Friday, July 17, 2026
Home National ਉਨਾਓ ਐਕਸਪ੍ਰੈਸਵੇਅ ’ਤੇ ਭਿਆਨਕ ਬੱਸ ਹਾਦਸਾ, 7 ਮੌਤਾਂ ਤੇ 25 ਤੋਂ ਵੱਧ...

ਉਨਾਓ ਐਕਸਪ੍ਰੈਸਵੇਅ ’ਤੇ ਭਿਆਨਕ ਬੱਸ ਹਾਦਸਾ, 7 ਮੌਤਾਂ ਤੇ 25 ਤੋਂ ਵੱਧ ਜ਼ਖ਼ਮੀ

0
17

ਉਨਾਓ/ਲਖਨਊ: ਉੱਤਰ ਪ੍ਰਦੇਸ਼ ਦੇ ਉਨਾਓ ਜ਼ਿਲ੍ਹੇ ਵਿੱਚ ਆਗਰਾ-ਲਖਨਊ ਐਕਸਪ੍ਰੈਸਵੇਅ ’ਤੇ ਇੱਕ ਦਿਲ ਦਹਿਲਾ ਦੇਣ ਵਾਲਾ ਸੜਕ ਹਾਦਸਾ ਵਾਪਰਿਆ ਹੈ। ਤੇਜ਼ ਰਫ਼ਤਾਰ ਡਬਲ ਡੈਕਰ ਸਲੀਪਰ ਬੱਸ ਦੇ ਡਿਵਾਈਡਰ ਨਾਲ ਟਕਰਾ ਕੇ ਪਲਟ ਜਾਣ ਕਾਰਨ ਬਿਹਾਰ ਪੁਲਿਸ ਦੇ ਇੱਕ ਇੰਸਪੈਕਟਰ ਅਤੇ ਇੱਕ ਕੈਦੀ ਸਮੇਤ 7 ਲੋਕਾਂ ਦੀ ਮੌਤ ਹੋ ਗਈ, ਜਦਕਿ 25 ਤੋਂ ਵੱਧ ਯਾਤਰੀ ਗੰਭੀਰ ਰੂਪ ਵਿੱਚ ਜ਼ਖ਼ਮੀ ਹੋਏ ਹਨ। ਇਹ ਹਾਦਸਾ ਔਰਸ ਥਾਣਾ ਖੇਤਰ ਦੇ ਨੀਭਾਖੇੜਾ ਪਿੰਡ ਨੇੜੇ ਤੜਕੇ ਕਰੀਬ 5 ਵਜੇ ਵਾਪਰਿਆ।

ਜਾਣਕਾਰੀ ਅਨੁਸਾਰ ਇਹ ਪ੍ਰਾਈਵੇਟ ਸਲੀਪਰ ਬੱਸ ਦਿੱਲੀ ਤੋਂ ਗੋਰਖਪੁਰ ਜਾ ਰਹੀ ਸੀ ਅਤੇ ਇਸ ਵਿੱਚ 51 ਯਾਤਰੀ ਸਵਾਰ ਸਨ। ਦੱਸਿਆ ਜਾ ਰਿਹਾ ਹੈ ਕਿ ਬੱਸ ਕਰੀਬ 120 ਕਿਲੋਮੀਟਰ ਪ੍ਰਤੀ ਘੰਟਾ ਦੀ ਰਫ਼ਤਾਰ ਨਾਲ ਚੱਲ ਰਹੀ ਸੀ ਜਦੋਂ ਡਰਾਈਵਰ ਨੂੰ ਨੀਂਦ ਦੀ ਝਪਕੀ ਆ ਗਈ। ਬੱਸ ਦਾ ਟਾਇਰ ਡਿਵਾਈਡਰ ਨਾਲ ਟਕਰਾਉਣ ਤੋਂ ਬਾਅਦ ਵਾਹਨ ਬੇਕਾਬੂ ਹੋ ਗਿਆ ਅਤੇ ਕਰੀਬ 100 ਮੀਟਰ ਤੱਕ ਘਸੀਟਦਾ ਹੋਇਆ ਅੰਡਰਪਾਸ ਦੀ ਸੁਰੱਖਿਆ ਦੀਵਾਰ ਨਾਲ ਜਾ ਟਕਰਾਇਆ।

ਹਾਦਸਾ ਇੰਨਾ ਭਿਆਨਕ ਸੀ ਕਿ ਖਿੜਕੀਆਂ ਦੇ ਸ਼ੀਸ਼ੇ ਟੁੱਟਣ ਨਾਲ ਕਈ ਯਾਤਰੀ ਬੱਸ ਵਿੱਚੋਂ ਬਾਹਰ ਸੁੱਟੇ ਗਏ ਅਤੇ ਕਰੀਬ 40 ਫੁੱਟ ਹੇਠਾਂ ਜਾ ਡਿੱਗੇ। ਮੌਕੇ ’ਤੇ ਚੀਕ-ਚਿਹਾੜਾ ਮਚ ਗਿਆ ਅਤੇ ਕਈ ਲੋਕ ਗੰਭੀਰ ਜ਼ਖ਼ਮੀ ਹੋ ਗਏ।

ਜ਼ਖ਼ਮੀ ਯਾਤਰੀਆਂ ਬ੍ਰਿਜੇਸ਼ ਕੁਮਾਰ ਅਤੇ ਵਿਨੇ ਯਾਦਵ ਨੇ ਦੱਸਿਆ ਕਿ ਹਾਦਸੇ ਤੋਂ ਕੁਝ ਸਮਾਂ ਪਹਿਲਾਂ ਬੱਸ ਇੱਕ ਹੋਰ ਹਾਦਸੇ ਤੋਂ ਵਾਲ-ਵਾਲ ਬਚੀ ਸੀ। ਉਨ੍ਹਾਂ ਮੁਤਾਬਕ ਪਹਿਲਾ ਡਰਾਈਵਰ ਵੀ ਨੀਂਦ ਕਾਰਨ ਵਾਹਨ ’ਤੇ ਕਾਬੂ ਗੁਆ ਬੈਠਿਆ ਸੀ, ਜਿਸ ਤੋਂ ਬਾਅਦ ਸਵਾਰੀਆਂ ਦੇ ਵਿਰੋਧ ਕਰਨ ’ਤੇ ਦੂਜੇ ਡਰਾਈਵਰ ਨੇ ਸਟੀਅਰਿੰਗ ਸੰਭਾਲਿਆ। ਪਰ ਕੁਝ ਮਿੰਟਾਂ ਬਾਅਦ ਉਸ ਨੂੰ ਵੀ ਨੀਂਦ ਆ ਗਈ ਅਤੇ ਇਹ ਵੱਡਾ ਹਾਦਸਾ ਵਾਪਰ ਗਿਆ। ਹਾਦਸੇ ਤੋਂ ਬਾਅਦ ਡਰਾਈਵਰ ਮੌਕੇ ਤੋਂ ਫ਼ਰਾਰ ਹੋ ਗਿਆ।

ਚਸ਼ਮਦੀਦਾਂ ਅਤੇ ਜ਼ਖ਼ਮੀਆਂ ਨੇ ਰਾਹਤ ਕਾਰਜਾਂ ਵਿੱਚ ਦੇਰੀ ਅਤੇ ਹਸਪਤਾਲ ਪ੍ਰਬੰਧਨ ’ਤੇ ਲਾਪਰਵਾਹੀ ਦੇ ਦੋਸ਼ ਵੀ ਲਗਾਏ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਹਾਦਸੇ ਤੋਂ ਕਰੀਬ ਅੱਧੇ ਘੰਟੇ ਬਾਅਦ ਪੁਲਿਸ ਅਤੇ ਬਚਾਅ ਟੀਮ ਮੌਕੇ ’ਤੇ ਪਹੁੰਚੀ। ਜ਼ਖ਼ਮੀਆਂ ਨੂੰ ਸਥਾਨਕ ਸੀਐਚਸੀ ਵਿੱਚ ਲਿਆਂਦਾ ਗਿਆ, ਪਰ ਉੱਥੇ ਲੋੜੀਂਦਾ ਮੈਡੀਕਲ ਸਟਾਫ਼ ਮੌਜੂਦ ਨਹੀਂ ਸੀ ਅਤੇ ਕਈ ਲੋਕ ਦਰਦ ਨਾਲ ਤੜਫਦੇ ਰਹੇ।

ਹਸਪਤਾਲ ਵਿੱਚ ਡਾਕਟਰਾਂ ਨੇ 6 ਲੋਕਾਂ ਨੂੰ ਮ੍ਰਿਤਕ ਐਲਾਨ ਦਿੱਤਾ, ਜਦਕਿ ਇੱਕ ਹੋਰ ਮਹਿਲਾ ਯਾਤਰੀ ਦੀ ਲਖਨਊ ਟਰਾਮਾ ਸੈਂਟਰ ਵਿੱਚ ਇਲਾਜ ਦੌਰਾਨ ਮੌਤ ਹੋ ਗਈ। ਇਸ ਤਰ੍ਹਾਂ ਮ੍ਰਿਤਕਾਂ ਦੀ ਗਿਣਤੀ 7 ਤੱਕ ਪਹੁੰਚ ਗਈ ਹੈ।

ਹਾਦਸੇ ਦੀ ਸੂਚਨਾ ਮਿਲਣ ਤੋਂ ਬਾਅਦ ਉਨਾਓ ਦੇ ਡੀਐਮ ਘਨਸ਼ਿਆਮ ਮੀਨਾ, ਐਸਪੀ ਜੈਪ੍ਰਕਾਸ਼ ਸਿੰਘ ਅਤੇ ਹੋਰ ਸੀਨੀਅਰ ਅਧਿਕਾਰੀ ਮੌਕੇ ’ਤੇ ਪਹੁੰਚੇ। ਪੁਲਿਸ ਨੇ ਕਰੇਨਾਂ ਦੀ ਮਦਦ ਨਾਲ ਬੱਸ ਨੂੰ ਹਟਾ ਕੇ ਐਕਸਪ੍ਰੈਸਵੇਅ ’ਤੇ ਆਵਾਜਾਈ ਬਹਾਲ ਕਰਵਾਈ। ਪੁਲਿਸ ਮੁਤਾਬਕ ਫ਼ਰਾਰ ਡਰਾਈਵਰ ਦੀ ਭਾਲ ਲਈ ਛਾਪੇਮਾਰੀ ਜਾਰੀ ਹੈ।

LEAVE A REPLY

Please enter your comment!
Please enter your name here