ਮੋਹਾਲੀ: ਪੰਜਾਬ ਅਤੇ ਚੰਡੀਗੜ੍ਹ ਦੇ ਕਈ ਇਲਾਕਿਆਂ ਵਿੱਚ ਮੀਂਹ ਪੈਣ ਕਾਰਨ ਲੋਕਾਂ ਨੂੰ ਗਰਮੀ ਅਤੇ ਹੁੰਮਸ ਤੋਂ ਕੁਝ ਰਾਹਤ ਮਿਲੀ ਹੈ। ਮੌਸਮ ਵਿਗਿਆਨ ਕੇਂਦਰ ਨੇ 3 ਤੋਂ 5 ਸਤੰਬਰ ਤੱਕ ਪੰਜਾਬ ਦੇ ਕੁਝ ਹਿੱਸਿਆਂ ਵਿੱਚ ਭਾਰੀ ਮੀਂਹ ਦੀ ਸੰਭਾਵਨਾ ਜਤਾਉਂਦਿਆਂ ਪੀਲਾ ਅਲਰਟ ਜਾਰੀ ਕੀਤਾ ਹੈ।
ਚੰਡੀਗੜ੍ਹ ਵਿੱਚ ਅੱਜ ਅਸਮਾਨ ਅੰਸ਼ਕ ਤੌਰ ’ਤੇ ਬੱਦਲਵਾਈ ਰਹਿਣ ਦੀ ਸੰਭਾਵਨਾ ਹੈ। ਇਸ ਦੌਰਾਨ ਇੱਕ ਜਾਂ ਦੋ ਵਾਰ ਮੀਂਹ ਜਾਂ ਗਰਜ-ਚਮਕ ਨਾਲ ਮੀਂਹ ਪੈ ਸਕਦਾ ਹੈ।
ਹਾਲਾਂਕਿ ਸੂਬੇ ਦੇ ਵੱਧ ਤੋਂ ਵੱਧ ਤਾਪਮਾਨ ਵਿੱਚ 0.1 ਡਿਗਰੀ ਸੈਲਸੀਅਸ ਦਾ ਮਾਮੂਲੀ ਵਾਧਾ ਦਰਜ ਕੀਤਾ ਗਿਆ ਹੈ। ਇਸ ਦੇ ਬਾਵਜੂਦ ਤਾਪਮਾਨ ਹੁਣ ਆਮ ਦੇ ਨੇੜੇ ਪਹੁੰਚ ਗਿਆ ਹੈ। ਬਠਿੰਡਾ ਵਿੱਚ ਸਭ ਤੋਂ ਵੱਧ 36.4 ਡਿਗਰੀ ਸੈਲਸੀਅਸ ਤਾਪਮਾਨ ਦਰਜ ਕੀਤਾ ਗਿਆ। ਮੌਨਸੂਨ ਸੀਜ਼ਨ ਦੌਰਾਨ ਪੰਜਾਬ ਵਿੱਚ ਹੁਣ ਤੱਕ ਆਮ ਨਾਲੋਂ 37 ਫੀਸਦੀ ਘੱਟ ਮੀਂਹ ਦਰਜ ਕੀਤਾ ਗਿਆ ਹੈ।
20 ਜ਼ਿਲ੍ਹਿਆਂ ਵਿੱਚ ਮੀਂਹ ਦੀ ਸੰਭਾਵਨਾ
ਮੌਸਮ ਵਿਭਾਗ ਅਨੁਸਾਰ ਪੰਜਾਬ ਦੇ ਲਗਭਗ ਸਾਰੇ ਜ਼ਿਲ੍ਹਿਆਂ ਵਿੱਚ ਮੀਂਹ ਪੈਣ ਦੀ ਸੰਭਾਵਨਾ ਹੈ। ਪਠਾਨਕੋਟ, ਹੁਸ਼ਿਆਰਪੁਰ, ਰੂਪਨਗਰ ਅਤੇ ਮੋਹਾਲੀ ਵਿੱਚ ਕੁਝ ਥਾਵਾਂ ’ਤੇ ਭਾਰੀ ਮੀਂਹ ਪੈ ਸਕਦਾ ਹੈ।
ਪਠਾਨਕੋਟ ਅਤੇ ਹੁਸ਼ਿਆਰਪੁਰ ਵਿੱਚ ਕਈ ਥਾਵਾਂ ’ਤੇ ਹਲਕੀ ਤੋਂ ਦਰਮਿਆਨੀ ਬਾਰਿਸ਼ ਹੋਣ ਦੀ ਸੰਭਾਵਨਾ ਹੈ। ਇਸ ਤੋਂ ਇਲਾਵਾ ਗੁਰਦਾਸਪੁਰ, ਅੰਮ੍ਰਿਤਸਰ, ਨਵਾਂਸ਼ਹਿਰ, ਕਪੂਰਥਲਾ, ਜਲੰਧਰ, ਲੁਧਿਆਣਾ, ਸੰਗਰੂਰ, ਫਤਿਹਗੜ੍ਹ ਸਾਹਿਬ, ਰੂਪਨਗਰ, ਪਟਿਆਲਾ ਅਤੇ ਮੋਹਾਲੀ ਵਿੱਚ ਕੁਝ ਥਾਵਾਂ ’ਤੇ ਮੀਂਹ ਪੈ ਸਕਦਾ ਹੈ।
ਇਸੇ ਤਰ੍ਹਾਂ ਤਰਨਤਾਰਨ, ਫਿਰੋਜ਼ਪੁਰ, ਫਾਜ਼ਿਲਕਾ, ਫਰੀਦਕੋਟ, ਸ੍ਰੀ ਮੁਕਤਸਰ ਸਾਹਿਬ, ਮੋਗਾ, ਬਠਿੰਡਾ, ਬਰਨਾਲਾ ਅਤੇ ਮਾਨਸਾ ਵਿੱਚ ਵੀ ਕੁਝ ਥਾਵਾਂ ’ਤੇ ਹਲਕੀ ਤੋਂ ਦਰਮਿਆਨੀ ਬਾਰਿਸ਼ ਹੋਣ ਦੀ ਸੰਭਾਵਨਾ ਹੈ।






