
ਕੈਨਬਰਾ: ਆਸਟ੍ਰੇਲੀਆ ਸਰਕਾਰ ਸੋਸ਼ਲ ਮੀਡੀਆ ਯੂਜ਼ਰਾਂ ਨੂੰ ਆਪਣੀ ਆਨਲਾਈਨ ਫੀਡ ’ਤੇ ਵੱਧ ਕੰਟਰੋਲ ਦੇਣ ਲਈ ਨਵੇਂ ਕਾਨੂੰਨ ਲਿਆਉਣ ਦੀ ਤਿਆਰੀ ਕਰ ਰਹੀ ਹੈ। ਪ੍ਰਸਤਾਵਿਤ ਨਿਯਮਾਂ ਤਹਿਤ ਸੋਸ਼ਲ ਮੀਡੀਆ ’ਤੇ ਕੀ ਕੰਟੈਂਟ ਦਿਖਾਈ ਦੇਵੇਗਾ, ਇਸ ਦਾ ਫੈਸਲਾ ਸਿਰਫ਼ ਪਲੇਟਫਾਰਮ ਦੇ ਅਲਗੋਰਿਦਮ ਵੱਲੋਂ ਨਹੀਂ ਕੀਤਾ ਜਾਵੇਗਾ। ਯੂਜ਼ਰਾਂ ਨੂੰ ਇਹ ਚੁਣਨ ਦਾ ਅਧਿਕਾਰ ਮਿਲੇਗਾ ਕਿ ਉਹ ਅਲਗੋਰਿਦਮ ਵੱਲੋਂ ਚੁਣਿਆ ਗਿਆ ਕੰਟੈਂਟ ਦੇਖਣਾ ਚਾਹੁੰਦੇ ਹਨ ਜਾਂ ਸਿਰਫ਼ ਉਨ੍ਹਾਂ ਅਕਾਊਂਟਾਂ ਦੀਆਂ ਪੋਸਟਾਂ, ਜਿਨ੍ਹਾਂ ਨੂੰ ਉਹ ਖੁਦ ਫਾਲੋ ਕਰਦੇ ਹਨ।
ਪ੍ਰਧਾਨ ਮੰਤਰੀ ਐਂਥਨੀ ਅਲਬਨੀਜ਼ ਨੇ ਸੰਸਦ ਭਵਨ ਵਿੱਚ ਪ੍ਰਸਤਾਵਿਤ ਕਾਨੂੰਨ ਦਾ ਐਲਾਨ ਕੀਤਾ। ਸਰਕਾਰ ਮੁਤਾਬਕ ਇਸ ਦਾ ਮੁੱਖ ਮਕਸਦ ਲੋਕਾਂ ਨੂੰ ਆਪਣੀ ਸੋਸ਼ਲ ਮੀਡੀਆ ਫੀਡ ’ਤੇ ਵੱਧ ਕੰਟਰੋਲ ਦੇਣਾ ਹੈ।
ਯੂਜ਼ਰ ਖੁਦ ਕਰ ਸਕਣਗੇ ਅਲਗੋਰਿਦਮ ਬੰਦ ਜਾਂ ਚਾਲੂ
ਪ੍ਰਸਤਾਵਿਤ ਡਿਜ਼ੀਟਲ ਡਿਊਟੀ ਆਫ ਕੇਅਰ ਕਾਨੂੰਨ ਤਹਿਤ 16 ਸਾਲ ਤੋਂ ਵੱਧ ਉਮਰ ਦੇ ਯੂਜ਼ਰ ਅਲਗੋਰਿਦਮ ਆਧਾਰਿਤ ਫੀਡ ਨੂੰ ਆਸਾਨੀ ਨਾਲ ਬੰਦ ਜਾਂ ਚਾਲੂ ਕਰ ਸਕਣਗੇ।
ਜੇਕਰ ਕੋਈ ਯੂਜ਼ਰ ਅਲਗੋਰਿਦਮ ਤੋਂ ਬਾਹਰ ਨਿਕਲਣ ਦਾ ਵਿਕਲਪ ਚੁਣਦਾ ਹੈ ਤਾਂ ਉਸ ਨੂੰ ਮੁੱਖ ਤੌਰ ’ਤੇ ਉਨ੍ਹਾਂ ਅਕਾਊਂਟਾਂ ਦਾ ਕੰਟੈਂਟ ਦਿਖਾਇਆ ਜਾਵੇਗਾ, ਜਿਨ੍ਹਾਂ ਨੂੰ ਉਹ ਖੁਦ ਫਾਲੋ ਕਰਦਾ ਹੈ। ਸਰਕਾਰ ਦਾ ਮੰਨਣਾ ਹੈ ਕਿ ਇਸ ਨਾਲ ਯੂਜ਼ਰ ਦੀ ਪਸੰਦ ਅਤੇ ਵਿਵਹਾਰ ਦੇ ਆਧਾਰ ’ਤੇ ਕੰਟੈਂਟ ਨੂੰ ਲਗਾਤਾਰ ਅੱਗੇ ਵਧਾਉਣ ਵਾਲੀ ਵਿਵਸਥਾ ’ਤੇ ਯੂਜ਼ਰਾਂ ਦਾ ਕੰਟਰੋਲ ਵਧੇਗਾ।
18 ਸਾਲ ਤੋਂ ਘੱਟ ਉਮਰ ਦੇ ਯੂਜ਼ਰਾਂ ਦੀ ਸੁਰੱਖਿਆ ’ਤੇ ਜ਼ੋਰ
ਨਵੇਂ ਪ੍ਰਸਤਾਵ ਵਿੱਚ 18 ਸਾਲ ਤੋਂ ਘੱਟ ਉਮਰ ਦੇ ਯੂਜ਼ਰਾਂ ਦੀ ਸੁਰੱਖਿਆ ਲਈ ਵੀ ਸੋਸ਼ਲ ਮੀਡੀਆ ਪਲੇਟਫਾਰਮਾਂ ’ਤੇ ਵੱਧ ਜ਼ਿੰਮੇਵਾਰੀ ਪਾਉਣ ਦੀ ਗੱਲ ਕੀਤੀ ਗਈ ਹੈ।
ਸਰਕਾਰ ਮੁਤਾਬਕ ਕੰਪਨੀਆਂ ਨੂੰ ਬੱਚਿਆਂ ਨੂੰ ਅਜਿਹੇ ਕੰਟੈਂਟ ਤੋਂ ਬਚਾਉਣ ਲਈ ਕਦਮ ਚੁੱਕਣੇ ਹੋਣਗੇ, ਜੋ ਈਟਿੰਗ ਡਿਸਆਰਡਰ, ਔਰਤਾਂ ਖ਼ਿਲਾਫ਼ ਨਫ਼ਰਤ ਜਾਂ ਅਪਰਾਧ ਨੂੰ ਉਤਸ਼ਾਹਿਤ ਕਰਨ ਅਤੇ ਉਸ ਦਾ ਮਹਿਮਾਮੰਡਨ ਕਰਨ ਨਾਲ ਸਬੰਧਤ ਹੋਵੇ।
ਉਲੰਘਣਾ ’ਤੇ 10 ਕਰੋੜ ਆਸਟ੍ਰੇਲੀਆਈ ਡਾਲਰ ਤੱਕ ਜੁਰਮਾਨਾ
ਆਸਟ੍ਰੇਲੀਆ ਦੀ ਸੰਚਾਰ ਮੰਤਰੀ ਅਨਿਕਾ ਵੇਲਜ਼ ਨੇ ਕਿਹਾ ਕਿ ਟੈਕ ਕੰਪਨੀਆਂ ਨੂੰ ਆਪਣੇ ਪਲੇਟਫਾਰਮਾਂ ਤੋਂ ਹੋਣ ਵਾਲੇ ਨੁਕਸਾਨ ਦੀ ਜ਼ਿੰਮੇਵਾਰੀ ਲੈਣੀ ਹੋਵੇਗੀ। ਉਨ੍ਹਾਂ ਵੱਡੀਆਂ ਟੈਕ ਕੰਪਨੀਆਂ ’ਤੇ ਲੰਬੇ ਸਮੇਂ ਤੱਕ ਢੁੱਕਵੇਂ ਨਿਯਮਾਂ ਤੋਂ ਬਿਨਾਂ ਸੋਸ਼ਲ ਮੀਡੀਆ ਪਲੇਟਫਾਰਮ ਚਲਾਉਣ ਦਾ ਦੋਸ਼ ਲਗਾਇਆ।
ਪ੍ਰਸਤਾਵਿਤ ਨਿਯਮਾਂ ਦੀ ਉਲੰਘਣਾ ਕਰਨ ਵਾਲੀਆਂ ਸੋਸ਼ਲ ਮੀਡੀਆ ਕੰਪਨੀਆਂ ’ਤੇ 10 ਕਰੋੜ ਆਸਟ੍ਰੇਲੀਆਈ ਡਾਲਰ ਤੱਕ ਦਾ ਜੁਰਮਾਨਾ ਲਗਾਇਆ ਜਾ ਸਕਦਾ ਹੈ। ਇਹ ਰਕਮ ਕਰੀਬ 7.2 ਕਰੋੜ ਅਮਰੀਕੀ ਡਾਲਰ ਦੇ ਬਰਾਬਰ ਦੱਸੀ ਗਈ ਹੈ।
ਪ੍ਰਧਾਨ ਮੰਤਰੀ ਅਲਬਨੀਜ਼ ਨੇ ਕਿਹਾ ਕਿ ਸਰਕਾਰ ਦਾ ਮਕਸਦ ਇੰਟਰਨੈੱਟ ’ਤੇ ਲੋਕਾਂ ਦੀ ਪਸੰਦ ਖੋਹਣਾ ਨਹੀਂ, ਸਗੋਂ ਉਨ੍ਹਾਂ ਨੂੰ ਆਪਣੀ ਪਸੰਦ ਤੈਅ ਕਰਨ ਦੀ ਤਾਕਤ ਦੇਣਾ ਹੈ।
16 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਲਈ ਪਹਿਲਾਂ ਹੀ ਲਾਗੂ ਹੈ ਪਾਬੰਦੀ
ਆਸਟ੍ਰੇਲੀਆ ਪਹਿਲਾਂ ਹੀ ਬੱਚਿਆਂ ਦੀ ਸੋਸ਼ਲ ਮੀਡੀਆ ਵਰਤੋਂ ਨੂੰ ਲੈ ਕੇ ਦੁਨੀਆ ਦੇ ਸਖ਼ਤ ਕਦਮਾਂ ਵਿੱਚੋਂ ਇੱਕ ਚੁੱਕ ਚੁੱਕਾ ਹੈ। ਅਲਬਨੀਜ਼ ਸਰਕਾਰ ਨੇ 2024 ਵਿੱਚ 16 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਲਈ ਸੋਸ਼ਲ ਮੀਡੀਆ ’ਤੇ ਪਾਬੰਦੀ ਵਾਲਾ ਕਾਨੂੰਨ ਪਾਸ ਕੀਤਾ ਸੀ, ਜੋ ਦਸੰਬਰ 2025 ਤੋਂ ਲਾਗੂ ਹੋਇਆ।
ਹੁਣ ਸਰਕਾਰ ਇਸ ਨੀਤੀ ਨੂੰ ਅੱਗੇ ਵਧਾਉਂਦੇ ਹੋਏ ਸੋਸ਼ਲ ਮੀਡੀਆ ਦੇ ਅਲਗੋਰਿਦਮ ਅਤੇ ਯੂਜ਼ਰ ਸੁਰੱਖਿਆ ਦੇ ਮਾਮਲੇ ਵਿੱਚ ਵੀ ਕੰਪਨੀਆਂ ਦੀ ਜਵਾਬਦੇਹੀ ਵਧਾਉਣ ਦੀ ਤਿਆਰੀ ਕਰ ਰਹੀ ਹੈ। ਜੂਨ ਵਿੱਚ ਸਰਕਾਰ ਨੇ ਇਹ ਵੀ ਕਿਹਾ ਸੀ ਕਿ 16 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਨਾਲ ਸਬੰਧਤ ਘੱਟੋ-ਘੱਟ ਉਮਰ ਨਿਯਮਾਂ ਦੀ ਉਲੰਘਣਾ ਕਰਨ ’ਤੇ ਵੱਧ ਤੋਂ ਵੱਧ ਜੁਰਮਾਨੇ ਨੂੰ ਵਧਾ ਕੇ 9.9 ਕਰੋੜ ਆਸਟ੍ਰੇਲੀਆਈ ਡਾਲਰ ਕੀਤਾ ਜਾਵੇਗਾ।





