• ਸਪ੍ਰਿੰਟ ਦੌੜ ਤੋਂ ਫੁੱਟਬਾਲ ਦੇ ਜਜ਼ਬੇ ਤੱਕ—ਨੌਜਵਾਨ ਖਿਡਾਰੀਆਂ ਨੇ ਪ੍ਰਤਿਭਾ, ਅਨੁਸ਼ਾਸਨ ਤੇ ਮੁਕਾਬਲੇ ਦੀ ਭਾਵਨਾ ਨਾਲ ਬੰਨ੍ਹਿਆ ਰੰਗ
• ਖੇਡਾਂ ਨਾਲ ਜੁੜਦੀ ਜਵਾਨੀ ਤੰਦਰੁਸਤ ਪੰਜਾਬ ਦੀ ਮਜ਼ਬੂਤ ਨੀਂਹ; ਨਸ਼ਿਆਂ ਤੋਂ ਦੂਰ ਰਹਿਣ ਦਾ ਵੀ ਮਿਲ ਰਿਹਾ ਸਾਰਥਕ ਸੁਨੇਹਾ: ਕੁਲਦੀਪ ਚੁੱਘ
• ਕਿਹਾ, ‘ਖੇਡਾਂ ਵਤਨ ਪੰਜਾਬ ਦੀਆਂ’ ਨੇ ਪਿੰਡਾਂ ਅਤੇ ਸ਼ਹਿਰਾਂ ਵਿੱਚ ਮੌਜੂਦ ਖੇਡ ਪ੍ਰਤਿਭਾ ਨੂੰ ਆਪਣਾ ਹੁਨਰ ਸਾਹਮਣੇ ਲਿਆਉਣ ਦਾ ਮੌਕਾ
ਅਹਿਮਦਗੜ੍ਹ/ਮਾਲੇਰਕੋਟਲਾ: ਪੰਜਾਬ ਸਰਕਾਰ ਵੱਲੋਂ ਸੂਬੇ ਦੀ ਨੌਜਵਾਨੀ ਨੂੰ ਖੇਡ ਮੈਦਾਨਾਂ ਨਾਲ ਜੋੜਨ ਅਤੇ ਖੇਡ ਪ੍ਰਤਿਭਾ ਨੂੰ ਅੱਗੇ ਵਧਣ ਲਈ ਵੱਡਾ ਮੰਚ ਮੁਹੱਈਆ ਕਰਵਾਉਣ ਦੇ ਉਦੇਸ਼ ਨਾਲ ਕਰਵਾਈਆਂ ਜਾ ਰਹੀਆਂ ‘ਖੇਡਾਂ ਵਤਨ ਪੰਜਾਬ ਦੀਆਂ-2026’ ਤਹਿਤ ਅਹਿਮਦਗੜ੍ਹ ਦੇ ਖੇਡ ਮੈਦਾਨਾਂ ਵਿੱਚ ਖਿਡਾਰੀਆਂ ਦਾ ਜੋਸ਼ ਪੂਰੇ ਸਿਖਰ ’ਤੇ ਰਿਹਾ। ਬਲਾਕ ਪੱਧਰੀ ਖੇਡਾਂ ਦੇ ਦੂਜੇ ਦਿਨ ਕਰੀਬ 500 ਖਿਡਾਰੀਆਂ ਨੇ ਵੱਖ-ਵੱਖ ਮੁਕਾਬਲਿਆਂ ਵਿੱਚ ਭਾਗ ਲੈ ਕੇ ਆਪਣੇ ਖੇਡ ਹੁਨਰ ਅਤੇ ਜਿੱਤ ਦੇ ਜਜ਼ਬੇ ਦਾ ਪ੍ਰਦਰਸ਼ਨ ਕੀਤਾ।
ਐਥਲੈਟਿਕਸ ਦੇ ਅੰਡਰ-21 ਲੜਕਿਆਂ ਦੇ ਸ਼ਾਟਪੁੱਟ ਮੁਕਾਬਲੇ ਵਿੱਚ ਗੁਰਸ਼ਰਨ ਸਿੰਘ ਨੇ ਪਹਿਲਾ, ਗੁਰਕਿਰਤ ਸਿੰਘ ਨੇ ਦੂਜਾ ਅਤੇ ਪ੍ਰਭਦੀਪ ਸਿੰਘ ਨੇ ਤੀਜਾ ਸਥਾਨ ਹਾਸਲ ਕੀਤਾ। ਇਸੇ ਉਮਰ ਵਰਗ ਦੀ 100 ਮੀਟਰ ਦੌੜ ਵਿੱਚ ਸ਼ੁਭਮ ਬਾਵਾ ਨੇ ਸਭ ਤੋਂ ਤੇਜ਼ ਦੌੜਦਿਆਂ ਪਹਿਲਾ ਸਥਾਨ ਹਾਸਲ ਕੀਤਾ, ਜਦਕਿ ਸਹਿਕਪ੍ਰੀਤ ਸਿੰਘ ਦੂਜੇ ਅਤੇ ਪਰਮਵੀਰ ਸਿੰਘ ਤੀਜੇ ਸਥਾਨ ’ਤੇ ਰਹੇ।
ਫੁੱਟਬਾਲ ਅੰਡਰ-14 ਮੁਕਾਬਲਿਆਂ ਵਿੱਚ ਨਾਰੋਮਾਜਰਾ ਨੇ ਮਤੇਈ ਨੂੰ ਹਰਾ ਕੇ ਪਹਿਲਾ ਸਥਾਨ ਆਪਣੇ ਨਾਂ ਕੀਤਾ, ਜਦਕਿ ਭੋਗੀਵਾਲ ਨੇ ਦੁਲਮ੍ਹਾ ਨੂੰ ਹਰਾ ਕੇ ਤੀਜਾ ਸਥਾਨ ਪ੍ਰਾਪਤ ਕੀਤਾ। ਵਾਲੀਬਾਲ ਸ਼ੂਟਿੰਗ ਦੇ ਲੜਕਿਆਂ ਦੇ 21 ਤੋਂ 30 ਸਾਲ ਉਮਰ ਵਰਗ ਵਿੱਚ ਜਿੱਤਵਾਲ ਖੁਰਦ ਦੀ ਟੀਮ ਨੇ ਸ਼ਾਨਦਾਰ ਖੇਡ ਦਾ ਪ੍ਰਦਰਸ਼ਨ ਕਰਦਿਆਂ ਜਿੱਤ ਦਰਜ ਕੀਤੀ।
ਜ਼ਿਲ੍ਹਾ ਖੇਡ ਅਫ਼ਸਰ ਕੁਲਦੀਪ ਚੁੱਘ ਨੇ ਕਿਹਾ ਕਿ ‘ਖੇਡਾਂ ਵਤਨ ਪੰਜਾਬ ਦੀਆਂ’ ਨੇ ਪਿੰਡਾਂ ਅਤੇ ਸ਼ਹਿਰਾਂ ਵਿੱਚ ਮੌਜੂਦ ਖੇਡ ਪ੍ਰਤਿਭਾ ਨੂੰ ਆਪਣਾ ਹੁਨਰ ਸਾਹਮਣੇ ਲਿਆਉਣ ਦਾ ਮੌਕਾ ਦਿੱਤਾ ਹੈ। “ਮੈਦਾਨ ਵਿੱਚ ਵਹਾਇਆ ਪਸੀਨਾ ਨੌਜਵਾਨ ਨੂੰ ਸਿਰਫ਼ ਮਜ਼ਬੂਤ ਖਿਡਾਰੀ ਹੀ ਨਹੀਂ ਬਣਾਉਂਦਾ, ਸਗੋਂ ਉਸ ਅੰਦਰ ਅਨੁਸ਼ਾਸਨ, ਹੌਸਲਾ ਅਤੇ ਹਾਰ ਤੋਂ ਬਾਅਦ ਮੁੜ ਖੜ੍ਹੇ ਹੋਣ ਦੀ ਤਾਕਤ ਵੀ ਪੈਦਾ ਕਰਦਾ ਹੈ।”
ਉਨ੍ਹਾਂ ਕਿਹਾ ਕਿ ਖੇਡਾਂ ਨੌਜਵਾਨਾਂ ਦੀ ਊਰਜਾ ਨੂੰ ਉਸਾਰੂ ਦਿਸ਼ਾ ਦੇ ਕੇ ਉਨ੍ਹਾਂ ਨੂੰ ਤੰਦਰੁਸਤ ਜੀਵਨ-ਸ਼ੈਲੀ ਅਪਣਾਉਣ ਅਤੇ ਨਸ਼ਿਆਂ ਤੋਂ ਦੂਰ ਰਹਿਣ ਲਈ ਪ੍ਰੇਰਿਤ ਕਰਦੀਆਂ ਹਨ। ਪੰਜਾਬ ਸਰਕਾਰ ਵੱਲੋਂ ਖੇਡਾਂ ਨੂੰ ਪਿੰਡ ਪੱਧਰ ਤੱਕ ਉਤਸ਼ਾਹਿਤ ਕਰਨ ਨਾਲ ਨਵੀਂ ਪੀੜ੍ਹੀ ਵਿੱਚ ਖੇਡਾਂ ਪ੍ਰਤੀ ਰੁਚੀ ਹੋਰ ਵਧ ਰਹੀ ਹੈ।
ਚੁੱਘ ਨੇ ਦੱਸਿਆ ਕਿ ਖੇਡ ਵਿਭਾਗ ਵੱਲੋਂ ਮੁਕਾਬਲਿਆਂ ਨੂੰ ਸੁਚੱਜੇ ਅਤੇ ਨਿਰਵਿਘਨ ਢੰਗ ਨਾਲ ਕਰਵਾਉਣ ਲਈ ਲੋੜੀਂਦੇ ਪ੍ਰਬੰਧ ਯਕੀਨੀ ਬਣਾਏ ਗਏ ਹਨ, ਤਾਂ ਜੋ ਹਰ ਯੋਗ ਖਿਡਾਰੀ ਨੂੰ ਆਪਣੀ ਸਮਰੱਥਾ ਪਰਖਣ, ਪ੍ਰਤਿਭਾ ਵਿਖਾਉਣ ਅਤੇ ਅਗਲੇ ਪੱਧਰ ਵੱਲ ਵਧਣ ਦਾ ਬਰਾਬਰ ਮੌਕਾ ਮਿਲ ਸਕੇ।






