ਚੰਡੀਗੜ੍ਹ: ਸ਼ਹਿਰ ਦੇ ਚਾਰ ਸਕੂਲਾਂ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਭਰੀ ਈ-ਮੇਲ ਮਿਲਣ ਤੋਂ ਬਾਅਦ ਪੁਲਿਸ ਅਤੇ ਸੁਰੱਖਿਆ ਏਜੰਸੀਆਂ ਵਿੱਚ ਹੜਕੰਪ ਮਚ ਗਿਆ। ਸੂਚਨਾ ਮਿਲਦੇ ਹੀ ਪੁਲਿਸ ਟੀਮਾਂ, ਬੰਬ ਡਿਸਪੋਜ਼ਲ ਸਕੁਆਡ ਅਤੇ ਡੌਗ ਸਕੁਆਡ ਨੂੰ ਸਕੂਲਾਂ ਵਿੱਚ ਭੇਜਿਆ ਗਿਆ। ਸੁਰੱਖਿਆ ਟੀਮਾਂ ਨੇ ਸਕੂਲਾਂ ਦੇ ਅੰਦਰ ਅਤੇ ਆਸ-ਪਾਸ ਦੇ ਇਲਾਕਿਆਂ ਦੀ ਬਾਰੀਕੀ ਨਾਲ ਜਾਂਚ ਕੀਤੀ।
ਪੁਲਿਸ ਵੱਲੋਂ ਕੀਤੀ ਗਈ ਤਲਾਸ਼ੀ ਦੌਰਾਨ ਕਿਸੇ ਵੀ ਸਕੂਲ ਵਿੱਚੋਂ ਬੰਬ ਜਾਂ ਕੋਈ ਹੋਰ ਸ਼ੱਕੀ ਵਸਤੂ ਨਹੀਂ ਮਿਲੀ। ਇਸ ਤੋਂ ਬਾਅਦ ਪੁਲਿਸ ਨੇ ਰਾਹਤ ਦੀ ਸਾਹ ਲਈ, ਹਾਲਾਂਕਿ ਧਮਕੀ ਨੂੰ ਗੰਭੀਰਤਾ ਨਾਲ ਲੈਂਦਿਆਂ ਜਾਂਚ ਜਾਰੀ ਰੱਖੀ ਜਾ ਰਹੀ ਹੈ।
ਪੁਲਿਸ ਮੁਤਾਬਕ ਧਮਕੀ ਭਰੀ ਈ-ਮੇਲ ਕਰਮਲ ਕਾਨਵੈਂਟ ਸਕੂਲ, ਸੈਕਟਰ-9; ਸੇਂਟ ਜੌਨਜ਼ ਹਾਈ ਸਕੂਲ, ਸੈਕਟਰ-26; ਸੇਕ੍ਰਡ ਹਾਰਟ ਸੀਨੀਅਰ ਸੈਕੰਡਰੀ ਸਕੂਲ, ਸੈਕਟਰ-26 ਅਤੇ ਸੇਂਟ ਸਟੀਫਨਜ਼ ਸਕੂਲ, ਸੈਕਟਰ-45B ਨਾਲ ਸਬੰਧਤ ਸੀ।
ਹੁਣ ਪੁਲਿਸ ਈ-ਮੇਲ ਭੇਜਣ ਵਾਲੇ ਵਿਅਕਤੀ ਦੀ ਪਛਾਣ ਕਰਨ ਵਿੱਚ ਜੁਟੀ ਹੋਈ ਹੈ। ਈ-ਮੇਲ ਕਿੱਥੋਂ ਭੇਜੀ ਗਈ ਅਤੇ ਇਸ ਦੇ ਪਿੱਛੇ ਕੌਣ ਹੈ, ਇਹ ਪਤਾ ਲਗਾਉਣ ਲਈ ਤਕਨੀਕੀ ਜਾਂਚ ਕੀਤੀ ਜਾ ਰਹੀ ਹੈ।
ਜ਼ਿਕਰਯੋਗ ਹੈ ਕਿ ਚੰਡੀਗੜ੍ਹ ਵਿੱਚ ਇਸ ਤਰ੍ਹਾਂ ਦੀਆਂ ਧਮਕੀਆਂ ਪਹਿਲਾਂ ਵੀ ਮਿਲ ਚੁੱਕੀਆਂ ਹਨ। ਜਨਵਰੀ 2026 ਵਿੱਚ ਵੀ ਕਈ ਸਕੂਲਾਂ ਨੂੰ ਬੰਬ ਧਮਕੀ ਵਾਲੀਆਂ ਈ-ਮੇਲਾਂ ਮਿਲਣ ਤੋਂ ਬਾਅਦ ਵੱਡੇ ਪੱਧਰ ’ਤੇ ਸੁਰੱਖਿਆ ਜਾਂਚ ਕੀਤੀ ਗਈ ਸੀ।






