ਮਿਸ਼ਨ ਕਲੀਨ ਪਟਿਆਲਾ ਤਹਿਤ ਦੋ ਦਿਨਾਂ ਮੁਹਿੰਮ ਦੌਰਾਨ ਛੇ ਸੰਸਥਾਵਾਂ ਨੇ ਪੰਜ ਸੜਕਾਂ ਤੋਂ ਲਗਭਗ 1700 ਕਿੱਲੋ ਕੂੜਾ ਇਕੱਠਾ ਕੀਤਾ
ਪਟਿਆਲਾ: ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਨੇ ਨਗਰ ਨਿਗਮ, ਪਟਿਆਲਾ ਦੇ ਸਹਿਯੋਗ ਨਾਲ ਆਪਣੀ ਵਡਮੁੱਲੀ ਮੁਹਿੰਮ ‘ਮਿਸ਼ਨ ਕਲੀਨ ਪਟਿਆਲਾ’ ਤਹਿਤ ਨਾਭਾ ਰੋਡ, ਇਨਕਮ ਟੈਕਸ ਰੋਡ, ਜੇਲ੍ਹ-ਭਾਦਸੋਂ ਰੋਡ, ਘੁੰਮਣ ਰੋਡ ਅਤੇ ਪ੍ਰਤਾਪ ਨਗਰ ਰੋਡ ‘ਤੇ ਸਫ਼ਾਈ ਮੁਹਿੰਮ ਚਲਾਈ।ਇਸ ਦੌਰਾਨ ਇਨ੍ਹਾਂ ਪੰਜ ਸੜਕਾਂ ਤੋਂ ਛੇ ਸੰਸਥਾਵਾਂ ਵੱਲੋਂ ਲਗਭਗ 1700 ਕਿਲੋਗ੍ਰਾਮ ਕੂੜਾ ਇਕੱਠਾ ਕੀਤਾ ਗਿਆ।
ਇਸ ਮੁਹਿੰਮ ਵਿੱਚ ਬਲਾਸਮ ਸੀਨੀਅਰ ਸੈਕੰਡਰੀ ਸਕੂਲ, ਸੇਂਟ ਪੀਟਰਜ਼ ਸਕੂਲ, ਸਿਵਲ ਲਾਈਨ ਸਕੂਲ ਅਤੇ ਮਾਤਾ ਸਾਹਿਬ ਕੌਰ ਖ਼ਾਲਸਾ ਗਰਲਜ਼ ਕਾਲਜ ਦੇ ਵਿਦਿਆਰਥੀਆਂ ਨੇ ਉਤਸ਼ਾਹ ਨਾਲ ਭਾਗ ਲਿਆ। ਇਸ ਤੋਂ ਇਲਾਵਾ ਪੰਜਾਬ ਜੇਲ੍ਹ ਟ੍ਰੇਨਿੰਗ ਸਕੂਲ ਪਟਿਆਲਾ, ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਅਤੇ ਜਲ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ ਦੀਆਂ ਟੀਮਾਂ ਵੀ ਇਸ ਮੁਹਿੰਮ ਨਾਲ ਜੁੜੀਆਂ। ਪਟਿਆਲਾ ਨੂੰ ਸਾਫ਼-ਸੁਥਰਾ ਰੱਖਣ ਲਈ ਸਮਰਪਿਤ ਸਵੈ-ਸੇਵੀ ਨਾਗਰਿਕ ਸੰਸਥਾ “ਮੇਰਾ ਪਟਿਆਲਾ ਮੈਂ ਹੀ ਸਵਾਰਾਂ” ਦੇ ਮੈਂਬਰਾਂ ਨੇ ਵੀ ਭਾਦਸੋਂ ਰੋਡ ਅਤੇ ਨਾਭਾ ਰੋਡ ‘ਤੇ ਸਫ਼ਾਈ ਮੁਹਿੰਮ ਵਿੱਚ ਹਿੱਸਾ ਲਿਆ।
‘ਮਿਸ਼ਨ ਕਲੀਨ ਪਟਿਆਲਾ’ ਮੁਹਿੰਮ ਦੀ ਸ਼ੁਰੂਆਤ ਕਰਦੇ ਹੋਏ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਦੀ ਚੇਅਰਪਰਸਨ ਸ੍ਰੀਮਤੀ ਰੀਨਾ ਗੁਪਤਾ ਨੇ ਕਿਹਾ, ਅਪ੍ਰੈਲ 2026 ਵਿੱਚ ਸ਼ੁਰੂ ਕੀਤਾ ਗਿਆ ਮਿਸ਼ਨ ਕਲੀਨ ਪਟਿਆਲਾ ਹੁਣ ਇੱਕ ਸ਼ਹਿਰ-ਪੱਧਰੀ ਜਨ ਅੰਦੋਲਨ ਦਾ ਰੂਪ ਧਾਰ ਚੁੱਕਾ ਹੈ। ਮੁਹਿੰਮ ਦੇ ਪਹਿਲੇ ਪੜਾਅ ਵਿੱਚ ਲਗਭਗ 30 ਸੰਸਥਾਵਾਂ ਨੇ ਭਾਗ ਲੈਂਦਿਆਂ 30 ਤੋਂ ਵੱਧ ਜਨਤਕ ਸਥਾਨਾਂ ਨੂੰ ਸਫ਼ਾਈ ਅਤੇ ਵਾਤਾਵਰਣ ਸੰਭਾਲ ਲਈ ਗੋਦ ਲਿਆ। ਇਨ੍ਹਾਂ ਵਿੱਚ 18 ਸਕੂਲ, 10 ਕਾਲਜ ਅਤੇ ਪਟਿਆਲਾ ਸ਼ਹਿਰ ਦੀਆਂ ਚਾਰ ਸਰਕਾਰੀ ਸੰਸਥਾਵਾਂ ਸ਼ਾਮਲ ਹਨ। ਜੁਲਾਈ 2026 ਵਿੱਚ ਸ਼ੁਰੂ ਹੋਏ ਦੂਜੇ ਪੜਾਅ ਦੌਰਾਨ ਹੋਰ ਪੰਜ ਸੰਸਥਾਵਾਂ ਇਸ ਅਭਿਆਨ ਨਾਲ ਜੁੜੀਆਂ, ਜਿਸ ਨਾਲ ਭਾਗ ਲੈਣ ਵਾਲੀਆਂ ਸੰਸਥਾਵਾਂ ਦੀ ਕੁੱਲ ਗਿਣਤੀ 37 ਹੋ ਗਈ ਹੈ।
ਚੇਅਰਪਰਸਨ ਰੀਨਾ ਗੁਪਤਾ ਨੇ ਅੱਗੇ ਦੱਸਿਆ ਕਿ “ਸਭ ਤੋਂ ਸਾਫ਼ ਸ਼ਹਿਰ ਉਹੀ ਹੁੰਦੇ ਹਨ ਜਿੱਥੇ ਹਰ ਨਾਗਰਿਕ ਆਪਣੇ ਘਰ, ਦਫ਼ਤਰ ਜਾਂ ਸੰਸਥਾ ਦੇ ਬਾਹਰ ਦੀ ਸੜਕ ਨੂੰ ਆਪਣੀ ਜ਼ਿੰਮੇਵਾਰੀ ਸਮਝਦਾ ਹੈ। ਅਸੀਂ ਪਟਿਆਲਾ ਦੀਆਂ ਪ੍ਰਮੁੱਖ ਸੰਸਥਾਵਾਂ, ਕਾਨੂੰਨ ਲਾਗੂ ਕਰਨ ਵਾਲੀਆਂ ਏਜੰਸੀਆਂ ਅਤੇ ਸਮੁਦਾਇਕ ਸਮੂਹਾਂ ਨੂੰ ਇਸ ਮੁਹਿੰਮ ਨਾਲ ਜੋੜਿਆ ਹੈ। ਜੇਕਰ ਹਰ ਸੰਸਥਾ ਇੱਕ ਜਨਤਕ ਸਥਾਨ ਨੂੰ ਗੋਦ ਲੈ ਕੇ ਹਰ ਮਹੀਨੇ ਕੁਝ ਘੰਟੇ ਇਸ ਦੀ ਸਫ਼ਾਈ ਲਈ ਸਮਰਪਿਤ ਕਰੇ, ਤਾਂ ਅਸੀਂ ਇੱਕ ਹੋਰ ਸਾਫ਼-ਸੁਥਰਾ, ਸਿਹਤਮੰਦ ਅਤੇ ਰਹਿਣ-ਯੋਗ ਪੰਜਾਬ ਤਿਆਰ ਕਰ ਸਕਦੇ ਹਾਂ।” ਚੇਅਰਪਰਸਨ ਨੇ ਸਾਰੀਆਂ ਸਮਾਜਿਕ ਸੰਸਥਾਵਾਂ ਅਤੇ ਗੈਰ-ਸਰਕਾਰੀ ਸੰਗਠਨਾਂ (ਐਨਜੀਓਜ਼) ਨੂੰ ਵੀ ਇਸ ਮੁਹਿੰਮ ਨਾਲ ਜੁੜਨ ਦੀ ਅਪੀਲ ਕੀਤੀ।
ਜਿਕਰਯੋਗ ਹੈ ਕਿ ਮਿਸ਼ਨ ਕਲੀਨ ਪਟਿਆਲਾ ਦੀ ਸ਼ੁਰੂਆਤ ਤੋਂ ਬਾਅਦ ਹੁਣ ਤੱਕ 700 ਤੋਂ ਵੱਧ ਭਾਗੀਦਾਰਾਂ ਨੇ ਆਪਣੇ-ਆਪਣੇ ਸੰਸਥਾਨਾਂ ਦੇ ਨੇੜੇ ਲਗਭਗ 29 ਸਫ਼ਾਈ ਅਤੇ ਜਾਗਰੂਕਤਾ ਮੁਹਿੰਮਾਂ ਵਿੱਚ ਹਿੱਸਾ ਲਿਆ ਹੈ। ਇਸ ਵਿੱਚ 20 ਸਿੱਖਿਆ ਸੰਸਥਾਵਾਂ-ਥਾਪਰ ਇੰਸਟੀਚਿਊਟ ਆਫ ਇੰਜੀਨੀਅਰਿੰਗ ਐਂਡ ਟੈਕਨਾਲੋਜੀ, ਸਰਕਾਰੀ ਸੀਨੀਅਰ ਸੈਕੰਡਰੀ ਸਿਵਲ ਲਾਈਨਜ਼ ਸਕੂਲ, ਸਰਕਾਰੀ ਆਈਟੀਆਈ ਕਾਲਜ, ਮੁਲਤਾਨੀ ਮਾਲ ਮੋਦੀ ਕਾਲਜ, ਡੀਏਵੀ ਪਬਲਿਕ ਸਕੂਲ, ਮਾਤਾ ਸਾਹਿਬ ਕੌਰ ਖਾਲਸਾ ਗਰਲਜ਼ ਕਾਲਜ, ਬੁੱਢਾ ਦਲ ਪਬਲਿਕ ਸਕੂਲ, ਸਰਕਾਰੀ ਮਲਟੀਪਰਪਜ਼ ਸੀਨੀਅਰ ਸੈਕੰਡਰੀ ਸਕੂਲ, ਕੈਂਟਲ ਸੀਨੀਅਰ ਸਕੂਲ, ਸਰਕਾਰੀ ਸਟੇਟ ਕਾਲਜ ਆਫ ਐਜੂਕੇਸ਼ਨ, ਦਿ ਬ੍ਰਿਟਿਸ਼ ਕੋ-ਐਡ ਸਕੂਲ, ਯਾਦਵੇਂਦਰਾ ਪਬਲਿਕ ਸਕੂਲ, ਬਲਾਸਮਜ਼ ਸੀਨੀਅਰ ਸੈਕੰਡਰੀ ਸਕੂਲ, ਆਵਰ ਲੇਡੀ ਆਫ ਫਾਤਿਮਾ ਕਾਨਵੈਂਟ ਸਕੂਲ, ਗੁਰੂ ਨਾਨਕ ਫਾਊਂਡੇਸ਼ਨ ਪਬਲਿਕ ਸਕੂਲ, ਔਰੋਬਿੰਦੋ ਪਬਲਿਕ ਸਕੂਲ, ਪੰਜਾਬੀ ਯੂਨੀਵਰਸਿਟੀ, ਮਾਡਰਨ ਸੀਨੀਅਰ ਸੈਕੰਡਰੀ ਸਕੂਲ, ਸਰਕਾਰੀ ਪੌਲੀਟੈਕਨਿਕ ਕਾਲਜ, ਪੰਜਾਬ ਜੇਲ੍ਹ ਟ੍ਰੇਨਿੰਗ ਸਕੂਲ ਅਤੇ ਸ਼ਿਵਾਲਿਕ ਪਬਲਿਕ ਸਕੂਲ, ਸ਼ਾਮਲ ਹਨ। ਇਹ ਸੰਸਥਾਵਾਂ ਨਾ ਸਿਰਫ਼ ਸੜਕਾਂ ਦੀ ਸਫ਼ਾਈ ਕਰ ਰਹੀਆਂ ਹਨ, ਸਗੋਂ ਆਲੇ-ਦੁਆਲੇ ਦੇ ਵਾਤਾਵਰਣ ਨੂੰ ਸੁੰਦਰ ਬਣਾਉਣ ਲਈ ਨਵੇਂ ਅਤੇ ਨਵੀਨਤਾਕਾਰੀ ਵਿਚਾਰਾਂ ‘ਤੇ ਵੀ ਕੰਮ ਕਰ ਰਹੀਆਂ ਹਨ। ਇਸ ਮੁਹਿੰਮ ਨਾਲ ਜੁੜੀਆਂ ਪ੍ਰਮੁੱਖ ਸੰਸਥਾਵਾਂ ਵਿੱਚ ਇੰਡੋ-ਤਿੱਬਤ ਬਾਰਡਰ ਪੁਲਿਸ, ਸਟੇਸ਼ਨ ਹੈੱਡਕੁਆਰਟਰ ਪਟਿਆਲਾ, ਬਾਗਬਾਨੀ ਵਿਭਾਗ, ਪੰਜਾਬ ਰੋਡ ਟਰਾਂਸਪੋਰਟ ਕਾਰਪੋਰੇਸ਼ਨ, ਜਲ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ, ਲੋਕ ਨਿਰਮਾਣ ਵਿਭਾਗ, ਸਿੰਚਾਈ ਅਤੇ ਡਰੇਨੇਜ ਵਿਭਾਗ ਆਦਿ ਵੀ ਸ਼ਾਮਲ ਹੋਏ ਹਨ।






