ਚੰਡੀਗੜ੍ਹ: ਪੰਜਾਬ ਦੇ ਲੋਕ ਨਿਰਮਾਣ ਮੰਤਰੀ ਹਰਭਜਨ ਸਿੰਘ ਈ.ਟੀ.ਓ. ਨੇ ਕਿਹਾ ਹੈ ਕਿ ਸਿਰਫ਼ ਸੁਰੱਖਿਅਤ ਸੜਕਾਂ ਬਣਾਉਣਾ ਹੀ ਕਾਫ਼ੀ ਨਹੀਂ, ਸਗੋਂ ਲੋਕਾਂ ਵੱਲੋਂ ਟ੍ਰੈਫਿਕ ਨਿਯਮਾਂ ਦੀ ਪਾਲਣਾ ਕਰਨੀ ਵੀ ਉਤਨੀ ਹੀ ਜ਼ਰੂਰੀ ਹੈ। ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਸੜਕ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਸਰਕਾਰ, ਲਾਗੂਕਰਨ ਵਾਲੀਆਂ ਏਜੰਸੀਆਂ ਅਤੇ ਆਮ ਨਾਗਰਿਕਾਂ ਸਮੇਤ ਸਾਰੇ ਭਾਈਵਾਲਾਂ ਨੂੰ ਮਿਲਜੁਲ ਕੇ ਕੰਮ ਕਰਨਾ ਹੋਵੇਗਾ।
ਇਹ ਵਿਚਾਰ ਉਨ੍ਹਾਂ ਨੇ ਮਹਾਤਮਾ ਗਾਂਧੀ ਸਟੇਟ ਇੰਸਟੀਚਿਊਟ ਆਫ਼ ਪਬਲਿਕ ਐਡਮਿਨਿਸਟ੍ਰੇਸ਼ਨ, ਚੰਡੀਗੜ੍ਹ ਵਿਖੇ ਰਾਜਮਾਰਗ ਅਤੇ ਸੜਕੀ ਆਵਾਜਾਈ ਮੰਤਰਾਲਾ, ਭਾਰਤ ਸਰਕਾਰ, ਨੈਸ਼ਨਲ ਹਾਈਵੇਅ ਅਥਾਰਟੀ ਆਫ਼ ਇੰਡੀਆ (NHAI) ਅਤੇ ਪੰਜਾਬ ਸਟੇਟ ਰੋਡ ਸੇਫਟੀ ਕੌਂਸਲ ਵੱਲੋਂ ਸਾਂਝੇ ਤੌਰ ’ਤੇ ਕਰਵਾਈ ਗਈ ਵਰਕਸ਼ਾਪ ਦੇ ਉਦਘਾਟਨੀ ਸਮਾਰੋਹ ਦੌਰਾਨ ਪ੍ਰਗਟ ਕੀਤੇ।
ਕੈਬਨਿਟ ਮੰਤਰੀ ਨੇ ਕਿਹਾ ਕਿ ਕੇਂਦਰ ਅਤੇ ਰਾਜ ਸਰਕਾਰ ਵੱਲੋਂ ਬਿਹਤਰ ਸੜਕੀ ਨੈੱਟਵਰਕ ਲਈ ਕੀਤੇ ਜਾ ਰਹੇ ਲਗਾਤਾਰ ਯਤਨਾਂ ਨਾਲ ਆਵਾਜਾਈ ਦਾ ਸਮਾਂ ਘੱਟ ਹੋਇਆ ਹੈ, ਪਰ ਇਸ ਦੇ ਨਾਲ ਹੀ ਸੜਕੀ ਹਾਦਸਿਆਂ ਦੀ ਸੰਭਾਵਨਾ ਵੀ ਵਧੀ ਹੈ। ਇਸ ਲਈ ਜਨਤਾ ਵੱਲੋਂ ਸੜਕ ਸੁਰੱਖਿਆ ਨਿਯਮਾਂ ਦੀ ਸਖ਼ਤੀ ਨਾਲ ਪਾਲਣਾ ਕਰਨੀ ਬਹੁਤ ਜ਼ਰੂਰੀ ਹੈ।
ਉਨ੍ਹਾਂ ਕਿਹਾ ਕਿ ਅਕਸਰ ਦੋ ਪਹੀਆ ਵਾਹਨ ਚਲਾਉਣ ਸਮੇਂ ਲੋਕ ਹੈਲਮਟ ਸਿਰ ’ਤੇ ਪਾਉਣ ਦੀ ਬਜਾਏ ਹੱਥ ਜਾਂ ਹੈਂਡਲ ’ਤੇ ਲਟਕਾ ਲੈਂਦੇ ਹਨ, ਜੋ ਹਾਦਸੇ ਸਮੇਂ ਜਾਨਲੇਵਾ ਸਾਬਤ ਹੋ ਸਕਦਾ ਹੈ। ਇਸੇ ਤਰ੍ਹਾਂ ਨਸ਼ੇ ਦੀ ਹਾਲਤ ਵਿੱਚ ਵਾਹਨ ਚਲਾਉਣਾ ਸਿਰਫ਼ ਡਰਾਈਵਰ ਦੀ ਜਾਨ ਹੀ ਨਹੀਂ, ਸਗੋਂ ਬੇਗੁਨਾਹ ਰਾਹਗੀਰਾਂ ਦੀ ਜਾਨ ਨੂੰ ਵੀ ਖ਼ਤਰੇ ਵਿੱਚ ਪਾ ਦਿੰਦਾ ਹੈ। ਉਨ੍ਹਾਂ NHAI ਅਤੇ ਲੀਡ ਏਜੰਸੀ ਨੂੰ ਬਲੈਕ ਸਪਾਟਸ ਦੀ ਪਛਾਣ ਕਰਕੇ ਉਨ੍ਹਾਂ ਨੂੰ ਜਲਦੀ ਤੋਂ ਜਲਦੀ ਖ਼ਤਮ ਕਰਨ ਦੇ ਨਿਰਦੇਸ਼ ਦਿੱਤੇ।
ਸ. ਹਰਭਜਨ ਸਿੰਘ ਈ.ਟੀ.ਓ. ਨੇ ਦੱਸਿਆ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਪੰਜਾਬ ਸਰਕਾਰ ਵੱਲੋਂ ਸੜਕ ਸੁਰੱਖਿਆ ਫੋਰਸ ਦੀ ਸ਼ੁਰੂਆਤ ਕੀਤੀ ਗਈ ਹੈ, ਜਿਸ ਦਾ ਸਿੱਧਾ ਅਸਰ ਹਾਦਸਿਆਂ ਵਿੱਚ ਮੌਤਾਂ ਦੀ ਗਿਣਤੀ ਘਟਣ ਦੇ ਰੂਪ ਵਿੱਚ ਵੇਖਣ ਨੂੰ ਮਿਲਿਆ ਹੈ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਹਾਦਸੇ ਦੀ ਸਥਿਤੀ ਵਿੱਚ ਪੀੜਤਾਂ ਦੀ ਤੁਰੰਤ ਮਦਦ ਕੀਤੀ ਜਾਵੇ, ਕਿਉਂਕਿ ਸਮੇਂ ਸਿਰ ਹਸਪਤਾਲ ਪਹੁੰਚਾਉਣ ਨਾਲ ਜਾਨ ਬਚਣ ਦੀ ਸੰਭਾਵਨਾ ਕਈ ਗੁਣਾ ਵੱਧ ਜਾਂਦੀ ਹੈ।
ਉਨ੍ਹਾਂ ਕਿਹਾ ਕਿ ਲੋਕ ਨਿਰਮਾਣ ਵਿਭਾਗ (ਬੀ ਐਂਡ ਆਰ) ਸਾਰੇ ਸਬੰਧਤ ਵਿਭਾਗਾਂ ਨਾਲ ਮਿਲ ਕੇ ਆਧੁਨਿਕ ਸੜਕ ਸੁਰੱਖਿਆ ਅਭਿਆਸਾਂ ਨੂੰ ਅਪਣਾਏਗਾ। ਯੋਜਨਾਬੱਧ ਡਿਜ਼ਾਈਨ, ਨਿਯਮਤ ਰੱਖ-ਰਖਾਅ ਅਤੇ ਸੁਰੱਖਿਅਤ ਇੰਜੀਨੀਅਰਿੰਗ ਮਿਆਰ ਸੜਕੀ ਹਾਦਸਿਆਂ ਵਿੱਚ ਕਮੀ ਲਿਆਉਣ ਲਈ ਅਹੰਮ ਹਨ।
ਵਰਕਸ਼ਾਪ ਦੌਰਾਨ ਸੀਨੀਅਰ ਅਧਿਕਾਰੀਆਂ ਨੇ ਸੁਰੱਖਿਅਤ ਸੜਕੀ ਡਿਜ਼ਾਈਨ, ਪ੍ਰਭਾਵਸ਼ਾਲੀ ਕਾਨੂੰਨੀ ਲਾਗੂਕਰਨ ਅਤੇ ਨਿਰੰਤਰ ਜਨਤਕ ਜਾਗਰੂਕਤਾ ’ਤੇ ਅਧਾਰਿਤ ਇੱਕ “ਸੇਫ਼ ਸਿਸਟਮ” ਦੀ ਲੋੜ ’ਤੇ ਜ਼ੋਰ ਦਿੱਤਾ।
NHAI ਦੇ ਖੇਤਰੀ ਅਧਿਕਾਰੀ ਰਾਕੇਸ਼ ਕੁਮਾਰ ਨੇ ਕਿਹਾ ਕਿ ਸੜਕ ਸੁਰੱਖਿਆ ਦੇ ਨਤੀਜੇ ਸੁਰੱਖਿਅਤ ਇੰਜੀਨੀਅਰਿੰਗ, ਨਿਯਮਤ ਗਤੀ, ਸੁਰੱਖਿਅਤ ਵਾਹਨ ਅਤੇ ਹਾਦਸੇ ਤੋਂ ਬਾਅਦ ਤੁਰੰਤ ਪ੍ਰਤੀਕਿਰਿਆ ਦੇ ਸੁਮੇਲ ’ਤੇ ਨਿਰਭਰ ਕਰਦੇ ਹਨ। ਉਨ੍ਹਾਂ ਸੜਕ ਸੁਰੱਖਿਆ ਆਡਿਟ, ਬਲੈਕ ਸਪਾਟ ਸੁਧਾਰ, ਕਰੈਸ਼ ਬੈਰੀਅਰ, ਸਪੱਸ਼ਟ ਸੰਕੇਤਕ ਚਿੰਨ੍ਹ ਅਤੇ ਪੈਦਲ ਯਾਤਰੀਆਂ ਲਈ ਅਨੁਕੂਲ ਬੁਨਿਆਦੀ ਢਾਂਚੇ ਵਰਗੀਆਂ ਪਹਿਲਕਦਮੀਆਂ ਬਾਰੇ ਵੀ ਜਾਣਕਾਰੀ ਦਿੱਤੀ।
ਸਟੇਟ ਟਰਾਂਸਪੋਰਟ ਕਮਿਸ਼ਨਰ ਅਤੇ ਲੀਡ ਏਜੰਸੀ ਦੇ ਡਾਇਰੈਕਟਰ ਜਨਰਲ ਪਰਨੀਤ ਸ਼ੇਰਗਿੱਲ ਨੇ ਰਾਸ਼ਟਰੀ ਸੜਕ ਸੁਰੱਖਿਆ ਮਹੀਨਾ 2026 ਦੌਰਾਨ ਪੰਜਾਬ ਵਿੱਚ ਚਲਾਈਆਂ ਗਈਆਂ ਜਾਗਰੂਕਤਾ ਅਤੇ ਲਾਗੂਕਰਨ ਮੁਹਿੰਮਾਂ ਬਾਰੇ ਵਿਸਥਾਰ ਨਾਲ ਦੱਸਿਆ। ਉਨ੍ਹਾਂ ਨੇ ਹੈਲਮਟ ਅਤੇ ਸੀਟ ਬੈਲਟ ਦੀ ਵਰਤੋਂ ਵਧਾਉਣ ਅਤੇ ਡਰਾਈਵਰਾਂ ਵਿੱਚ ਜ਼ਿੰਮੇਵਾਰ ਵਿਵਹਾਰ ਪੈਦਾ ਕਰਨ ਦੀ ਲੋੜ ਉਤੇ ਜ਼ੋਰ ਦਿੱਤਾ।
ਸਪੈਸ਼ਲ ਡੀ.ਜੀ.ਪੀ. ਟ੍ਰੈਫਿਕ, ਪੰਜਾਬ ਏ.ਐਸ. ਰਾਏ ਨੇ ਸੂਬੇ ਭਰ ਵਿੱਚ ਟ੍ਰੈਫਿਕ ਉਲੰਘਣਾਵਾਂ ਵਿਰੁੱਧ ਕੀਤੀਆਂ ਕਾਰਵਾਈਆਂ ਅਤੇ ਵਿਆਪਕ ਜਨ ਜਾਗਰੂਕਤਾ ਪ੍ਰੋਗਰਾਮਾਂ ਦੀ ਜਾਣਕਾਰੀ ਸਾਂਝੀ ਕੀਤੀ। ਅੰਤ ਵਿੱਚ, ਲੀਡ ਏਜੰਸੀ ਦੇ ਜੁਆਇੰਟ ਡਾਇਰੈਕਟਰ ਪਰਮਜੀਤ ਸਿੰਘ ਨੇ ਸਾਰੇ ਭਾਗੀਦਾਰਾਂ ਦਾ ਧੰਨਵਾਦ ਕੀਤਾ।







