Tuesday, August 18, 2026
Home World News ਪਾਕਿਸਤਾਨ ‘ਚ ਭਿਆਨਕ ਬੱਸ ਹਾਦਸਾ, 40 ਯਾਤਰੀਆਂ ਦੀ ਮੌਤ

ਪਾਕਿਸਤਾਨ ‘ਚ ਭਿਆਨਕ ਬੱਸ ਹਾਦਸਾ, 40 ਯਾਤਰੀਆਂ ਦੀ ਮੌਤ

0
23

ਇਸਲਾਮਾਬਾਦ: ਪਾਕਿਸਤਾਨ ਦੇ ਦੱਖਣ-ਪੱਛਮੀ ਸੂਬੇ ਬਲੋਚਿਸਤਾਨ ਵਿੱਚ ਸ਼ੁੱਕਰਵਾਰ ਸਵੇਰੇ ਇੱਕ ਭਿਆਨਕ ਸੜਕ ਹਾਦਸੇ ਵਿੱਚ ਘੱਟੋ-ਘੱਟ 40 ਲੋਕਾਂ ਦੀ ਮੌਤ ਹੋ ਗਈ, ਜਦਕਿ 8 ਹੋਰ ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਗਏ। ਇਹ ਹਾਦਸਾ ਖੈਬਰ ਪਖਤੂਨਖਵਾ ਅਤੇ ਬਲੋਚਿਸਤਾਨ ਦੀ ਸਰਹੱਦ ਨੇੜੇ ਸ਼ੇਰਾਨੀ-ਜ਼ੋਬ ਹਾਈਵੇਅ ‘ਤੇ ਦਾਨਸਰ ਇਲਾਕੇ ਵਿੱਚ ਵਾਪਰਿਆ, ਜਦੋਂ ਕਵੇਟਾ ਤੋਂ ਇਸਲਾਮਾਬਾਦ ਜਾ ਰਹੀ ਯਾਤਰੀ ਬੱਸ ਬੇਕਾਬੂ ਹੋ ਕੇ ਡੂੰਘੀ ਖੱਡ ਵਿੱਚ ਜਾ ਡਿੱਗੀ।

ਬਲੋਚਿਸਤਾਨ ਸਰਕਾਰ ਦੇ ਬੁਲਾਰੇ ਸ਼ਾਹਿਦ ਰਿੰਡ ਨੇ ਹਾਦਸੇ ਦੀ ਪੁਸ਼ਟੀ ਕਰਦਿਆਂ ਦੱਸਿਆ ਕਿ ਮੈਡੀਕਲ ਐਮਰਜੈਂਸੀ ਰਿਸਪਾਂਸ ਸੈਂਟਰ (MERC), ਸਥਾਨਕ ਪ੍ਰਸ਼ਾਸਨ ਅਤੇ ਲੋਕਾਂ ਦੀ ਮਦਦ ਨਾਲ ਤੁਰੰਤ ਬਚਾਅ ਕਾਰਜ ਸ਼ੁਰੂ ਕੀਤਾ ਗਿਆ। ਰਾਹਤ ਟੀਮਾਂ ਨੇ ਖੱਡ ਵਿੱਚੋਂ 40 ਲਾਸ਼ਾਂ ਨੂੰ ਬਾਹਰ ਕੱਢਿਆ, ਜਦਕਿ 8 ਜ਼ਖ਼ਮੀਆਂ ਨੂੰ ਬਚਾ ਕੇ ਝੋਬ ਦੇ ਟਰਾਮਾ ਸੈਂਟਰ ਵਿੱਚ ਦਾਖਲ ਕਰਵਾਇਆ ਗਿਆ। ਘਟਨਾ ਸਥਾਨ ‘ਤੇ ਛੇ ਐਂਬੂਲੈਂਸਾਂ, 12 ਐਮਰਜੈਂਸੀ ਮੈਡੀਕਲ ਟੀਮਾਂ ਅਤੇ ਹੋਰ ਰਾਹਤ ਵਾਹਨ ਤਾਇਨਾਤ ਕੀਤੇ ਗਏ।

ਸ਼ੇਰਾਨੀ ਦੇ ਡਿਪਟੀ ਕਮਿਸ਼ਨਰ ਹਜ਼ਰਤ ਵਲੀ ਕੱਕਰ ਨੇ ਦੱਸਿਆ ਕਿ ਜ਼ਖ਼ਮੀਆਂ ਦੀ ਹਾਲਤ ਫਿਲਹਾਲ ਸਥਿਰ ਹੈ, ਜਦਕਿ ਮ੍ਰਿਤਕਾਂ ਦੀਆਂ ਲਾਸ਼ਾਂ ਨੂੰ ਹਸਪਤਾਲ ਦੇ ਮੁਰਦਾਘਰ ਵਿੱਚ ਰੱਖਿਆ ਗਿਆ ਹੈ।

ਮੁੱਢਲੀ ਜਾਂਚ ਅਨੁਸਾਰ ਬੱਸ ਵਿੱਚ ਸਮਰੱਥਾ ਤੋਂ ਕਾਫ਼ੀ ਵੱਧ ਯਾਤਰੀ ਸਵਾਰ ਸਨ ਅਤੇ ਕਈ ਲੋਕ ਬੱਸ ਦੀ ਛੱਤ ‘ਤੇ ਵੀ ਬੈਠੇ ਹੋਏ ਸਨ। ਦੱਸਿਆ ਜਾ ਰਿਹਾ ਹੈ ਕਿ ਰਸਤੇ ਵਿੱਚ ਇੱਕ ਹੋਰ ਬੱਸ ਖਰਾਬ ਹੋਣ ਤੋਂ ਬਾਅਦ ਉਸ ਦੇ ਯਾਤਰੀਆਂ ਨੂੰ ਵੀ ਇਸੇ ਬੱਸ ਵਿੱਚ ਬਿਠਾ ਦਿੱਤਾ ਗਿਆ ਸੀ। ਇਸ ਕਾਰਨ ਬੱਸ ਓਵਰਲੋਡ ਹੋ ਗਈ, ਜਿਸ ਨੂੰ ਹਾਦਸੇ ਦਾ ਮੁੱਖ ਕਾਰਨ ਮੰਨਿਆ ਜਾ ਰਿਹਾ ਹੈ। ਹਾਲਾਂਕਿ ਅਧਿਕਾਰੀਆਂ ਵੱਲੋਂ ਹਾਦਸੇ ਦੇ ਸਹੀ ਕਾਰਨਾਂ ਦੀ ਜਾਂਚ ਕੀਤੀ ਜਾ ਰਹੀ ਹੈ।

ਪਾਕਿਸਤਾਨ ਦੇ ਰਾਸ਼ਟਰਪਤੀ ਆਸਿਫ਼ ਅਲੀ ਜ਼ਰਦਾਰੀ ਅਤੇ ਬਲੋਚਿਸਤਾਨ ਦੇ ਮੁੱਖ ਮੰਤਰੀ ਸਰਫ਼ਰਾਜ਼ ਬੁਗਤੀ ਨੇ ਹਾਦਸੇ ‘ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕਰਦਿਆਂ ਮ੍ਰਿਤਕਾਂ ਦੇ ਪਰਿਵਾਰਾਂ ਨਾਲ ਹਮਦਰਦੀ ਜਤਾਈ ਅਤੇ ਅਧਿਕਾਰੀਆਂ ਨੂੰ ਜ਼ਖ਼ਮੀਆਂ ਦੇ ਬਿਹਤਰ ਇਲਾਜ ਅਤੇ ਹਰ ਸੰਭਵ ਸਹਾਇਤਾ ਮੁਹੱਈਆ ਕਰਵਾਉਣ ਦੇ ਨਿਰਦੇਸ਼ ਦਿੱਤੇ ਹਨ।

 

LEAVE A REPLY

Please enter your comment!
Please enter your name here