Tuesday, August 11, 2026
Home National ਤਾਮਿਲਨਾਡੂ ਸਰਕਾਰ ਨਵਜੰਮੇ ਬੱਚਿਆਂ ਨੂੰ ਦੇਵੇਗੀ 1 ਗ੍ਰਾਮ ਸੋਨੇ ਦੀ ਮੁੰਦਰੀ

ਤਾਮਿਲਨਾਡੂ ਸਰਕਾਰ ਨਵਜੰਮੇ ਬੱਚਿਆਂ ਨੂੰ ਦੇਵੇਗੀ 1 ਗ੍ਰਾਮ ਸੋਨੇ ਦੀ ਮੁੰਦਰੀ

0
19
Customers purchase gold jewelry and coins at a jewelry store on the occasion of Akshaya Tritiya, considered one of the most auspicious days in the Hindu calendar, in Kolkata, India, on April 19, 2026. The festival is traditionally associated with wealth, prosperity, and new beginnings, prompting people across the country to invest in gold as a symbol of good fortune. (Photo by Sudipta Das/NurPhoto via Getty Images)

ਚੇਨਈ: ਤਾਮਿਲਨਾਡੂ ਸਰਕਾਰ ਨੇ ਨਵਜੰਮੇ ਬੱਚਿਆਂ ਲਈ ਇਕ ਵੱਡੀ ਲੋਕ-ਭਲਾਈ ਯੋਜਨਾ ਦਾ ਐਲਾਨ ਕੀਤਾ ਹੈ। ‘ਥਿਮਾਮਨ ਥੰਗਾ ਮੋਥੀਰਾਮ ਥਿੱਤਮ’ ਨਾਮ ਦੀ ਇਸ ਸਕੀਮ ਤਹਿਤ ਰਾਜ ਦੇ ਸਰਕਾਰੀ ਹਸਪਤਾਲਾਂ ਵਿੱਚ ਜਨਮ ਲੈਣ ਵਾਲੇ ਹਰ ਨਵਜੰਮੇ ਬੱਚੇ ਨੂੰ 1 ਗ੍ਰਾਮ ਸੋਨੇ ਦੀ ਮੁੰਦਰੀ ਤੋਹਫ਼ੇ ਵਜੋਂ ਦਿੱਤੀ ਜਾਵੇਗੀ। ਇਸ ਯੋਜਨਾ ਨੂੰ ਲਾਗੂ ਕਰਨ, ਨਿਗਰਾਨੀ ਕਰਨ ਅਤੇ ਪ੍ਰਬੰਧਨ ਲਈ ਤਾਮਿਲਨਾਡੂ ਸਰਕਾਰ ਇੱਕ ਵਿਸ਼ੇਸ਼ ਰਾਜ ਪ੍ਰੋਜੈਕਟ/ਪ੍ਰੋਗਰਾਮ ਪ੍ਰਬੰਧਨ ਯੂਨਿਟ ਵੀ ਬਣਾਏਗੀ। ਮੁੱਖ ਮੰਤਰੀ ਸੀ. ਜੋਸੇਫ ਵਿਜੇ 15 ਸਤੰਬਰ ਨੂੰ ਇਸ ਸਕੀਮ ਦਾ ਅਧਿਕਾਰਕ ਉਦਘਾਟਨ ਕਰਨਗੇ।

ਸਰਕਾਰ ਦੇ ਮੁਤਾਬਕ, ਇਸ ਯੋਜਨਾ ਦਾ ਮਕਸਦ ਨਵੇਂ ਜਨਮੇ ਬੱਚੇ ਦੇ ਪਰਿਵਾਰ ਵਿੱਚ ਆਉਣ ਦੀ ਖੁਸ਼ੀ ਮਨਾਉਣਾ, ਮਾਂ ਦੀ ਮਹਾਨ ਯਾਤਰਾ ਦਾ ਸਨਮਾਨ ਕਰਨਾ ਅਤੇ ਸਰਕਾਰੀ ਹਸਪਤਾਲਾਂ ਵਿੱਚ ਜਣੇਪੇ ਨੂੰ ਹੋਰ ਉਤਸ਼ਾਹਿਤ ਕਰਨਾ ਹੈ। ਸਰਕਾਰੀ ਆਦੇਸ਼ ਵਿੱਚ ਕਿਹਾ ਗਿਆ ਹੈ ਕਿ ਇਸ ਸਕੀਮ ਰਾਹੀਂ ਸਰਕਾਰ ਆਪਣੇ ਹਸਪਤਾਲਾਂ ਵਿੱਚ ਜਨਮ ਲੈਣ ਵਾਲੇ ਹਰ ਬੱਚੇ ਲਈ ‘ਮਾਮੇ’ ਦੀ ਭੂਮਿਕਾ ਨਿਭਾਉਂਦੀ ਹੋਈ ਉਸ ਨੂੰ ਸਵਾਗਤੀ ਤੋਹਫ਼ੇ ਵਜੋਂ ਸੋਨੇ ਦੀ ਮੁੰਦਰੀ ਦੇਵੇਗੀ। ਇਹ ਯੋਜਨਾ ਉਸ ਚੋਣੀ ਵਾਅਦੇ ਨੂੰ ਵੀ ਪੂਰਾ ਕਰਦੀ ਹੈ, ਜਿਸ ਅਧੀਨ ਮੁੱਖ ਮੰਤਰੀ ਨੇ ਸੂਬੇ ਵਿੱਚ ਜਨਮ ਲੈਣ ਵਾਲੇ ਹਰ ਬੱਚੇ ਨੂੰ ਮਾਮੇ ਵਜੋਂ ਸੋਨੇ ਦੀ ਮੁੰਦਰੀ ਦੇਣ ਦਾ ਐਲਾਨ ਕੀਤਾ ਸੀ।

ਇਹ ਯੋਜਨਾ 15 ਸਤੰਬਰ ਨੂੰ ਅਧਿਕਾਰਕ ਤੌਰ ‘ਤੇ ਸ਼ੁਰੂ ਹੋਵੇਗੀ, ਪਰ ਸਰਕਾਰ ਨੇ ਇਸ ਨੂੰ 22 ਜੂਨ ਤੋਂ ਹੀ ਲਾਗੂ ਮੰਨਿਆ ਹੈ। ਇਸ ਲਈ ਹਰ ਸਾਲ ਲਗਭਗ 755.83 ਕਰੋੜ ਰੁਪਏ ਦਾ ਬਜਟ ਰੱਖਿਆ ਗਿਆ ਹੈ। ਸਰਕਾਰ ਦਾ ਕਹਿਣਾ ਹੈ ਕਿ ਤਾਮਿਲਨਾਡੂ ਵਿੱਚ ਸੋਨੇ ਦੀ ਡੂੰਘੀ ਸੱਭਿਆਚਾਰਕ ਅਤੇ ਭਾਵਨਾਤਮਕ ਮਹੱਤਤਾ ਹੈ। ਨਵਜੰਮੇ ਬੱਚੇ ਨੂੰ ਸੋਨੇ ਦਾ ਤੋਹਫ਼ਾ ਦੇਣਾ ਨਾ ਸਿਰਫ਼ ਪਰਿਵਾਰ ਲਈ ਖੁਸ਼ੀ ਦਾ ਮੌਕਾ ਹੁੰਦਾ ਹੈ, ਸਗੋਂ ਇਹ ਬੱਚੇ ਲਈ ਇਕ ਸਥਾਈ ਸੰਪਤੀ ਵਜੋਂ ਵੀ ਕੰਮ ਕਰਦਾ ਹੈ।

ਕੌਣ ਹੋਵੇਗਾ ਯੋਗ?

ਇਹ ਯੋਜਨਾ ਤਾਮਿਲਨਾਡੂ ਦੇ ਵਸਨੀਕਾਂ ਲਈ ਹੈ। ਸਰਕਾਰੀ ਹਸਪਤਾਲਾਂ ਜਾਂ ਸਰਕਾਰੀ ਸਿਹਤ ਸੰਸਥਾਵਾਂ ਵਿੱਚ ਜਨਮ ਲੈਣ ਵਾਲੇ ਸਾਰੇ ਨਵਜੰਮੇ ਬੱਚੇ ਇਸ ਯੋਜਨਾ ਲਈ ਯੋਗ ਹੋਣਗੇ। ਜਨਮ ਦਾ ਕ੍ਰਮ ਇਸ ਵਿੱਚ ਰੁਕਾਵਟ ਨਹੀਂ ਬਣੇਗਾ, ਮਤਲਬ ਪਹਿਲਾ, ਦੂਜਾ ਜਾਂ ਉਸ ਤੋਂ ਅਗਲਾ ਬੱਚਾ—ਸਭ ਨੂੰ ਇੱਕੋ ਜਿਹਾ ਲਾਭ ਮਿਲੇਗਾ। ਇਸ ਦੇ ਨਾਲ ਹੀ ਮੁੰਡੇ ਅਤੇ ਕੁੜੀ ਵਿਚਕਾਰ ਕਿਸੇ ਵੀ ਤਰ੍ਹਾਂ ਦਾ ਭੇਦਭਾਵ ਨਹੀਂ ਕੀਤਾ ਜਾਵੇਗਾ।

ਕਿਹੜੇ ਦਸਤਾਵੇਜ਼ ਲੋੜੀਂਦੇ ਹੋਣਗੇ?

ਲਾਭਪਾਤਰੀਆਂ ਨੂੰ ਤਾਮਿਲਨਾਡੂ ਦਾ ਰਿਹਾਇਸ਼ੀ ਸਬੂਤ ਜਮ੍ਹਾਂ ਕਰਵਾਉਣਾ ਹੋਵੇਗਾ। ਇਸ ਲਈ ਰਾਸ਼ਨ ਕਾਰਡ, ਵੋਟਰ ਆਈਡੀ ਕਾਰਡ, ਆਧਾਰ ਕਾਰਡ, ਲੇਬਰ ਵੈਲਫੇਅਰ ਬੋਰਡ ਵੱਲੋਂ ਜਾਰੀ ਪਛਾਣ ਪੱਤਰ, ਡਾਕ ਵਿਭਾਗ ਵੱਲੋਂ ਜਾਰੀ ਪਤੇ ਦਾ ਸਰਟੀਫਿਕੇਟ ਜਾਂ ਨਿਵਾਸ ਸਰਟੀਫਿਕੇਟ ਵਰਗੇ ਦਸਤਾਵੇਜ਼ ਮੰਨਯੋਗ ਹੋਣਗੇ।

ਸਰਕਾਰੀ ਹਸਪਤਾਲਾਂ ਨੂੰ ਮਿਲੇਗਾ ਉਤਸ਼ਾਹ

ਸਰਕਾਰ ਦਾ ਮੰਨਣਾ ਹੈ ਕਿ ਇਸ ਯੋਜਨਾ ਨਾਲ ਸਰਕਾਰੀ ਹਸਪਤਾਲਾਂ ਵਿੱਚ ਜਣੇਪੇ ਲਈ ਹੋਰ ਉਤਸ਼ਾਹ ਵਧੇਗਾ। ਤਾਮਿਲਨਾਡੂ ਵਿੱਚ ਹਰ ਸਾਲ ਲਗਭਗ 7.8 ਲੱਖ ਜਣੇਪੇ ਦਰਜ ਕੀਤੇ ਜਾਂਦੇ ਹਨ, ਜਿਨ੍ਹਾਂ ਵਿੱਚੋਂ 99.9 ਫੀਸਦੀ ਸੰਸਥਾਗਤ ਜਣੇਪੇ ਹਨ। ਇਨ੍ਹਾਂ ਵਿੱਚੋਂ ਕਰੀਬ 4.2 ਲੱਖ ਜਣੇਪੇ ਸਰਕਾਰੀ ਸਿਹਤ ਸਹੂਲਤਾਂ ਵਿੱਚ ਹੁੰਦੇ ਹਨ। ਸਰਕਾਰ ਨੇ ਇਹ ਵੀ ਦਰਸਾਇਆ ਹੈ ਕਿ ਸਰਕਾਰੀ ਹਸਪਤਾਲਾਂ ਵਿੱਚ ਜਣੇਪੇ ਦੀ ਔਸਤ ਲਾਗਤ ਕਾਫ਼ੀ ਘੱਟ ਹੈ, ਜਦਕਿ ਨਿੱਜੀ ਹਸਪਤਾਲਾਂ ਵਿੱਚ ਇਹ ਖਰਚ ਕਾਫ਼ੀ ਵੱਧ ਹੁੰਦਾ ਹੈ।

ਸੋਨੇ ਦੀਆਂ ਮੁੰਦਰੀਆਂ ਕਿਵੇਂ ਮਿਲਣਗੀਆਂ?

ਸੋਨੇ ਦੀਆਂ ਮੁੰਦਰੀਆਂ ਦੀ ਖਰੀਦ ਤਾਮਿਲਨਾਡੂ ਮੈਡੀਕਲ ਸਰਵਿਸਿਜ਼ ਕਾਰਪੋਰੇਸ਼ਨ ਰਾਹੀਂ ਕੀਤੀ ਜਾਵੇਗੀ। ਇਹ ਸੰਸਥਾ ਪਬਲਿਕ ਹੈਲਥ ਐਂਡ ਪ੍ਰੀਵੈਂਟਿਵ ਮੈਡੀਸਨ ਦੇ ਡਾਇਰੈਕਟਰ ਵੱਲੋਂ ਦਿੱਤੀ ਗਈ ਸਾਲਾਨਾ ਮੰਗ ਦੇ ਆਧਾਰ ‘ਤੇ ਰਿੰਗਾਂ ਦੀ ਸਪਲਾਈ ਯਕੀਨੀ ਬਣਾਏਗੀ।

ਇਸ ਨਵੀਂ ਯੋਜਨਾ ਨੂੰ ਤਾਮਿਲਨਾਡੂ ਸਰਕਾਰ ਦੀ ਮਾਂ ਅਤੇ ਬੱਚੇ ਦੀ ਸਿਹਤ ਪ੍ਰਤੀ ਵਚਨਬੱਧਤਾ ਨਾਲ ਜੋੜ ਕੇ ਦੇਖਿਆ ਜਾ ਰਿਹਾ ਹੈ। ਸਰਕਾਰ ਦਾ ਕਹਿਣਾ ਹੈ ਕਿ ਇਸ ਪਹਿਲ ਨਾਲ ਸੁਰੱਖਿਅਤ, ਕਿਫ਼ਾਇਤੀ ਅਤੇ ਮਰਿਆਦਾਪੂਰਣ ਜਣੇਪਾ ਸੇਵਾਵਾਂ ਨੂੰ ਹੋਰ ਮਜ਼ਬੂਤੀ ਮਿਲੇਗੀ ਅਤੇ ਜਨਤਕ ਸਿਹਤ ਪ੍ਰਣਾਲੀ ਪ੍ਰਤੀ ਲੋਕਾਂ ਦਾ ਭਰੋਸਾ ਵੀ ਵਧੇਗਾ।

LEAVE A REPLY

Please enter your comment!
Please enter your name here