਕੁੱਲ ਨੌਂ ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਕੀਤਾ ਸੀ ਅਤੇ ਰਾਜਬੀਰ ਕੌਰ ਵੀ ਮੁਲਜ਼ਮਾਂ ਵਿੱਚ ਸ਼ਾਮਲ ਸੀ।
ਪੁਲੀਸ ਨੇ ਦੱਸਿਆ ਕਿ ਰਾਜਬੀਰ ਕੌਰ ਪਿਛਲੇ ਚਾਰ ਦਿਨਾਂ ਤੋਂ ਹਿਰਾਸਤ ਵਿੱਚ ਸੀ। ਘਟਨਾ ਦੀ ਜਾਣਕਾਰੀ ਜ਼ਿਲ੍ਹਾ ਸੈਸ਼ਨ ਜੱਜ ਨੂੰ ਦਿੱਤੀ ਗਈ, ਜਿਸ ਤੋਂ ਬਾਅਦ ਮਾਮਲੇ ਦੀ ਮੈਜਿਸਟਰੇਟ ਜਾਂਚ ਦੇ ਹੁਕਮ ਜਾਰੀ ਕੀਤੇ ਗਏ ਹਨ। ਜੇਐੱਮਆਈਸੀ ਪੱਟੀ ਸਿਮਰਜੀਤ ਸਿੰਘ ਨੂੰ ਜਾਂਚ ਦੀ ਜ਼ਿੰਮੇਵਾਰੀ ਸੌਂਪੀ ਗਈ ਹੈ।
ਦੂਜੇ ਪਾਸੇ, ਰਾਜਬੀਰ ਕੌਰ ਦੇ ਪਰਿਵਾਰ ਨੇ ਪੁਲੀਸ ਦੀ ਕਾਰਵਾਈ ’ਤੇ ਸਵਾਲ ਚੁੱਕਦਿਆਂ ਨਿਰਪੱਖ ਜਾਂਚ ਦੀ ਮੰਗ ਕੀਤੀ ਹੈ। ਪਰਿਵਾਰ ਦਾ ਦੋਸ਼ ਹੈ ਕਿ ਉਨ੍ਹਾਂ ਦੀ ਲੜਕੀ ਨਾਲ ਕੁਝ ਗਲਤ ਹੋਇਆ ਹੋ ਸਕਦਾ ਹੈ ਅਤੇ ਉਹ ਇਸ ਤਰ੍ਹਾਂ ਦਾ ਕਦਮ ਨਹੀਂ ਚੁੱਕ ਸਕਦੀ।
ਥਾਣਾ ਭਿੱਖੀਵਿੰਡ ਦੇ ਅਧਿਕਾਰੀ ਹਰਪ੍ਰੀਤ ਸਿੰਘ ਨੇ ਕਿਹਾ ਕਿ ਪੁਲੀਸ ਵੱਲੋਂ ਰਾਜਬੀਰ ਕੌਰ ਨਾਲ ਕਿਸੇ ਤਰ੍ਹਾਂ ਦਾ ਟਾਰਚਰ ਨਹੀਂ ਕੀਤਾ ਗਿਆ। ਉਨ੍ਹਾਂ ਕਿਹਾ ਕਿ ਮੈਜਿਸਟਰੇਟ ਜਾਂਚ ਦੌਰਾਨ ਘਟਨਾ ਨਾਲ ਜੁੜੇ ਸਾਰੇ ਤੱਥ ਸਾਹਮਣੇ ਆਉਣਗੇ।






