ਚੰਡੀਗੜ੍ਹ: ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਪੰਜਾਬ ਸਰਕਾਰ ਵੱਲੋਂ ਸੂਬੇ ਦੇ ਬਜ਼ੁਰਗ ਨਾਗਰਿਕਾਂ ਦੀ ਸੁਰੱਖਿਆ, ਸਿਹਤ ਅਤੇ ਸਮਾਜਿਕ ਭਲਾਈ ਨੂੰ ਮਜ਼ਬੂਤ ਬਣਾਉਣ ਲਈ ਵਿਸ਼ੇਸ਼ ਉਪਰਾਲੇ ਕੀਤੇ ਜਾ ਰਹੇ ਹਨ। ਸੂਬਾ ਪੱਧਰੀ ਮੁਹਿੰਮ “ਸਾਡੇ ਬਜ਼ੁਰਗ ਸਾਡਾ ਮਾਣ” ਤਹਿਤ ਲਗਾਏ ਗਏ ਸਿਹਤ ਚੈਕਅੱਪ ਕੈਂਪਾਂ ਵਿੱਚ ਹੁਣ ਤੱਕ 16,000 ਤੋਂ ਵੱਧ ਬਜ਼ੁਰਗ ਨਾਗਰਿਕਾਂ ਦੀ ਰਜਿਸਟ੍ਰੇਸ਼ਨ ਕਰਕੇ ਉਨ੍ਹਾਂ ਨੂੰ ਸਰਕਾਰੀ ਭਲਾਈ ਯੋਜਨਾਵਾਂ ਨਾਲ ਜੋੜਿਆ ਗਿਆ ਹੈ।
ਸਮਾਜਿਕ ਸੁਰੱਖਿਆ, ਇਸਤਰੀ ਅਤੇ ਬਾਲ ਵਿਕਾਸ ਮੰਤਰੀ ਡਾ. ਬਲਜੀਤ ਕੌਰ ਨੇ ਦੱਸਿਆ ਕਿ ਸੀਨੀਅਰ ਸਿਟੀਜ਼ਨ ਐਕਸ਼ਨ ਪਲਾਨ ਅਧੀਨ ਵਿੱਤੀ ਸਾਲ 2025–26 ਲਈ ₹7.86 ਕਰੋੜ ਦਾ ਬਜਟ ਰਾਖਵਾਇਆ ਗਿਆ ਹੈ, ਜਿਸ ਨਾਲ ਸਿਹਤ ਕੈਂਪਾਂ ਅਤੇ ਸੰਬੰਧਿਤ ਗਤੀਵਿਧੀਆਂ ਨੂੰ ਲਾਗੂ ਕੀਤਾ ਜਾ ਰਿਹਾ ਹੈ।
ਕੈਂਪਾਂ ਦੌਰਾਨ ਮਿਲੀਆਂ ਸੇਵਾਵਾਂ:
-
4543 ਬਜ਼ੁਰਗਾਂ ਦਾ ਜਨਰਲ ਹੈਲਥ ਚੈਕਅੱਪ
-
2071 ਦਾ ਆਰਥੋਪੈਡਿਕ ਮੁਆਇਨਾ
-
3705 ਦੀਆਂ ਅੱਖਾਂ ਦੀ ਜਾਂਚ
-
1129 ਨੇ ਯੋਗਾ ਸੈਸ਼ਨਾਂ ਵਿੱਚ ਭਾਗ ਲਿਆ
-
1489 ਨੇ ਹੋਮਿਓਪੈਥਿਕ ਇਲਾਜ ਲਿਆ
-
2054 ਨੇ ਆਯੁਰਵੇਦਿਕ ਸੇਵਾਵਾਂ ਅਤੇ ਸਹਾਇਕ ਉਪਕਰਣ ਪ੍ਰਾਪਤ ਕੀਤੇ
ਅਲੀਮਕੋ ਸਕੀਮ ਤਹਿਤ 243 ਬਜ਼ੁਰਗ ਰਜਿਸਟਰਡ ਹੋਏ, ਜਿਨ੍ਹਾਂ ਵਿੱਚੋਂ 89 ਨੂੰ ਵੀਲ੍ਹਚੇਅਰ, ਐਨਕਾਂ ਅਤੇ ਸੁਣਨ ਯੰਤਰ ਦਿੱਤੇ ਗਏ। ਇਸ ਤੋਂ ਇਲਾਵਾ 355 ਬਜ਼ੁਰਗਾਂ ਦੇ ਬੁਢਾਪਾ ਪੈਨਸ਼ਨ ਫਾਰਮ ਤਿਆਰ ਕੀਤੇ ਗਏ ਅਤੇ 393 ਨੂੰ ਸੀਨੀਅਰ ਸਿਟੀਜ਼ਨ ਕਾਰਡ ਜਾਰੀ ਕੀਤੇ ਗਏ।
ਜ਼ਿਲ੍ਹਾ ਪੱਧਰ ‘ਤੇ ਵਿਸਥਾਰ
ਇਹ ਕੈਂਪ ਅੰਮ੍ਰਿਤਸਰ, ਲੁਧਿਆਣਾ, ਜਲੰਧਰ, ਪਟਿਆਲਾ ਸਮੇਤ ਕਈ ਜ਼ਿਲ੍ਹਿਆਂ ਵਿੱਚ ਲਗਾਏ ਜਾ ਚੁੱਕੇ ਹਨ, ਜਦਕਿ ਫਰੀਦਕੋਟ ਅਤੇ ਸੰਗਰੂਰ ਵਿੱਚ ਜਲਦ ਆਯੋਜਿਤ ਕੀਤੇ ਜਾਣਗੇ।
ਕਾਨੂੰਨੀ ਅਤੇ ਸਮਾਜਿਕ ਜਾਗਰੂਕਤਾ
2187 ਬਜ਼ੁਰਗ ਨਾਗਰਿਕਾਂ ਨੂੰ ਮੈਂਟੀਨੈਂਸ ਵੇਲਫੇਅਰ ਆਫ ਪੇਰੈਂਟਸ ਐ਼ਡ ਸੀਨੀਅਰ ਸਿਟੀਜਨ ਐਕਟ, 2007 ਬਾਰੇ ਜਾਣਕਾਰੀ ਦਿੱਤੀ ਗਈ। ਇਸ ਤੋਂ ਇਲਾਵਾ ਪ੍ਰੋਡਕਟਿਵ ਅਤੇ ਇੰਟਰ-ਜਨਰੇਸ਼ਨਲ ਗਤੀਵਿਧੀਆਂ ਤਹਿਤ 379 ਨੇ ਐਕਟਿਵ ਏਜਿੰਗ ਕੈਂਪਾਂ ਅਤੇ 140 ਨੇ ਗਿੱਧਾ, ਭੰਗੜਾ, ਕਵਿਤਾ ਅਤੇ ਨਾਟਕ ਵਰਗੀਆਂ ਗਤੀਵਿਧੀਆਂ ਵਿੱਚ ਭਾਗ ਲਿਆ। 1841 ਬਜ਼ੁਰਗਾਂ ਨੇ ਯੋਗਾ ਕੈਂਪਾਂ ਰਾਹੀਂ ਸਰੀਰਕ ਤੇ ਮਾਨਸਿਕ ਤੰਦਰੁਸਤੀ ਵੱਲ ਕਦਮ ਵਧਾਇਆ।
ਡਾ. ਬਲਜੀਤ ਕੌਰ ਨੇ ਕਿਹਾ ਕਿ ਬਜ਼ੁਰਗ ਸਾਡੇ ਸਮਾਜ ਦਾ ਕੀਮਤੀ ਸਰਮਾਇਆ ਹਨ ਅਤੇ ਉਨ੍ਹਾਂ ਦੀ ਸੰਭਾਲ ਕਰਨਾ ਸਰਕਾਰ ਦੀ ਨੈਤਿਕ ਜ਼ਿੰਮੇਵਾਰੀ ਹੈ। ਉਨ੍ਹਾਂ ਨੇ ਪਰਿਵਾਰਾਂ ਅਤੇ ਸਮਾਜ ਨੂੰ ਅਪੀਲ ਕੀਤੀ ਕਿ ਉਹ ਬਜ਼ੁਰਗਾਂ ਨੂੰ ਇਨ੍ਹਾਂ ਸਿਹਤ ਕੈਂਪਾਂ ਤੱਕ ਲਿਆਉਣ ਵਿੱਚ ਸਰਗਰਮ ਭੂਮਿਕਾ ਨਿਭਾਉਣ।






