Friday, July 17, 2026
Home Punjab ਮੋਗਾ ਵਿੱਚ ਖਾਦਾਂ ਦੀ ਕਾਲਾਬਾਜ਼ਾਰੀ ਅਤੇ ਓਵਰ ਰੇਟਿੰਗ ‘ਤੇ ਸਖ਼ਤ ਪਾਬੰਦੀ, ਡਿਪਟੀ...

ਮੋਗਾ ਵਿੱਚ ਖਾਦਾਂ ਦੀ ਕਾਲਾਬਾਜ਼ਾਰੀ ਅਤੇ ਓਵਰ ਰੇਟਿੰਗ ‘ਤੇ ਸਖ਼ਤ ਪਾਬੰਦੀ, ਡਿਪਟੀ ਕਮਿਸ਼ਨਰ ਵੱਲੋਂ ਆਦੇਸ਼ ਜਾਰੀ

0
20

ਮੋਗਾ : ਡਿਪਟੀ ਕਮਿਸ਼ਨਰ-ਕਮ-ਜ਼ਿਲ੍ਹਾ ਮੈਜਿਸਟ੍ਰੇਟ ਸਾਗਰ ਸੇਤੀਆ ਵੱਲੋਂ ਭਾਰਤੀਯ ਨਾਗਰਿਕ ਸੁਰੱਖਿਆ ਸੰਹਿਤਾ 2023 ਦੀ ਧਾਰਾ 163 ਅਧੀਨ ਪ੍ਰਾਪਤ ਅਧਿਕਾਰਾਂ ਦੀ ਵਰਤੋਂ ਕਰਦਿਆਂ ਜ਼ਿਲ੍ਹੇ ਵਿੱਚ ਖਾਦਾਂ ਦੀ ਵਿਕਰੀ ਅਤੇ ਭੰਡਾਰਨ ਸਬੰਧੀ ਮਹੱਤਵਪੂਰਨ ਹੁਕਮ ਜਾਰੀ ਕੀਤੇ ਗਏ ਹਨ।

ਜਾਰੀ ਹੁਕਮਾਂ ਅਨੁਸਾਰ ਕੋਈ ਵੀ ਖਾਦ ਵਿਕਰੇਤਾ, ਥੋਕ ਵਿਕਰੇਤਾ ਜਾਂ ਪਰਚੂਨ ਵਿਕਰੇਤਾ ਸਰਕਾਰ ਵੱਲੋਂ ਨਿਰਧਾਰਿਤ ਕੀਮਤਾਂ ਤੋਂ ਵੱਧ ਰੇਟ ‘ਤੇ ਖਾਦਾਂ ਦੀ ਵਿਕਰੀ ਨਹੀਂ ਕਰੇਗਾ। ਇਸ ਦੇ ਨਾਲ ਹੀ ਖਾਦਾਂ ਦੇ ਨਾਲ ਕਿਸੇ ਹੋਰ ਸਮਾਨ ਜਾਂ ਉਤਪਾਦ ਦੀ ਜ਼ਬਰਦਸਤੀ ਖਰੀਦ ਕਰਵਾਉਣ ‘ਤੇ ਵੀ ਪਾਬੰਦੀ ਲਗਾਈ ਗਈ ਹੈ।

ਹੁਕਮਾਂ ਵਿੱਚ ਸਪੱਸ਼ਟ ਕੀਤਾ ਗਿਆ ਹੈ ਕਿ ਖਾਦਾਂ ਦੀ ਜਮ੍ਹਾਂਖੋਰੀ, ਗੈਰ ਕਾਨੂੰਨੀ ਭੰਡਾਰਨ, ਕਾਲਾਬਾਜ਼ਾਰੀ ਅਤੇ ਗੈਰ ਅਧਿਕਾਰਤ ਵਿਅਕਤੀਆਂ ਜਾਂ ਗੈਰ ਮਨਜ਼ੂਰਸ਼ੁਦਾ ਉਦੇਸ਼ਾਂ ਲਈ ਡਾਇਵਰਜ਼ਨ ਕਰਨ ‘ਤੇ ਪੂਰਨ ਪਾਬੰਦੀ ਰਹੇਗੀ।

ਡਿਪਟੀ ਕਮਿਸ਼ਨਰ ਨੇ ਕਿਹਾ ਕਿ ਸਾਰੇ ਖਾਦ ਵਿਕਰੇਤਾ ਆਪਣੇ ਸਟਾਕ ਰਜਿਸਟਰ, ਵਿਕਰੀ ਰਿਕਾਰਡ ਅਤੇ ਬਿੱਲ ਆਦਿ ਨਿਯਮਾਂ ਅਨੁਸਾਰ ਸੰਭਾਲ ਕੇ ਰੱਖਣ ਅਤੇ ਜਾਂਚ ਦੌਰਾਨ ਤੁਰੰਤ ਪੇਸ਼ ਕਰਨਗੇ। ਉਨ੍ਹਾਂ ਦੱਸਿਆ ਕਿ ਪੰਜਾਬ ਖੇਤੀਬਾੜੀ ਵਿਭਾਗ, ਸਿਵਲ ਪ੍ਰਸ਼ਾਸਨ ਅਤੇ ਪੁਲਿਸ ਵਿਭਾਗ ਵੱਲੋਂ ਖਾਦਾਂ ਦੀਆਂ ਦੁਕਾਨਾਂ, ਗੋਦਾਮਾਂ ਅਤੇ ਭੰਡਾਰਨ ਸਥਾਨਾਂ ਦੀ ਨਿਯਮਿਤ ਜਾਂਚ ਕੀਤੀ ਜਾਵੇਗੀ।

ਪ੍ਰਸ਼ਾਸਨ ਨੇ ਚੇਤਾਵਨੀ ਦਿੱਤੀ ਹੈ ਕਿ ਹੁਕਮਾਂ ਦੀ ਉਲੰਘਣਾ ਕਰਨ ਵਾਲਿਆਂ ਖ਼ਿਲਾਫ਼ ਕਾਨੂੰਨ ਅਨੁਸਾਰ ਸਖ਼ਤ ਕਾਰਵਾਈ ਕੀਤੀ ਜਾਵੇਗੀ। ਇਹ ਹੁਕਮ 19 ਜੁਲਾਈ 2026 ਤੱਕ ਲਾਗੂ ਰਹਿਣਗੇ।

ਡਿਪਟੀ ਕਮਿਸ਼ਨਰ ਮੁਤਾਬਕ ਕੁਝ ਖਾਦ ਵਿਕਰੇਤਿਆਂ ਵੱਲੋਂ ਓਵਰ ਪ੍ਰਾਇਸਿੰਗ, ਟੈਗਿੰਗ, ਜਮ੍ਹਾਂਖੋਰੀ ਅਤੇ ਕਾਲਾਬਾਜ਼ਾਰੀ ਵਰਗੀਆਂ ਗਤੀਵਿਧੀਆਂ ਕਾਰਨ ਖਾਦਾਂ ਦੀ ਸਪਲਾਈ ਪ੍ਰਭਾਵਿਤ ਹੋ ਰਹੀ ਸੀ, ਜਿਸ ਨਾਲ ਕਿਸਾਨਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਸਕਦਾ ਸੀ। ਕਿਸਾਨਾਂ ਨੂੰ ਖਾਦਾਂ ਦੀ ਨਿਰਵਿਘਨ ਉਪਲਬਧਤਾ ਯਕੀਨੀ ਬਣਾਉਣ ਅਤੇ ਕਾਨੂੰਨ-ਵਿਵਸਥਾ ਕਾਇਮ ਰੱਖਣ ਲਈ ਇਹ ਕਦਮ ਚੁੱਕਿਆ ਗਿਆ ਹੈ।

LEAVE A REPLY

Please enter your comment!
Please enter your name here