ਗੁਰਦਾਸਪੁਰ: ਨਾਜਾਇਜ਼ ਸ਼ਰਾਬ ਵਿਰੁੱਧ ਚੱਲ ਰਹੀ ਮੁਹਿੰਮ ਦੌਰਾਨ Punjab Excise Department ਨੇ ਵੱਡੀ ਸਫ਼ਲਤਾ ਹਾਸਲ ਕੀਤੀ ਹੈ। ਗੁਰਦਾਸਪੁਰ ਰੇਂਜ ਦੇ ਏ.ਸੀ (ਆਬਕਾਰੀ) ਕਰਮਵੀਰ ਸਿੰਘ ਮਾਹਲਾ ਦੇ ਨਿਰਦੇਸ਼ਾਂ ਅਤੇ ਆਬਕਾਰੀ ਅਧਿਕਾਰੀ ਹੇਮੰਤ ਸ਼ਰਮਾ ਦੀ ਨਿਗਰਾਨੀ ਹੇਠ ਪੁਲਿਸ ਦੇ ਸਹਿਯੋਗ ਨਾਲ ਇੱਕ ਸਾਂਝਾ ਸਰਚ ਆਪ੍ਰੇਸ਼ਨ ਚਲਾਇਆ ਗਿਆ।
ਇਹ ਆਪ੍ਰੇਸ਼ਨ ਸਵੇਰੇ 6 ਵਜੇ ਬਿਆਸ ਦਰਿਆ ਨਾਲ ਲੱਗਦੇ ਮੰਡ ਖੇਤਰਾਂ—ਮੌਜਪੁਰ, ਆਲਮਾ, ਨੂਨਾ ਬਰਕਤ, ਨਈ ਬਾਗੜੀਆਂ, ਪੁਰਾਣੀ ਬਾਗੜੀਆਂ, ਰਾਜਪੁਰ, ਭੈਣੀ ਪਾਸਵਾਲ, ਭੈਣੀ ਮੀਆਂ ਖਾਨ ਅਤੇ ਮਿਲਵਾਨ—ਵਿੱਚ ਸ਼ੁਰੂ ਕੀਤਾ ਗਿਆ। ਡੀ.ਐਸ.ਪੀ. ਕੁਲਵੰਤ ਸਿੰਘ ਮਾਨ ਅਤੇ ਐਸ.ਐਚ.ਓ. ਗੁਰਨਾਮ ਸਿੰਘ ਦੀ ਮੌਜੂਦਗੀ ਵਿੱਚ ਲਗਭਗ ਸਾਢੇ ਅੱਠ ਘੰਟੇ ਚੱਲੇ ਇਸ ਆਪ੍ਰੇਸ਼ਨ ਦੌਰਾਨ ਟੀਮ ਨੇ ਝਾੜੀਆਂ ਵਿੱਚ ਲੁਕਾਈ ਵੱਡੀ ਮਾਤਰਾ ਵਿੱਚ ਨਾਜਾਇਜ਼ ਸਮੱਗਰੀ ਬਰਾਮਦ ਕੀਤੀ। ਬਰਾਮਦ ਕੀਤੀਆਂ ਵਸਤਾਂ ਵਿੱਚ 2 ਲੋਹੇ ਦੇ ਡਰੰਮ, 4 ਐਲੂਮੀਨੀਅਮ ਬਾਇਲਰ, 12 ਟੀਨ ਦੇ ਡੱਬੇ, 31 ਪਲਾਸਟਿਕ ਤਰਪਾਲਾਂ ਅਤੇ ਹੋਰ ਉਪਕਰਣ ਸ਼ਾਮਲ ਹਨ।
ਛਾਪੇਮਾਰੀ ਦੌਰਾਨ ਕਰੀਬ 16,280 ਕਿਲੋਗ੍ਰਾਮ ਲਾਹਣ ਅਤੇ 198 ਲੀਟਰ ਨਾਜਾਇਜ਼ ਸ਼ਰਾਬ ਵੀ ਬਰਾਮਦ ਕੀਤੀ ਗਈ। ਅਧਿਕਾਰੀਆਂ ਮੁਤਾਬਕ ਇਹ ਸਮੱਗਰੀ ਮਨੁੱਖੀ ਸਿਹਤ ਲਈ ਬਹੁਤ ਖ਼ਤਰਨਾਕ ਸੀ, ਇਸ ਲਈ ਇਸਨੂੰ ਮੌਕੇ ‘ਤੇ ਹੀ ਨਸ਼ਟ ਕਰ ਦਿੱਤਾ ਗਿਆ। ਵਿਭਾਗ ਨੇ ਦੱਸਿਆ ਕਿ ਅਜਿਹੀਆਂ ਮੁਹਿੰਮਾਂ ਆਉਣ ਵਾਲੇ ਸਮੇਂ ਵਿੱਚ ਵੀ ਜਾਰੀ ਰਹਿਣਗੀਆਂ।








