ਨਵੀਂ ਦਿੱਲੀ: ਹੋਰਮੁਜ਼ ਜਲਡਮਰੂ ’ਤੇ ਨਿਯੰਤਰਣ ਨੂੰ ਲੈ ਕੇ ਅਮਰੀਕਾ ਅਤੇ ਈਰਾਨ ਵਿਚਾਲੇ ਤਣਾਅ ਲਗਾਤਾਰ ਵਧਦਾ ਜਾ ਰਿਹਾ ਹੈ। ਲਗਾਤਾਰ ਦੂਜੇ ਦਿਨ ਹੋਈਆਂ ਝੜਪਾਂ ਦੌਰਾਨ ਈਰਾਨ ਦੇ ਇਸਲਾਮਿਕ ਰੈਵੋਲਿਊਸ਼ਨਰੀ ਗਾਰਡ ਕੋਰ (IRGC) ਵੱਲੋਂ ਜਾਰਡਨ ਦੇ ਪ੍ਰਿੰਸ ਹਸਨ ਏਅਰ ਬੇਸ ਅਤੇ ਬਹਿਰੀਨ ਸਥਿਤ ਅਮਰੀਕੀ ਫੌਜੀ ਟਿਕਾਣਿਆਂ ’ਤੇ ਬੈਲਿਸਟਿਕ ਮਿਜ਼ਾਈਲਾਂ ਅਤੇ ਡਰੋਨਾਂ ਨਾਲ ਹਮਲੇ ਕਰਨ ਦਾ ਦਾਅਵਾ ਕੀਤਾ ਗਿਆ ਹੈ।
ਰਿਪੋਰਟਾਂ ਮੁਤਾਬਕ ਜਾਰਡਨ ਵਿੱਚ ਹੋਏ ਹਮਲੇ ਦੌਰਾਨ RQ-4 ਅਤੇ MQ-9 ਡਰੋਨਾਂ ਨਾਲ ਸਬੰਧਤ ਹੈਂਗਰਾਂ ਨੂੰ ਨੁਕਸਾਨ ਪਹੁੰਚਿਆ। ਇਸ ਹਮਲੇ ਵਿੱਚ ਕਈ ਅਮਰੀਕੀ ਕਰਮਚਾਰੀਆਂ ਦੇ ਮਾਰੇ ਜਾਣ ਦਾ ਵੀ ਦਾਅਵਾ ਕੀਤਾ ਗਿਆ ਹੈ, ਹਾਲਾਂਕਿ ਇਨ੍ਹਾਂ ਦਾਅਵਿਆਂ ਦੀ ਸੁਤੰਤਰ ਪੁਸ਼ਟੀ ਨਹੀਂ ਹੋਈ ਹੈ।
ਇਹ ਕਾਰਵਾਈ ਅਮਰੀਕੀ ਕੇਂਦਰੀ ਕਮਾਂਡ (CENTCOM) ਵੱਲੋਂ ਈਰਾਨ ਦੇ ਕਿਸ਼ਮ ਟਾਪੂ, ਸਿਰਿਕ, ਚਾਬਹਾਰ, ਬੰਦਰ ਅੱਬਾਸ ਅਤੇ ਜੀਰੋਫਟ ਹਵਾਈ ਅੱਡਿਆਂ ’ਤੇ ਕੀਤੇ ਗਏ ਹਮਲਿਆਂ ਤੋਂ ਬਾਅਦ ਹੋਈ ਦੱਸੀ ਜਾ ਰਹੀ ਹੈ। ਅਮਰੀਕੀ ਹਮਲਿਆਂ ਵਿੱਚ IRGC ਦੇ ਰਾਡਾਰ ਸਿਸਟਮਾਂ, ਹਵਾਈ ਰੱਖਿਆ ਸਥਾਨਾਂ ਅਤੇ ਸੰਚਾਰ ਕੇਂਦਰਾਂ ਨੂੰ ਨਿਸ਼ਾਨਾ ਬਣਾਉਣ ਦਾ ਦਾਅਵਾ ਕੀਤਾ ਗਿਆ ਹੈ।
ਇਸ ਦੌਰਾਨ ਸਿਰਿਕ ਕਾਉਂਟੀ ਵਿੱਚ ਇੱਕ ਵਿਆਹ ਸਮਾਰੋਹ ਦੌਰਾਨ ਮਿਜ਼ਾਈਲ ਦਾ ਮਲਬਾ ਡਿੱਗਣ ਕਾਰਨ ਇੱਕ ਬੱਚੇ ਸਮੇਤ 4 ਲੋਕਾਂ ਦੀ ਮੌਤ ਅਤੇ 50 ਤੋਂ ਵੱਧ ਲੋਕਾਂ ਦੇ ਜ਼ਖਮੀ ਹੋਣ ਦੀ ਜਾਣਕਾਰੀ ਸਾਹਮਣੇ ਆਈ ਹੈ।
ਵਧਦੇ ਤਣਾਅ ਵਿਚਕਾਰ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਈਰਾਨ ਨੂੰ ਹੋਰ ਵੱਡੇ ਹਮਲਿਆਂ ਦੀ ਚਿਤਾਵਨੀ ਦਿੱਤੀ ਹੈ। ਦੂਜੇ ਪਾਸੇ IRGC ਨੇ ਵੀ ਅਮਰੀਕਾ ਨੂੰ ਇਸ ਕਾਰਵਾਈ ਦੇ ਗੰਭੀਰ ਨਤੀਜੇ ਭੁਗਤਣ ਦੀ ਧਮਕੀ ਦਿੱਤੀ ਹੈ। ਖਾੜੀ ਖੇਤਰ ਵਿੱਚ 50,000 ਤੋਂ ਵੱਧ ਅਮਰੀਕੀ ਸੈਨਿਕਾਂ ਦੀ ਮੌਜੂਦਗੀ ਕਾਰਨ ਮੱਧ ਪੂਰਬ ਵਿੱਚ ਟਕਰਾਅ ਦੇ ਹੋਰ ਵਧਣ ਅਤੇ ਵੱਡੀ ਜੰਗ ਦਾ ਖ਼ਤਰਾ ਵਧ ਗਿਆ ਹੈ।






