HomePunjabLudhianaਪੰਜਾਬ ਰਾਜ ਰੋਡ ਸਾਈਕਲਿੰਗ ਚੈਂਪੀਅਨਸ਼ਿਪ 2026–27 ਧਨਾਂਸ਼ੂ ਸਾਈਕਲ ਵੈਲੀ ਵਿਖੇ 29 ਨਵੰਬਰ...

ਪੰਜਾਬ ਰਾਜ ਰੋਡ ਸਾਈਕਲਿੰਗ ਚੈਂਪੀਅਨਸ਼ਿਪ 2026–27 ਧਨਾਂਸ਼ੂ ਸਾਈਕਲ ਵੈਲੀ ਵਿਖੇ 29 ਨਵੰਬਰ ਨੂੰ

ਲੁਧਿਆਣਾ, 27 ਨਵੰਬਰ:

ਪੰਜ ਉਮਰ ਵਰਗਾਂ ਦੇ ਵਿਅਕਤੀਗਤ ਟਾਈਮ ਟਰਾਇਲ ਮੁਕਾਬਲਿਆਂ ਵਿੱਚ ਹਿੱਸਾ ਲੈਣਗੇ ਪੰਜਾਬ ਭਰ ਦੇ ਸਾਈਕਲਿਸਟ

ਹੋਣਹਾਰ ਸਾਈਕਲਿਸਟਾਂ ਦੀ ਪਛਾਣ ਕਰਕੇ ਉਨ੍ਹਾਂ ਦੀ ਪ੍ਰਤਿਭਾ ਨਿਖਾਰਨ ਲਈ ਮੁਕਾਬਲੇਬਾਜ਼ੀ ਵਾਲਾ ਮੰਚ ਮੁਹੱਈਆ ਕਰਵਾਏਗੀ ਚੈਂਪੀਅਨਸ਼ਿਪ: ਚਰਨਜੀਤ ਸਿੰਘ ਧਾਲੀਵਾਲ

ਚੈਂਪੀਅਨਸ਼ਿਪ ਨੂੰ ਸੁਚਾਰੂ ਅਤੇ ਪੇਸ਼ੇਵਰ ਢੰਗ ਨਾਲ ਕਰਵਾਉਣ ਲਈ ਸਾਰੇ ਲੋੜੀਂਦੇ ਪ੍ਰਬੰਧ ਜਾਰੀ: ਜਗਦੀਪ ਸਿੰਘ ਕਾਹਲੋਂ

ਸਾਈਕਲਿੰਗ ਐਸੋਸੀਏਸ਼ਨ ਆਫ਼ ਪੰਜਾਬ (ਸੀ.ਏ.ਪੀ.) ਵੱਲੋਂ ਪੰਜਾਬ ਰਾਜ ਰੋਡ ਸਾਈਕਲਿੰਗ ਚੈਂਪੀਅਨਸ਼ਿਪ 2026–27 ਐਤਵਾਰ, 29 ਨਵੰਬਰ 2026 ਨੂੰ ਧਨਾਂਸ਼ੂ ਸਾਈਕਲ ਵੈਲੀ, ਸਰਕਾਰੀ ਪ੍ਰਾਇਮਰੀ ਸਕੂਲ, ਰਾਮਗੜ੍ਹ, ਲੁਧਿਆਣਾ ਵਿਖੇ ਕਰਵਾਈ ਜਾਵੇਗੀ।

ਇਸ ਸਬੰਧੀ ਜਾਣਕਾਰੀ ਦਿੰਦਿਆਂ ਸਾਈਕਲਿੰਗ ਐਸੋਸੀਏਸ਼ਨ ਆਫ਼ ਪੰਜਾਬ ਦੇ ਜਨਰਲ ਸਕੱਤਰ ਜਗਦੀਪ ਸਿੰਘ ਕਾਹਲੋਂ ਨੇ ਦੱਸਿਆ ਕਿ ਪੰਜਾਬ ਭਰ ਦੇ ਸਾਈਕਲਿਸਟ ਪੁਰਸ਼ਾਂ ਅਤੇ ਮਹਿਲਾਵਾਂ ਦੇ ਐਲੀਟ, ਅੰਡਰ-23, ਜੂਨੀਅਰ, ਸਬ-ਜੂਨੀਅਰ ਅਤੇ ਯੂਥ ਵਰਗਾਂ ਦੇ ਵਿਅਕਤੀਗਤ ਟਾਈਮ ਟਰਾਇਲ ਮੁਕਾਬਲਿਆਂ ਵਿੱਚ ਹਿੱਸਾ ਲੈਣਗੇ। ਸਮੂਹ ਪ੍ਰਤੀਭਾਗੀਆਂ ਲਈ ਰਿਪੋਰਟਿੰਗ ਦਾ ਸਮਾਂ ਸਵੇਰੇ 6 ਵਜੇ ਨਿਰਧਾਰਤ ਕੀਤਾ ਗਿਆ ਹੈ।

ਉਨ੍ਹਾਂ ਦੱਸਿਆ ਕਿ ਇਸ ਚੈਂਪੀਅਨਸ਼ਿਪ ਦਾ ਉਦੇਸ਼ ਸੂਬੇ ਦੇ ਸਾਈਕਲਿਸਟਾਂ ਨੂੰ ਆਪਣੀ ਖੇਡ ਪ੍ਰਤਿਭਾ ਦਾ ਪ੍ਰਦਰਸ਼ਨ ਕਰਨ ਲਈ ਪੇਸ਼ੇਵਰ ਅਤੇ ਮੁਕਾਬਲੇਬਾਜ਼ੀ ਵਾਲਾ ਮੰਚ ਮੁਹੱਈਆ ਕਰਵਾਉਣਾ ਹੈ। ਇਹ ਚੈਂਪੀਅਨਸ਼ਿਪ ਕੌਮੀ ਅਤੇ ਕੌਮਾਂਤਰੀ ਮੁਕਾਬਲਿਆਂ ਵਿੱਚ ਪੰਜਾਬ ਦੀ ਨੁਮਾਇੰਦਗੀ ਕਰਨ ਦੇ ਸਮਰੱਥ ਹੋਣਹਾਰ ਖਿਡਾਰੀਆਂ ਦੀ ਪਛਾਣ ਕਰਨ ਵਿੱਚ ਵੀ ਸਹਾਈ ਹੋਵੇਗੀ।

ਸਾਈਕਲਿੰਗ ਐਸੋਸੀਏਸ਼ਨ ਆਫ਼ ਪੰਜਾਬ ਦੇ ਪ੍ਰਧਾਨ ਚਰਨਜੀਤ ਸਿੰਘ ਧਾਲੀਵਾਲ ਨੇ ਕਿਹਾ ਕਿ ਪੰਜਾਬ ਦੀ ਖੇਡਾਂ ਦੇ ਖੇਤਰ ਵਿੱਚ ਅਮੀਰ ਵਿਰਾਸਤ ਰਹੀ ਹੈ ਅਤੇ ਸੂਬੇ ਦੇ ਸਾਈਕਲਿਸਟਾਂ ਨੇ ਵੱਡੇ ਕੌਮੀ ਤੇ ਕੌਮਾਂਤਰੀ ਮੁਕਾਬਲਿਆਂ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਪੰਜਾਬ ਦਾ ਨਾਂ ਰੌਸ਼ਨ ਕੀਤਾ ਹੈ। ਉਨ੍ਹਾਂ ਕਿਹਾ ਕਿ ਐਸੋਸੀਏਸ਼ਨ ਨਿਯਮਿਤ ਤੌਰ ’ਤੇ ਚੈਂਪੀਅਨਸ਼ਿਪਾਂ, ਪ੍ਰਤਿਭਾ ਖੋਜ ਪ੍ਰੋਗਰਾਮ ਅਤੇ ਉੱਚ ਪੱਧਰੀ ਸਿਖਲਾਈ ਦੇ ਮੌਕੇ ਮੁਹੱਈਆ ਕਰਵਾ ਕੇ ਜ਼ਮੀਨੀ ਪੱਧਰ ’ਤੇ ਸਾਈਕਲਿੰਗ ਨੂੰ ਮਜ਼ਬੂਤ ਕਰਨ ਲਈ ਵਚਨਬੱਧ ਹੈ।

ਚਰਨਜੀਤ ਸਿੰਘ ਧਾਲੀਵਾਲ ਨੇ ਕਿਹਾ, ‘‘ਅਜਿਹੀਆਂ ਚੈਂਪੀਅਨਸ਼ਿਪਾਂ ਨੌਜਵਾਨ ਸਾਈਕਲਿਸਟਾਂ ਵਿੱਚ ਅਨੁਸ਼ਾਸਨ, ਸਹਿਣਸ਼ੀਲਤਾ, ਆਤਮ-ਵਿਸ਼ਵਾਸ ਅਤੇ ਮੁਕਾਬਲੇ ਦੀ ਭਾਵਨਾ ਵਿਕਸਤ ਕਰਨ ਵਿੱਚ ਅਹਿਮ ਭੂਮਿਕਾ ਨਿਭਾਉਂਦੀਆਂ ਹਨ। ਸਾਡਾ ਉਦੇਸ਼ ਪੰਜਾਬ ਦੇ ਹਰ ਖੇਤਰ ਦੇ ਪ੍ਰਤਿਭਾਸ਼ਾਲੀ ਖਿਡਾਰੀਆਂ ਨੂੰ ਆਪਣੀ ਖੇਡ ਵਿੱਚ ਅੱਗੇ ਵਧਣ ਲਈ ਢੁਕਵਾਂ ਮੰਚ, ਲੋੜੀਂਦਾ ਤਜਰਬਾ ਅਤੇ ਬਿਹਤਰ ਮੌਕੇ ਪ੍ਰਦਾਨ ਕਰਨਾ ਹੈ।’’

ਮੁਕਾਬਲਿਆਂ ਸਬੰਧੀ ਵਿਸਥਾਰਪੂਰਵਕ ਜਾਣਕਾਰੀ ਸਾਂਝੀ ਕਰਦਿਆਂ ਜਗਦੀਪ ਸਿੰਘ ਕਾਹਲੋਂ ਨੇ ਦੱਸਿਆ ਕਿ ਐਲੀਟ ਪੁਰਸ਼ ਅਤੇ ਅੰਡਰ-23 ਪੁਰਸ਼ ਵਰਗਾਂ ਦੇ ਸਾਈਕਲਿਸਟ 32 ਕਿਲੋਮੀਟਰ ਵਿਅਕਤੀਗਤ ਟਾਈਮ ਟਰਾਇਲ ਵਿੱਚ ਹਿੱਸਾ ਲੈਣਗੇ, ਜਦਕਿ ਐਲੀਟ ਮਹਿਲਾ ਅਤੇ ਅੰਡਰ-23 ਮਹਿਲਾ ਵਰਗਾਂ ਲਈ 24 ਕਿਲੋਮੀਟਰ ਵਿਅਕਤੀਗਤ ਟਾਈਮ ਟਰਾਇਲ ਕਰਵਾਇਆ ਜਾਵੇਗਾ।

ਜੂਨੀਅਰ ਵਰਗ ਵਿੱਚ ਪੁਰਸ਼ਾਂ ਲਈ ਮੁਕਾਬਲੇ ਦੀ ਦੂਰੀ 24 ਕਿਲੋਮੀਟਰ ਅਤੇ ਮਹਿਲਾਵਾਂ ਲਈ 16 ਕਿਲੋਮੀਟਰ ਹੋਵੇਗੀ। ਸਬ-ਜੂਨੀਅਰ ਲੜਕਿਆਂ ਅਤੇ ਲੜਕੀਆਂ ਦੇ ਮੁਕਾਬਲੇ 15 ਕਿਲੋਮੀਟਰ ਦੀ ਦੂਰੀ ਦੇ ਹੋਣਗੇ। ਇਸੇ ਤਰ੍ਹਾਂ ਯੂਥ ਲੜਕਿਆਂ ਦਾ ਮੁਕਾਬਲਾ 15 ਕਿਲੋਮੀਟਰ ਅਤੇ ਯੂਥ ਲੜਕੀਆਂ ਦਾ ਮੁਕਾਬਲਾ 8 ਕਿਲੋਮੀਟਰ ਦੀ ਦੂਰੀ ਦਾ ਹੋਵੇਗਾ।

ਉਨ੍ਹਾਂ ਦੱਸਿਆ ਕਿ ਐਲੀਟ ਵਰਗ ਵਿੱਚ 2007 ਜਾਂ ਇਸ ਤੋਂ ਪਹਿਲਾਂ ਜਨਮੇ ਪੁਰਸ਼ ਅਤੇ ਮਹਿਲਾ ਸਾਈਕਲਿਸਟ ਹਿੱਸਾ ਲੈ ਸਕਣਗੇ। ਅੰਡਰ-23 ਵਰਗ ਵਿੱਚ 2004 ਤੋਂ 2007, ਜੂਨੀਅਰ ਵਰਗ ਵਿੱਚ 2008 ਅਤੇ 2009, ਸਬ-ਜੂਨੀਅਰ ਵਰਗ ਵਿੱਚ 2010 ਅਤੇ 2011, ਜਦਕਿ ਯੂਥ ਵਰਗ ਵਿੱਚ 2012 ਤੋਂ 2014 ਦਰਮਿਆਨ ਜਨਮੇ ਸਾਈਕਲਿਸਟ ਹਿੱਸਾ ਲੈਣ ਦੇ ਯੋਗ ਹੋਣਗੇ।

ਜਗਦੀਪ ਸਿੰਘ ਕਾਹਲੋਂ ਨੇ ਦੱਸਿਆ ਕਿ ਰਜਿਸਟ੍ਰੇਸ਼ਨ, ਰੂਟ ਪ੍ਰਬੰਧਨ, ਤਕਨੀਕੀ ਨਿਗਰਾਨੀ, ਸੁਰੱਖਿਆ ਅਤੇ ਸਾਰੇ ਮੁਕਾਬਲਿਆਂ ਨੂੰ ਸੁਚਾਰੂ ਢੰਗ ਨਾਲ ਕਰਵਾਉਣ ਲਈ ਪੁਖ਼ਤਾ ਪ੍ਰਬੰਧ ਕੀਤੇ ਜਾ ਰਹੇ ਹਨ। ਚੈਂਪੀਅਨਸ਼ਿਪ ਦੌਰਾਨ ਤਕਨੀਕੀ ਅਧਿਕਾਰੀ ਅਤੇ ਵਲੰਟੀਅਰ ਤਾਇਨਾਤ ਰਹਿਣਗੇ ਤਾਂ ਜੋ ਸਾਰੇ ਮੁਕਾਬਲੇ ਨਿਰਪੱਖ ਢੰਗ ਨਾਲ ਨਿਰਧਾਰਤ ਨਿਯਮਾਂ ਅਨੁਸਾਰ ਕਰਵਾਏ ਜਾ ਸਕਣ।

ਉਨ੍ਹਾਂ ਸਮੂਹ ਸਾਈਕਲਿਸਟਾਂ ਨੂੰ ਲੋੜੀਂਦੇ ਦਸਤਾਵੇਜ਼ਾਂ ਅਤੇ ਸਾਈਕਲਿੰਗ ਸਾਜ਼ੋ-ਸਾਮਾਨ ਸਮੇਤ ਨਿਰਧਾਰਤ ਸਮੇਂ ’ਤੇ ਮੁਕਾਬਲੇ ਵਾਲੀ ਥਾਂ ’ਤੇ ਪਹੁੰਚਣ ਦੀ ਅਪੀਲ ਕੀਤੀ। ਉਨ੍ਹਾਂ ਕੋਚਾਂ, ਖੇਡ ਪ੍ਰੇਮੀਆਂ ਅਤੇ ਇਲਾਕਾ ਨਿਵਾਸੀਆਂ ਨੂੰ ਵੀ ਚੈਂਪੀਅਨਸ਼ਿਪ ਵਿੱਚ ਪਹੁੰਚ ਕੇ ਹਿੱਸਾ ਲੈਣ ਵਾਲੇ ਖਿਡਾਰੀਆਂ ਦਾ ਹੌਸਲਾ ਵਧਾਉਣ ਦਾ ਸੱਦਾ ਦਿੱਤਾ।

ਜਗਦੀਪ ਸਿੰਘ ਕਾਹਲੋਂ ਨੇ ਭਰੋਸਾ ਪ੍ਰਗਟਾਇਆ ਕਿ ਇਹ ਚੈਂਪੀਅਨਸ਼ਿਪ ਪੰਜਾਬ ਵਿੱਚ ਰੋਡ ਸਾਈਕਲਿੰਗ ਨੂੰ ਹੋਰ ਉਤਸ਼ਾਹਿਤ ਕਰੇਗੀ ਅਤੇ ਵੱਧ ਤੋਂ ਵੱਧ ਨੌਜਵਾਨਾਂ ਨੂੰ ਮੁਕਾਬਲੇਬਾਜ਼ੀ ਵਾਲੀ ਖੇਡ ਦੇ ਨਾਲ-ਨਾਲ ਸਿਹਤਮੰਦ ਅਤੇ ਸਰਗਰਮ ਜੀਵਨਸ਼ੈਲੀ ਅਪਣਾਉਣ ਲਈ ਸਾਈਕਲਿੰਗ ਨਾਲ ਜੁੜਨ ਵਾਸਤੇ ਪ੍ਰੇਰਿਤ ਕਰੇਗੀ।

RELATED ARTICLES

LEAVE A REPLY

Please enter your comment!
Please enter your name here

- Advertisment -spot_imgspot_imgspot_imgspot_img

Most Popular

Recent Comments