ਸੇਫ ਸਕੂਲ ਵਾਹਨ ਪਾਲਿਸੀ ਦੀ ਉਲੰਘਣਾ ਕਰਨ ਵਾਲੀਆਂ 12 ਬੱਸਾਂ ਦੇ ਕੀਤੇ ਚਲਾਨ
ਮਾਲੇਰਕੋਟਲਾ: ਡਿਪਟੀ ਕਮਿਸ਼ਨਰ ਵਿਰਾਜ ਐਸ. ਤਿੜਕੇ ਦੇ ਦਿਸ਼ਾ-ਨਿਰਦੇਸ਼ਾਂ ਅਤੇ ਜ਼ਿਲ੍ਹਾ ਬਾਲ ਸੁਰੱਖਿਆ ਅਫ਼ਸਰ ਹਰਪ੍ਰੀਤ ਕੌਰ ਸੰਧੂ ਦੀਆਂ ਹਦਾਇਤਾਂ ਅਨੁਸਾਰ ਸਕੂਲੀ ਬੱਚਿਆਂ ਦੀ ਆਵਾਜਾਈ ਨੂੰ ਸੁਰੱਖਿਅਤ ਬਣਾਉਣ ਲਈ ਵੱਖ-ਵੱਖ ਸਕੂਲੀ ਬੱਸਾਂ ਦੀ ਚੈਕਿੰਗ ਕੀਤੀ ਗਈ।
ਬਾਲ ਸੁਰੱਖਿਆ ਵਿਭਾਗ ਦੀ ਟੀਮ ਵੱਲੋਂ ਸੇਫ ਸਕੂਲ ਵਾਹਨ ਪਾਲਿਸੀ ਤਹਿਤ ਕੁੱਲ 46 ਸਕੂਲੀ ਬੱਸਾਂ ਦੀ ਜਾਂਚ ਕੀਤੀ ਗਈ। ਇਸ ਦੌਰਾਨ ਬੱਸਾਂ ਦੇ ਲੋੜੀਂਦੇ ਦਸਤਾਵੇਜ਼ਾਂ ਦੇ ਨਾਲ-ਨਾਲ ਬੱਚਿਆਂ ਦੀ ਸੁਰੱਖਿਆ ਨਾਲ ਸਬੰਧਤ ਪ੍ਰਬੰਧਾਂ ਦੀ ਵੀ ਬਾਰੀਕੀ ਨਾਲ ਪੜਤਾਲ ਕੀਤੀ ਗਈ। ਰਜਿਸਟ੍ਰੇਸ਼ਨ ਸਰਟੀਫਿਕੇਟ, ਬੀਮਾ, ਫਿਟਨੈਸ ਸਰਟੀਫਿਕੇਟ, ਪ੍ਰਦੂਸ਼ਣ ਪ੍ਰਮਾਣ ਪੱਤਰ, ਡਰਾਈਵਰਾਂ ਦੇ ਲਾਇਸੰਸ ਅਤੇ ਨਿਰਧਾਰਿਤ ਰੂਟ ਪਲਾਨ ਦੀ ਜਾਂਚ ਕੀਤੀ ਗਈ। ਇਸ ਤੋਂ ਇਲਾਵਾ ਬੱਸਾਂ ਵਿੱਚ ਫਸਟ ਏਡ ਕਿੱਟ, ਅੱਗ ਬੁਝਾਊ ਯੰਤਰ, ਐਮਰਜੈਂਸੀ ਦਰਵਾਜ਼ਾ, ਸਪੀਡ ਗਵਰਨਰ, ਲਾਈਟਾਂ ਅਤੇ ਹੋਰ ਲਾਜ਼ਮੀ ਸੁਰੱਖਿਆ ਉਪਕਰਣਾਂ ਦੀ ਵੀ ਜਾਂਚ ਕੀਤੀ ਗਈ।
ਚੈਕਿੰਗ ਦੌਰਾਨ ਸੇਫ ਸਕੂਲ ਵਾਹਨ ਪਾਲਿਸੀ ਦੀ ਉਲੰਘਣਾ ਕਰਨ ਵਾਲੀਆਂ 12 ਸਕੂਲੀ ਬੱਸਾਂ ਦੇ ਚਲਾਨ ਕੀਤੇ ਗਏ। ਫਸਟ ਏਡ ਕਿੱਟ ਦੀ ਅਣਹੋਂਦ, ਅੱਗ ਬੁਝਾਊ ਯੰਤਰ ਦੀ ਘਾਟ, ਟੈਕਸ ਸਬੰਧੀ ਕਮੀਆਂ, ਰੂਟ ਪਲਾਨ ਅਤੇ ਵਰਦੀ ਸਬੰਧੀ ਨਿਯਮਾਂ ਦੀ ਉਲੰਘਣਾ ਕਾਰਨ ਇਹ ਕਾਰਵਾਈ ਕੀਤੀ ਗਈ। ਬਾਲ ਸੁਰੱਖਿਆ ਵਿਭਾਗ ਦੀ ਟੀਮ ਵੱਲੋਂ ਸਬੰਧਿਤ ਸਕੂਲ ਪ੍ਰਬੰਧਕਾਂ ਅਤੇ ਵਾਹਨ ਚਾਲਕਾਂ ਨੂੰ ਕਮੀਆਂ ਤੁਰੰਤ ਦੂਰ ਕਰਨ ਅਤੇ ਭਵਿੱਖ ਵਿੱਚ ਸੇਫ ਸਕੂਲ ਵਾਹਨ ਪਾਲਿਸੀ ਦੇ ਸਾਰੇ ਨਿਯਮਾਂ ਦੀ ਸਖ਼ਤੀ ਨਾਲ ਪਾਲਣਾ ਕਰਨ ਲਈ ਹਦਾਇਤ ਕੀਤੀ ਗਈ।
ਜ਼ਿਲ੍ਹਾ ਬਾਲ ਸੁਰੱਖਿਆ ਅਫ਼ਸਰ ਹਰਪ੍ਰੀਤ ਕੌਰ ਸੰਧੂ ਨੇ ਕਿਹਾ ਕਿ ਬੱਚਿਆਂ ਦੀ ਸੁਰੱਖਿਆ ਨਾਲ ਕਿਸੇ ਵੀ ਤਰ੍ਹਾਂ ਦਾ ਸਮਝੌਤਾ ਨਹੀਂ ਕੀਤਾ ਜਾਵੇਗਾ ਅਤੇ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਵਿਰੁੱਧ ਸਖ਼ਤ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਬੱਚਿਆਂ ਦੀ ਸੁਰੱਖਿਅਤ ਅਤੇ ਸੁਚੱਜੀ ਆਵਾਜਾਈ ਯਕੀਨੀ ਬਣਾਉਣ ਲਈ ਅਜਿਹੀਆਂ ਚੈਕਿੰਗ ਮੁਹਿੰਮਾਂ ਆਉਣ ਵਾਲੇ ਸਮੇਂ ਵਿੱਚ ਵੀ ਲਗਾਤਾਰ ਜਾਰੀ ਰਹਿਣਗੀਆਂ।
ਇਸ ਮੌਕੇ ਟ੍ਰੈਫਿਕ ਇੰਚਾਰਜ ਹਰਭਜਨ ਸਿੰਘ, ਤੇਜਵੀਰ ਸਿੰਘ, ਸਿੱਖਿਆ ਵਿਭਾਗ ਤੋਂ ਗੁਰਵੀਰ ਸਿੰਘ, ਲੀਗਲ ਅਫ਼ਸਰ ਬਬੀਤਾ ਕੁਮਾਰੀ, ਲਵਪ੍ਰੀਤ ਸਿੰਘ ਅਤੇ ਮੀਡੀਆ ਸਹਾਇਕ ਪਰਗਟ ਸਿੰਘ ਹਾਜ਼ਰ ਸਨ।






