Tuesday, July 14, 2026
Home Haryana News ਅੰਬਾਲਾ ਅਦਾਲਤ ਨੂੰ ਬੰਬ ਨਾਲ ਉਡਾਉਣ ਦੀ ਧਮਕੀ, ਈ-ਮੇਲ ਮਿਲਣ ਨਾਲ ਮਚੀ...

ਅੰਬਾਲਾ ਅਦਾਲਤ ਨੂੰ ਬੰਬ ਨਾਲ ਉਡਾਉਣ ਦੀ ਧਮਕੀ, ਈ-ਮੇਲ ਮਿਲਣ ਨਾਲ ਮਚੀ ਹੜਕੰਪ

0
43

ਅੰਬਾਲਾ: ਅੰਬਾਲਾ ਦੀ ਅਦਾਲਤ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਮਿਲਣ ਤੋਂ ਬਾਅਦ ਇਲਾਕੇ ਵਿੱਚ ਹਲਚਲ ਮਚ ਗਈ ਹੈ। ਇਹ ਧਮਕੀ ਈ-ਮੇਲ ਰਾਹੀਂ ਦਿੱਤੀ ਗਈ ਹੈ, ਜਿਸ ਦੀ ਸੂਚਨਾ ਮਿਲਦਿਆਂ ਹੀ ਪੁਲਿਸ ਅਤੇ ਸੁਰੱਖਿਆ ਏਜੰਸੀਆਂ ਤੁਰੰਤ ਹਰਕਤ ਵਿੱਚ ਆ ਗਈਆਂ। ਮੌਕੇ ‘ਤੇ ਬੰਬ ਸਕੁਐਡ ਨੂੰ ਤਾਇਨਾਤ ਕਰ ਦਿੱਤਾ ਗਿਆ ਹੈ ਅਤੇ ਅਦਾਲਤੀ ਪਰਿਸਰ ਵਿੱਚ ਸੁਰੱਖਿਆ ਪ੍ਰਬੰਧ ਸਖ਼ਤ ਕਰ ਦਿੱਤੇ ਗਏ ਹਨ।

ਪੁਲਿਸ ਵੱਲੋਂ ਅਦਾਲਤ ਵਿੱਚ ਦਾਖਲੇ ਲਈ ਸਖ਼ਤ ਨਿਯਮ ਲਾਗੂ ਕਰ ਦਿੱਤੇ ਗਏ ਹਨ। ਬਿਨਾਂ ਆਈ.ਡੀ ਕਾਰਡ ਦੇ ਅਦਾਲਤ ਵਿੱਚ ਦਾਖਲ ਹੋਣ ‘ਤੇ ਪਾਬੰਦੀ ਲਗਾਈ ਗਈ ਹੈ। ਸੁਰੱਖਿਆ ਜਾਂਚ ਲਈ ਮੈਟਲ ਡਿਟੈਕਟਰਾਂ ਦੀ ਵਰਤੋਂ ਕੀਤੀ ਜਾ ਰਹੀ ਹੈ ਅਤੇ ਅਦਾਲਤ ਦੇ ਹਰ ਕੋਨੇ ਦੀ ਗਹਿਰੀ ਤਲਾਸ਼ੀ ਲੀਤੀ ਜਾ ਰਹੀ ਹੈ।

ਜ਼ਿਕਰਯੋਗ ਹੈ ਕਿ ਕੁਝ ਦਿਨ ਪਹਿਲਾਂ ਵੀ ਅੰਬਾਲਾ ਵਿੱਚ ਲਗਭਗ ਇੱਕ ਦਰਜਨ ਸਰਕਾਰੀ ਅਤੇ ਪ੍ਰਾਈਵੇਟ ਸਕੂਲਾਂ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਵਾਲੇ ਈ-ਮੇਲ ਮਿਲੇ ਸਨ। ਸ਼ੁਰੂਆਤੀ ਤੌਰ ‘ਤੇ ਤਿੰਨ ਸਕੂਲਾਂ ਨੂੰ ਧਮਕੀ ਮਿਲਣ ਦੀ ਜਾਣਕਾਰੀ ਸਾਹਮਣੇ ਆਈ ਸੀ, ਪਰ ਕੁਝ ਹੀ ਮਿੰਟਾਂ ਵਿੱਚ ਇਹ ਗਿਣਤੀ ਵੱਧ ਗਈ। ਇਸ ਤੋਂ ਬਾਅਦ ਪੁਲਿਸ ਨੇ ਤੁਰੰਤ ਮੋਰਚਾ ਸੰਭਾਲ ਲਿਆ ਅਤੇ ਸਕੂਲਾਂ ਦੀ ਤਲਾਸ਼ੀ ਸ਼ੁਰੂ ਕਰ ਦਿੱਤੀ।

ਬੰਬ ਸਕੁਐਡ ਵੱਲੋਂ ਅੰਬਾਲਾ ਤੋਂ ਲੈ ਕੇ ਕਰਨਾਲ ਤੱਕ ਸਕੂਲਾਂ ਦੀ ਤਲਾਸ਼ੀ ਲਈ ਗਈ। ਸੁਰੱਖਿਆ ਕਾਰਨਾਂ ਕਰਕੇ ਕਈ ਸਕੂਲ ਬੰਦ ਰੱਖੇ ਗਏ, ਜਿਸ ਕਾਰਨ ਮਾਪਿਆਂ ਵਿੱਚ ਕਾਫ਼ੀ ਚਿੰਤਾ ਅਤੇ ਅਫ਼ਰਾਤਫ਼ਰੀ ਦਾ ਮਾਹੌਲ ਬਣ ਗਿਆ। ਧਮਕੀ ਭਰੇ ਈ-ਮੇਲਾਂ ਵਿੱਚ ਨਾ ਸਿਰਫ਼ ਸਕੂਲਾਂ ਨੂੰ ਬੰਬ ਨਾਲ ਉਡਾਉਣ ਦੀ ਗੱਲ ਕੀਤੀ ਗਈ ਸੀ, ਸਗੋਂ ਮੁੱਖ ਮੰਤਰੀ ਦੇ ਗਣਤੰਤਰ ਦਿਵਸ ਸਮਾਰੋਹ, ਬੱਚਿਆਂ ਦੀ ਸ਼ਮੂਲੀਅਤ ਰੋਕਣ ਅਤੇ ਰੇਲਗੱਡੀ ਨੂੰ ਨਿਸ਼ਾਨਾ ਬਣਾਉਣ ਵਰਗੀਆਂ ਧਮਕੀਆਂ ਦਾ ਵੀ ਜ਼ਿਕਰ ਸੀ।

ਫਿਲਹਾਲ ਪੁਲਿਸ ਵੱਲੋਂ ਅਦਾਲਤ ਨੂੰ ਮਿਲੀ ਤਾਜ਼ਾ ਧਮਕੀ ਦੀ ਗੰਭੀਰਤਾ ਨਾਲ ਜਾਂਚ ਕੀਤੀ ਜਾ ਰਹੀ ਹੈ। ਈ-ਮੇਲ ਭੇਜਣ ਵਾਲੇ ਦੀ ਪਛਾਣ ਅਤੇ ਮਕਸਦ ਦਾ ਪਤਾ ਲਗਾਉਣ ਲਈ ਸਾਇਬਰ ਟੀਮ ਦੀ ਮਦਦ ਵੀ ਲਈ ਜਾ ਰਹੀ ਹੈ। ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਸੁਰੱਖਿਆ ਨਾਲ ਕੋਈ ਸਮਝੌਤਾ ਨਹੀਂ ਕੀਤਾ ਜਾਵੇਗਾ ਅਤੇ ਦੋਸ਼ੀਆਂ ਨੂੰ ਜਲਦ ਕਾਬੂ ਕਰ ਲਿਆ ਜਾਵੇਗਾ।

LEAVE A REPLY

Please enter your comment!
Please enter your name here