Home Patiala Updates ਸੇਫ ਸਕੂਲ ਵਾਹਨ ਪਾਲਿਸੀ ਤਹਿਤ ਆਰ.ਟੀ.ਓ. ਪਟਿਆਲਾ ਵੱਲੋਂ ਸਕੂਲੀ ਵਾਹਨਾਂ ਦੀ ਸਖ਼ਤ...

ਸੇਫ ਸਕੂਲ ਵਾਹਨ ਪਾਲਿਸੀ ਤਹਿਤ ਆਰ.ਟੀ.ਓ. ਪਟਿਆਲਾ ਵੱਲੋਂ ਸਕੂਲੀ ਵਾਹਨਾਂ ਦੀ ਸਖ਼ਤ ਚੈਕਿੰਗ*

0
3
ਪਟਿਆਲਾ 22 ਜੁਲਾਈ:
ਸੇਫ ਸਕੂਲ ਵਾਹਨ ਪਾਲਿਸੀ ਦੀ ਪਾਲਣਾ ਯਕੀਨੀ ਬਣਾਉਣ ਲਈ ਸਕੂਲੀ ਵਾਹਨਾਂ ਦੀ ਸਖ਼ਤ ਚੈਕਿੰਗ ਕੀਤੀ ਗਈ
 ਸੇਫ ਸਕੂਲ ਵਾਹਨ ਪਾਲਿਸੀ ਦੀ ਉਲੰਘਣਾ ਕਰਨ ‘ਤੇ ਇੱਕ ਈ-ਰਿਕਸ਼ਾ ਅਤੇ ਇੱਕ ਟੈਂਪੋ ਟਰੈਵਲਰ ਨੂੰ ਇੰਪਾਊਂਡ ਕੀਤਾ ਗਿਆ
ਜ਼ਿਲ੍ਹਾ ਪ੍ਰਸ਼ਾਸਨ ਨੇ ਬੱਚਿਆਂ ਦੀ ਸੜਕ ਸੁਰੱਖਿਆ ਪ੍ਰਤੀ ਆਪਣੀ ਵਚਨਬੱਧਤਾ ਦੁਹਰਾਈ
ਡਿਪਟੀ ਕਮਿਸ਼ਨਰ ਅਤੇ ਐਸ.ਐਸ.ਪੀ. ਪਟਿਆਲਾ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਵਿਸ਼ੇਸ਼ ਐਨਫੋਰਸਮੈਂਟ ਮੁਹਿੰਮ ਚਲਾਈ ਗਈ – ਡੀ.ਐੱਸ.ਪੀ. (ਟਰੈਫਿਕ)
ਸੇਫ ਸਕੂਲ ਵਾਹਨ ਪਾਲਿਸੀ ਤਹਿਤ ਐਨਫੋਰਸਮੈਂਟ ਮੁਹਿੰਮ ਦੌਰਾਨ ਸਕੂਲੀ ਵਾਹਨਾਂ ਦੇ 15 ਚਲਾਨ, ₹2.14 ਲੱਖ ਦਾ ਜੁਰਮਾਨਾ; ਕੁੱਲ 23 ਚਲਾਨਾਂ ਰਾਹੀਂ 3.60 ਲੱਖ ਦੀ ਕਾਰਵਾਈ
ਸੇਫ ਸਕੂਲ ਵਾਹਨ ਪਾਲਿਸੀ ਤਹਿਤ ਚੱਲ ਰਹੀ ਵਿਸ਼ੇਸ਼ ਐਨਫੋਰਸਮੈਂਟ ਮੁਹਿੰਮ ਦੇ ਤਹਿਤ ਅੱਜ ਡਾ. ਪੂਨਮ ਪ੍ਰੀਤ ਕੌਰ, ਰੀਜਨਲ ਟਰਾਂਸਪੋਰਟ ਅਫ਼ਸਰ (ਆਰ.ਟੀ.ਓ.), ਪਟਿਆਲਾ ਵੱਲੋਂ ਸ਼੍ਰੀ ਪੁਨੀਤ ਸਿੰਘ ਚਾਹਲ, ਡੀ.ਐੱਸ.ਪੀ. (ਟਰੈਫਿਕ), ਸ਼੍ਰੀ ਮਨਜੋਤ ਸਿੰਘ, ਸਹਾਇਕ ਟਰਾਂਸਪੋਰਟ ਅਫ਼ਸਰ (ਏ.ਟੀ.ਓ.) ਪਟਿਆਲਾ, ਸ੍ਰੀਮਤੀ ਰੂਪਵੰਤ ਕੌਰ, ਚਾਈਲਡ ਪ੍ਰੋਟੈਕਸ਼ਨ ਅਫ਼ਸਰ (ਸੀ.ਪੀ.ਓ.) ਅਤੇ ਡਾ. ਰਵਿੰਦਰ ਪਾਲ ਸਿੰਘ, ਡਿਪਟੀ ਜ਼ਿਲ੍ਹਾ ਸਿੱਖਿਆ ਅਫ਼ਸਰ (ਡਿਪਟੀ ਡੀ.ਈ.ਓ.) ਦੇ ਨਾਲ ਮਿਲ ਕੇ ਸਕੂਲੀ ਵਾਹਨਾਂ ਦੀ ਸਾਂਝੀ ਚੈਕਿੰਗ ਕੀਤੀ ਗਈ।
ਇਸ ਐਨਫੋਰਸਮੈਂਟ ਮੁਹਿੰਮ ਦੌਰਾਨ ਸਕੂਲੀ ਬੱਸਾਂ, ਵੈਨਾਂ, ਆਟੋ ਰਿਕਸ਼ਿਆਂ ਅਤੇ ਈ-ਰਿਕਸ਼ਿਆਂ ਦੀ ਜਾਂਚ ਕੀਤੀ ਗਈ ਤਾਂ ਜੋ ਇਹ ਯਕੀਨੀ ਬਣਾਇਆ ਜਾ ਸਕੇ ਕਿ ਉਹ ਸੇਫ ਸਕੂਲ ਵਾਹਨ ਪਾਲਿਸੀ ਅਤੇ ਮੋਟਰ ਵਾਹਨ ਐਕਟ ਦੇ ਨਿਯਮਾਂ ਦੀ ਪਾਲਣਾ ਕਰ ਰਹੇ ਹਨ। ਸੁਰੱਖਿਆ ਨਿਯਮਾਂ ਦੀ ਉਲੰਘਣਾ ਕਰਨ ਵਾਲੇ ਵਾਹਨਾਂ ਦੇ ਮੌਕੇ ‘ਤੇ ਹੀ ਚਲਾਨ ਕੀਤੇ ਗਏ ਅਤੇ ਕਾਨੂੰਨ ਅਨੁਸਾਰ ਸਖ਼ਤ ਕਾਰਵਾਈ ਅਮਲ ਵਿੱਚ ਲਿਆਂਦੀ ਗਈ। ਸਕੂਲੀ ਵਾਹਨਾਂ ਦੇ ਕੁੱਲ 15 ਚਲਾਨ ਕੀਤੇ ਗਏ, ਜਿਨ੍ਹਾਂ ਦੀ ਕੁੱਲ ਜੁਰਮਾਨਾ ਰਕਮ ₹2,14,500/- ਬਣਦੀ ਹੈ। ਐਨਫੋਰਸਮੈਂਟ ਮੁਹਿੰਮ ਦੌਰਾਨ ਇੱਕ ਟਿੱਪਰ ਸਮੇਤ ਕੁੱਲ 8 ਹੋਰ ਵਾਹਨਾਂ ਦੇ ਵੀ ਚਲਾਨ ਕੀਤੇ ਗਏ, ਜਿਨ੍ਹਾਂ ਦੀ ਕੁੱਲ ਜੁਰਮਾਨਾ ਰਕਮ ₹1,46,000/- ਬਣਦੀ ਹੈ।
ਡਾ. ਪੂਨਮ ਪ੍ਰੀਤ ਕੌਰ ਨੇ ਦੱਸਿਆ ਕਿ ਐਨਫੋਰਸਮੈਂਟ ਟੀਮਾਂ ਵੱਲੋਂ ਚੈਕਿੰਗ ਦੀ ਪ੍ਰਕਿਰਿਆ ਨੂੰ ਬਹੁਤ ਸੁਚੱਜੇ ਅਤੇ ਪ੍ਰਭਾਵਸ਼ਾਲੀ ਢੰਗ ਨਾਲ ਕੀਤਾ ਗਿਆ। ਈ-ਚਲਾਨ ਤੁਰੰਤ ਜਾਰੀ ਕੀਤੇ ਗਏ ਅਤੇ ਸਕੂਲੀ ਵਾਹਨਾਂ ਨੂੰ ਬੇਲੋੜੇ ਸਮੇਂ ਲਈ ਨਹੀਂ ਰੋਕਿਆ ਗਿਆ, ਜਿਸ ਨਾਲ ਵਿਦਿਆਰਥੀਆਂ ਨੂੰ ਕਿਸੇ ਕਿਸਮ ਦੀ ਅਸੁਵਿਧਾ ਨਹੀਂ ਹੋਈ ਅਤੇ ਆਵਾਜਾਈ ਵੀ ਸੁਚਾਰੂ ਢੰਗ ਨਾਲ ਚੱਲਦੀ ਰਹੀ।
ਮੁਹਿੰਮ ਦੌਰਾਨ ਇੱਕ ਸਕੂਲ ਬੱਸ ਅਤੇ ਇੱਕ ਈ-ਰਿਕਸ਼ਾ, ਜੋ ਸਕੂਲੀ ਬੱਚਿਆਂ ਨੂੰ ਸੁਰੱਖਿਆ ਨਿਯਮਾਂ ਦੀ ਉਲੰਘਣਾ ਕਰਦਿਆਂ ਲਿਜਾ ਰਹੇ ਸਨ, ਦਾ ਚਲਾਨ ਕੀਤਾ ਗਿਆ ਅਤੇ ਉਨ੍ਹਾਂ ਨੂੰ ਇੰਪਾਊਂਡ ਵੀ ਕੀਤਾ ਗਿਆ। ਬੱਚਿਆਂ ਦੀ ਸੁਰੱਖਿਆ ਨੂੰ ਸਭ ਤੋਂ ਵੱਧ ਤਰਜੀਹ ਦਿੰਦਿਆਂ, ਚਾਈਲਡ ਪ੍ਰੋਟੈਕਸ਼ਨ ਅਫ਼ਸਰ ਸ੍ਰੀਮਤੀ ਰੂਪਵੰਤ ਕੌਰ ਵੱਲੋਂ ਬੱਚਿਆਂ ਨੂੰ ਖੁਦ ਸੁਰੱਖਿਅਤ ਢੰਗ ਨਾਲ ਉਨ੍ਹਾਂ ਦੇ ਮੰਜ਼ਿਲ ਸਥਾਨ ਤੱਕ ਪਹੁੰਚਾਇਆ ਗਿਆ।
ਚੈਕਿੰਗ ਦੌਰਾਨ ਟੀਮ ਵੱਲੋਂ ਮੌਕੇ ‘ਤੇ ਮੌਜੂਦ ਮਾਪਿਆਂ ਅਤੇ ਸਰਪ੍ਰਸਤਾਂ ਨਾਲ ਵੀ ਗੱਲਬਾਤ ਕੀਤੀ ਗਈ ਅਤੇ ਉਨ੍ਹਾਂ ਨੂੰ ਅਪੀਲ ਕੀਤੀ ਗਈ ਕਿ ਉਹ ਆਪਣੇ ਬੱਚਿਆਂ ਨੂੰ ਕੇਵਲ ਅਧਿਕਾਰਤ, ਸੁਰੱਖਿਅਤ ਅਤੇ ਨਿਯਮਾਂ ਅਨੁਸਾਰ ਚੱਲਣ ਵਾਲੇ ਸਕੂਲੀ ਵਾਹਨਾਂ ਵਿੱਚ ਹੀ ਭੇਜਣ। ਉਨ੍ਹਾਂ ਨੂੰ ਇਹ ਵੀ ਜਾਗਰੂਕ ਕੀਤਾ ਗਿਆ ਕਿ ਗੈਰ-ਅਧਿਕਾਰਤ ਜਾਂ ਅਸੁਰੱਖਿਅਤ ਵਾਹਨਾਂ ਵਿੱਚ ਬੱਚਿਆਂ ਨੂੰ ਭੇਜਣਾ ਉਨ੍ਹਾਂ ਦੀ ਜਾਨ ਲਈ ਗੰਭੀਰ ਖ਼ਤਰਾ ਬਣ ਸਕਦਾ ਹੈ।
ਅਧਿਕਾਰੀਆਂ ਨੇ ਦੁਹਰਾਇਆ ਕਿ ਸੇਫ ਸਕੂਲ ਵਾਹਨ ਪਾਲਿਸੀ ਦੀ ਸਖ਼ਤੀ ਨਾਲ ਪਾਲਣਾ ਯਕੀਨੀ ਬਣਾਉਣ ਅਤੇ ਸਕੂਲੀ ਬੱਚਿਆਂ ਲਈ ਸੁਰੱਖਿਅਤ ਆਵਾਜਾਈ ਦਾ ਮਾਹੌਲ ਮੁਹੱਈਆ ਕਰਵਾਉਣ ਲਈ ਅਜਿਹੀਆਂ ਚੈਕਿੰਗ ਮੁਹਿੰਮਾਂ ਜ਼ਿਲ੍ਹੇ ਭਰ ਵਿੱਚ ਨਿਯਮਿਤ ਤੌਰ ‘ਤੇ ਜਾਰੀ ਰਹਿਣਗੀਆਂ। ਉਨ੍ਹਾਂ ਨੇ ਸਮੂਹ ਨਾਗਰਿਕਾਂ, ਸਕੂਲ ਪ੍ਰਬੰਧਕਾਂ ਅਤੇ ਵਾਹਨ ਚਾਲਕਾਂ ਨੂੰ ਬੱਚਿਆਂ ਦੀ ਸੜਕ ਸੁਰੱਖਿਆ ਦੇ ਮੱਦੇਨਜ਼ਰ ਪ੍ਰਸ਼ਾਸਨ ਅਤੇ ਐਨਫੋਰਸਮੈਂਟ ਏਜੰਸੀਆਂ ਦਾ ਪੂਰਾ ਸਹਿਯੋਗ ਦੇਣ ਦੀ ਅਪੀਲ ਕੀਤੀ।

LEAVE A REPLY

Please enter your comment!
Please enter your name here