ਸ਼੍ਰੇਅਸ ਅਈਅਰ ਦੀ ਸ਼ਾਨਦਾਰ ਬੱਲੇਬਾਜ਼ੀ ਦੀ ਬਦੌਲਤ ਪੰਜਾਬ ਕਿੰਗਜ਼ ਨੇ ਚੇੱਨਈ ਸੁਪਰ ਕਿੰਗਜ਼ ਨੂੰ ਪੰਜ ਵਿਕਟਾਂ ਨਾਲ ਮਾਤ ਦੇ ਦਿੱਤੀ
ਐੱਮ. ਏ. ਚਿਦੰਬਰਮ ਸਟੇਡੀਅਮ ਵਿੱਚ ਸ਼ੁੱਕਰਵਾਰ ਰਾਤ ਚੇੱਨਈ ਸੁਪਰ ਕਿੰਗਜ਼ ਨੇ ਪਹਿਲਾਂ ਬੱਲੇਬਾਜ਼ੀ ਕਰਦਿਆਂ 209 ਰਨਾਂ ਦਾ ਵੱਡਾ ਟਾਰਗੇਟ ਖੜ੍ਹਾ ਕੀਤਾ, ਜਿਸ ਨਾਲ ਦਰਸ਼ਕਾਂ ਵਿੱਚ ਕਾਫੀ ਉਤਸ਼ਾਹ ਵੇਖਣ ਨੂੰ ਮਿਲਿਆ। ਫੈਨਜ਼ ਨੂੰ ਪੂਰਾ ਯਕੀਨ ਸੀ ਕਿ ਇਸ ਮੈਦਾਨ ‘ਤੇ ਇੰਨਾ ਵੱਡਾ ਸਕੋਰ ਚੇਜ਼ ਕਰਨਾ ਪੰਜਾਬ ਕਿੰਗਜ਼ ਲਈ ਆਸਾਨ ਨਹੀਂ ਰਹੇਗਾ।
ਪਰ ਮੈਚ ਦਾ ਪਾਸਾ ਉਸ ਵੇਲੇ ਬਦਲ ਗਿਆ ਜਦੋਂ ਕਪਤਾਨ ਸ਼੍ਰੇਅਸ ਅਈਅਰ ਨੇ ਧਮਾਕੇਦਾਰ ਅੱਧ ਸੈਂਚਰੀ ਖੇਡਦਿਆਂ ਚੇੱਨਈ ਦੀ ਟੀਮ ਦੀਆਂ ਉਮੀਦਾਂ ਨੂੰ ਝਟਕਾ ਦੇ ਦਿੱਤਾ।
ਉਨ੍ਹਾਂ ਦੀ ਸ਼ਾਨਦਾਰ ਪਾਰੀ ਦੇ ਸਹਾਰੇ ਪੰਜਾਬ ਕਿੰਗਜ਼ ਨੇ ਚੇੱਨਈ ਸੁਪਰ ਕਿੰਗਜ਼ ਨੂੰ ਪੰਜ ਵਿਕਟਾਂ ਨਾਲ ਹਰਾਕੇ ਮੈਚ ਆਪਣੇ ਨਾਮ ਕਰ ਲਿਆ।
ਇਸ ਜਿੱਤ ਨਾਲ ਪੰਜਾਬ ਕਿੰਗਜ਼ ਨੇ ਆਈਪੀਐਲ ਵਿੱਚ ਲਗਾਤਾਰ ਦੂਜੀ ਵਾਰ ਜਿੱਤ ਦਰਜ ਕੀਤੀ ਹੈ। ਇਸ ਤੋਂ ਪਹਿਲਾਂ ਵੀ ਉਹ ਗੁਜਰਾਤ ਟਾਈਟਨਜ਼ ਨੂੰ ਮਾਤ ਦੇ ਚੁੱਕੀ ਹੈ।
ਦੂਜੇ ਪਾਸੇ, ਚੇੱਨਈ ਸੁਪਰ ਕਿੰਗਜ਼ ਦੀ ਮੁਹਿੰਮ ਸ਼ੁਰੂ ਤੋਂ ਹੀ ਥੋੜ੍ਹੀ ਕਮਜ਼ੋਰ ਰਹੀ ਹੈ ਅਤੇ ਉਹ ਆਪਣੇ ਪਹਿਲੇ ਦੋਵੇਂ ਮੈਚ ਹਾਰ ਚੁੱਕੀ ਹੈ। ਪੰਜ ਵਾਰ ਦੀ ਚੈਂਪੀਅਨ ਟੀਮ ਪਹਿਲਾਂ ਰਾਜਸਥਾਨ ਰਾਇਲਜ਼ ਤੋਂ ਹਾਰੀ ਸੀ ਅਤੇ ਹੁਣ ਪੰਜਾਬ ਕਿੰਗਜ਼ ਦੇ ਹੱਥੋਂ ਵੀ ਮਾਤ ਖਾ ਗਈ ਹੈ।








