ਜਲੰਧਰ: ਸ਼ਹਿਰ ਦੇ ਜ਼ਿਲ੍ਹਾ ਪ੍ਰਸ਼ਾਸਨ ਨੇ ਸ਼ੋਰ ਪ੍ਰਦੂਸ਼ਣ ‘ਤੇ ਨਕੇਲ ਕੱਸਣ ਲਈ ਅਹਿਮ ਕਦਮ ਚੁੱਕਿਆ ਹੈ। ਹੁਣ ਸਕੂਲਾਂ ਅਤੇ ਹਸਪਤਾਲਾਂ ਦੇ ਆਲੇ-ਦੁਆਲੇ ਸਾਈਲੈਂਸ ਜ਼ੋਨ ਨਿਯਮ ਸਖ਼ਤੀ ਨਾਲ ਲਾਗੂ ਕੀਤੇ ਜਾਣਗੇ।
ਇਹ ਫੈਸਲਾ ਜਲੰਧਰ ਜ਼ਿਲ੍ਹਾ ਐਡਮਿਨਿਸਟਰੈਸ਼ਨ ਵੱਲੋਂ ਲਿਆ ਗਿਆ ਹੈ, ਜਿਸ ਅਧੀਨ ਲਾਊਡਸਪੀਕਰ, ਉੱਚੀ ਆਵਾਜ਼ ਵਾਲੇ ਡੀ.ਜੇ ਸਿਸਟਮ ਜਾਂ ਹੋਰ ਸ਼ੋਰ ਵਾਲੇ ਉਪਕਰਣ ਨਿਰਧਾਰਤ ਸੀਮਾ ਤੋਂ ਵੱਧ ਵਰਤਣ ‘ਤੇ ਰੋਕ ਹੋਵੇਗੀ।
ਡਿਪਟੀ ਕਮਿਸ਼ਨਰ ਨੇ ਸਪੱਸ਼ਟ ਕੀਤਾ ਹੈ ਕਿ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਵਿਰੁੱਧ ਤੁਰੰਤ ਕਾਰਵਾਈ ਕੀਤੀ ਜਾਵੇਗੀ। ਜਰੂਰਤ ਪੈਣ ‘ਤੇ ਡੀ.ਜੇ ਸਿਸਟਮ ਜਾਂ ਹੋਰ ਸਾਊਂਡ ਉਪਕਰਣ ਜ਼ਬਤ ਵੀ ਕੀਤੇ ਜਾ ਸਕਦੇ ਹਨ।
ਉਨ੍ਹਾਂ ਕਿਹਾ,“ਸਾਡਾ ਟੀਚਾ ਸਿਰਫ਼ ਨਿਯਮ ਲਾਗੂ ਕਰਨਾ ਨਹੀਂ, ਸਗੋਂ ਵਿਦਿਆਰਥੀਆਂ ਅਤੇ ਮਰੀਜ਼ਾਂ ਲਈ ਸ਼ਾਂਤੀਪੂਰਨ ਮਾਹੌਲ ਯਕੀਨੀ ਬਣਾਉਣਾ ਹੈ।”
ਇਸ ਸਮੇਂ ਸਕੂਲਾਂ ਵਿੱਚ ਪ੍ਰੀਖਿਆਵਾਂ ਚੱਲ ਰਹੀਆਂ ਹਨ। ਬੱਚਿਆਂ ਨੂੰ ਪੜ੍ਹਾਈ ‘ਤੇ ਧਿਆਨ ਕੇਂਦਰਿਤ ਕਰਨ ਲਈ ਸ਼ਾਂਤ ਵਾਤਾਵਰਣ ਦੀ ਲੋੜ ਹੁੰਦੀ ਹੈ। ਉੱਚੀ ਆਵਾਜ਼ ਉਨ੍ਹਾਂ ਦੀ ਤਿਆਰੀ ‘ਤੇ ਨਕਾਰਾਤਮਕ ਪ੍ਰਭਾਵ ਪਾ ਸਕਦੀ ਹੈ।
ਹਸਪਤਾਲਾਂ ਵਿੱਚ ਦਾਖਲ ਮਰੀਜ਼ਾਂ ਲਈ ਵੀ ਸ਼ਾਂਤੀ ਬਹੁਤ ਜ਼ਰੂਰੀ ਹੈ। ਜ਼ਿਆਦਾ ਸ਼ੋਰ ਉਨ੍ਹਾਂ ਦੀ ਮਾਨਸਿਕ ਅਤੇ ਸਰੀਰਕ ਸਿਹਤ ‘ਤੇ ਅਸਰ ਪਾ ਸਕਦਾ ਹੈ। ਇਸ ਲਈ ਪ੍ਰਸ਼ਾਸਨ ਵੱਲੋਂ ਇਹ ਕਦਮ ਲੋਕ-ਹਿੱਤ ਵਿੱਚ ਚੁੱਕਿਆ ਗਿਆ ਹੈ।
ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਗਏ ਹਨ ਕਿ ਸ਼ਿਕਾਇਤ ਮਿਲਣ ‘ਤੇ ਤੁਰੰਤ ਮੌਕੇ ‘ਤੇ ਪਹੁੰਚ ਕੇ ਕਾਰਵਾਈ ਕੀਤੀ ਜਾਵੇ। ਡੀ.ਜੇ ਪ੍ਰਬੰਧਕਾਂ ਅਤੇ ਮਾਲਕਾਂ ਨੂੰ ਚੇਤਾਵਨੀ ਦਿੱਤੀ ਗਈ ਹੈ ਕਿ ਨਿਰਧਾਰਤ ਸ਼ੋਰ ਸੀਮਾ ਦੀ ਪਾਲਣਾ ਨਾ ਕਰਨ ‘ਤੇ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।
ਪ੍ਰਸ਼ਾਸਨ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਸਕੂਲਾਂ ਅਤੇ ਹਸਪਤਾਲਾਂ ਦੇ ਨੇੜੇ ਸ਼ਾਂਤੀ ਬਣਾਈ ਰੱਖਣ ਵਿੱਚ ਸਹਿਯੋਗ ਦੇਣ। ਸ਼ੋਰ ਪ੍ਰਦੂਸ਼ਣ ‘ਤੇ ਕਾਬੂ ਪਾਉਣ ਲਈ ਵਿਸ਼ੇਸ਼ ਮੁਹਿੰਮਾਂ ਵੀ ਚਲਾਈਆਂ ਜਾ ਰਹੀਆਂ ਹਨ। ਇਸ ਨਵੇਂ ਕਦਮ ਦਾ ਮਕਸਦ ਸਖ਼ਤੀ ਦਿਖਾਉਣਾ ਨਹੀਂ, ਸਗੋਂ ਇੱਕ ਐਸਾ ਮਾਹੌਲ ਬਣਾਉਣਾ ਹੈ ਜਿੱਥੇ ਬੱਚੇ ਪੜ੍ਹਾਈ ‘ਤੇ ਧਿਆਨ ਦੇ ਸਕਣ ਅਤੇ ਮਰੀਜ਼ ਬਿਨਾਂ ਪਰੇਸ਼ਾਨੀ ਇਲਾਜ ਕਰਵਾ ਸਕਣ।






