Tuesday, October 6, 2026
Home Haryana News ਤਿਉਹਾਰੀ ਸੀਜ਼ਨ ’ਚ ਯਾਤਰੀਆਂ ਲਈ ਰੇਲਵੇ ਦੀ ਤਿਆਰੀ

ਤਿਉਹਾਰੀ ਸੀਜ਼ਨ ’ਚ ਯਾਤਰੀਆਂ ਲਈ ਰੇਲਵੇ ਦੀ ਤਿਆਰੀ

0
2

ਅੰਬਾਲਾ: ਤਿਉਹਾਰੀ ਸੀਜ਼ਨ ਦੌਰਾਨ ਯਾਤਰੀਆਂ ਦੀ ਵਧਦੀ ਭੀੜ ਨੂੰ ਦੇਖਦਿਆਂ ਰੇਲਵੇ ਪ੍ਰਸ਼ਾਸਨ ਨੇ ਸਪੈਸ਼ਲ ਟਰੇਨਾਂ ਚਲਾਉਣ ਦੀ ਤਿਆਰੀ ਤੇਜ਼ ਕਰ ਦਿੱਤੀ ਹੈ। ਅੰਬਾਲਾ ਮੰਡਲ ਵਿੱਚ ਹੁਣ ਤੱਕ ਚਾਰ ਫੈਸਟੀਵਲ ਸਪੈਸ਼ਲ ਟਰੇਨਾਂ ਨੋਟੀਫਾਈ ਕੀਤੀਆਂ ਜਾ ਚੁੱਕੀਆਂ ਹਨ, ਜਦਕਿ ਯਾਤਰੀਆਂ ਦੀ ਮੰਗ ਅਤੇ ਸੰਭਾਵਿਤ ਭੀੜ ਨੂੰ ਦੇਖਦਿਆਂ ਪੰਜ ਹੋਰ ਸਪੈਸ਼ਲ ਟਰੇਨਾਂ ਦਾ ਪ੍ਰਸਤਾਵ ਮੁੱਖ ਦਫ਼ਤਰ ਨੂੰ ਭੇਜਿਆ ਗਿਆ ਹੈ।

ਅੰਬਾਲਾ ਡਿਵੀਜ਼ਨ ਦੇ ਸੀਨੀਅਰ ਡੀਸੀਐਮ ਮੁਤਾਬਕ ਅੰਬਾਲਾ ਇੱਕ ਮਹੱਤਵਪੂਰਨ ਥਰੂ ਡਿਵੀਜ਼ਨ ਹੈ, ਜਿੱਥੋਂ ਕਈ ਹੋਰ ਮੰਡਲਾਂ ਦੀਆਂ ਟਰੇਨਾਂ ਵੀ ਲੰਘਦੀਆਂ ਹਨ। ਇਸ ਸਮੇਂ ਮਨਜ਼ੂਰੀ ਮਿਲੀਆਂ ਚਾਰ ਫੈਸਟੀਵਲ ਸਪੈਸ਼ਲ ਟਰੇਨਾਂ ਵਿੱਚ ਚੰਡੀਗੜ੍ਹ-ਪਟਨਾ, ਚੰਡੀਗੜ੍ਹ-ਬਨਾਰਸ, ਅੰਬਾਲਾ-ਮਊ ਅਤੇ ਬਠਿੰਡਾ-ਬਨਾਰਸ ਸਪੈਸ਼ਲ ਟਰੇਨਾਂ ਸ਼ਾਮਲ ਹਨ।

ਇਸ ਤੋਂ ਇਲਾਵਾ ਅੰਬਾਲਾ ਮੰਡਲ ਵੱਲੋਂ ਪੰਜ ਹੋਰ ਸਪੈਸ਼ਲ ਟਰੇਨਾਂ ਚਲਾਉਣ ਦਾ ਪ੍ਰਸਤਾਵ ਭੇਜਿਆ ਗਿਆ ਹੈ। ਇਨ੍ਹਾਂ ਵਿੱਚ ਚੰਡੀਗੜ੍ਹ-ਕਟਿਹਾਰ, ਚੰਡੀਗੜ੍ਹ-ਬਨਾਰਸ, ਚੰਡੀਗੜ੍ਹ-ਲਖਨਊ, ਬਠਿੰਡਾ-ਲਖਨਊ ਅਤੇ ਸਰਹਿੰਦ-ਸਹਰਸਾ ਸਪੈਸ਼ਲ ਟਰੇਨਾਂ ਸ਼ਾਮਲ ਹਨ। ਰੇਲਵੇ ਅਧਿਕਾਰੀਆਂ ਮੁਤਾਬਕ ਤਿਉਹਾਰੀ ਸੀਜ਼ਨ ਦੌਰਾਨ ਜਿਵੇਂ-ਜਿਵੇਂ ਯਾਤਰੀਆਂ ਦੀ ਗਿਣਤੀ ਵਧੇਗੀ, ਲੋੜ ਅਨੁਸਾਰ ਇਨ੍ਹਾਂ ਟਰੇਨਾਂ ਨੂੰ ਵੀ ਨੋਟੀਫਾਈ ਕਰਕੇ ਚਲਾਇਆ ਜਾ ਸਕਦਾ ਹੈ।

ਅਧਿਕਾਰੀਆਂ ਨੇ ਦੱਸਿਆ ਕਿ ਦਸਹਿਰੇ ਤੋਂ ਪਹਿਲਾਂ ਹੀ ਟਰੇਨਾਂ ਵਿੱਚ ਯਾਤਰੀਆਂ ਦੀ ਭੀੜ ਵਧਣੀ ਸ਼ੁਰੂ ਹੋ ਜਾਂਦੀ ਹੈ ਅਤੇ ਛੱਠ ਪੂਜਾ ਤੱਕ ਇਹ ਰੁਝਾਨ ਜਾਰੀ ਰਹਿੰਦਾ ਹੈ। ਇਸੇ ਨੂੰ ਧਿਆਨ ਵਿੱਚ ਰੱਖਦਿਆਂ ਕੁਝ ਸਪੈਸ਼ਲ ਟਰੇਨਾਂ ਨੂੰ 1 ਅਕਤੂਬਰ ਤੋਂ ਹੀ ਨੋਟੀਫਾਈ ਕੀਤਾ ਜਾ ਚੁੱਕਾ ਹੈ। ਯਾਤਰੀਆਂ ਦੀ ਗਿਣਤੀ ਵਧਣ ਦੀ ਸੂਰਤ ਵਿੱਚ ਹੋਰ ਵਾਧੂ ਟਰੇਨਾਂ ਵੀ ਚਲਾਈਆਂ ਜਾਣਗੀਆਂ।

ਰੇਲਵੇ ਪ੍ਰਸ਼ਾਸਨ ਵੱਲੋਂ ਯਾਤਰੀਆਂ ਦੀ ਸਹੂਲਤ ਲਈ ਰੇਲਵੇ ਸਟੇਸ਼ਨਾਂ ’ਤੇ ਵਾਧੂ ਟਿਕਟ ਕਾਊਂਟਰ ਖੋਲ੍ਹਣ ਦੀ ਵੀ ਤਿਆਰੀ ਕੀਤੀ ਜਾ ਰਹੀ ਹੈ। ਇਸ ਦੇ ਨਾਲ ਹੀ ਸੁਰੱਖਿਆ ਪ੍ਰਬੰਧ ਵੀ ਮਜ਼ਬੂਤ ਕੀਤੇ ਜਾਣਗੇ। RPF ਵੱਲੋਂ ਲੋੜ ਅਨੁਸਾਰ ਵਾਧੂ ਬਲ ਤਾਇਨਾਤ ਕੀਤਾ ਜਾਵੇਗਾ, ਤਾਂ ਜੋ ਤਿਉਹਾਰੀ ਸੀਜ਼ਨ ਦੌਰਾਨ ਸਟੇਸ਼ਨਾਂ ’ਤੇ ਭੀੜ ਨੂੰ ਸੁਚੱਜੇ ਢੰਗ ਨਾਲ ਸੰਭਾਲਿਆ ਜਾ ਸਕੇ ਅਤੇ ਯਾਤਰੀ ਸੁਰੱਖਿਅਤ ਤਰੀਕੇ ਨਾਲ ਆਪਣੀ ਮੰਜ਼ਿਲ ਤੱਕ ਪਹੁੰਚ ਸਕਣ।

ਰੇਲਵੇ ਨੇ ਯਾਤਰੀਆਂ ਨੂੰ ਅਪੀਲ ਕੀਤੀ ਹੈ ਕਿ ਵਧਦੀ ਭੀੜ ਨੂੰ ਦੇਖਦਿਆਂ ਘਬਰਾਉਣ ਦੀ ਬਜਾਏ ਸਬਰ ਬਣਾਈ ਰੱਖਣ। ਅਧਿਕਾਰੀਆਂ ਮੁਤਾਬਕ ਯਾਤਰੀਆਂ ਦੀ ਸਹੂਲਤ ਲਈ ਅੰਬਾਲਾ ਮੰਡਲ ਦੇ ਨਾਲ-ਨਾਲ ਹੋਰ ਮੰਡਲਾਂ ਵੱਲੋਂ ਚਲਾਈਆਂ ਜਾਣ ਵਾਲੀਆਂ ਸਪੈਸ਼ਲ ਟਰੇਨਾਂ ਵੀ ਅੰਬਾਲਾ ਰਾਹੀਂ ਲੰਘਣਗੀਆਂ।

LEAVE A REPLY

Please enter your comment!
Please enter your name here