ਰਾਏਕੋਟ: ਪੰਜਾਬ ਵਿੱਚ ਕਾਨੂੰਨ-ਵਿਵਸਥਾ ਨੂੰ ਲੈ ਕੇ ਇੱਕ ਹੋਰ ਚਿੰਤਾਜਨਕ ਮਾਮਲਾ ਸਾਹਮਣੇ ਆਇਆ ਹੈ। ਲੁਧਿਆਣਾ ਜ਼ਿਲ੍ਹੇ ਦੇ ਰਾਏਕੋਟ ਸਥਿਤ ਹੀਰਾ ਸਿੰਘ ਰੋਡ ‘ਤੇ ਚੋਪੜਾ ਆਯੁਰਵੇਦਿਕ ਸੈਂਟਰ ਵਿੱਚ ਸਵੇਰੇ ਤੜਕੇ 6 ਲੁਟੇਰਿਆਂ ਨੇ ਮਰੀਜ਼ ਬਣ ਕੇ ਦਾਖਲ ਹੋ ਕੇ ਡਾਕਟਰ ਨੂੰ ਬੰਦੀ ਬਣਾ ਲਿਆ ਅਤੇ ਪਿਸਤੌਲ ਦੀ ਨੋਕ ‘ਤੇ ਨਕਦੀ ਲੁੱਟ ਕੇ ਫਰਾਰ ਹੋ ਗਏ।
ਪੀੜਤ ਡਾ. ਵਿਜੇ ਕੁਮਾਰ ਚੋਪੜਾ ਨੇ ਦੱਸਿਆ ਕਿ ਉਹ ਸਵੇਰੇ ਕਰੀਬ 7 ਵਜੇ ਆਪਣੇ ਕਲੀਨਿਕ ਵਿੱਚ ਮੌਜੂਦ ਸਨ। ਇਸ ਦੌਰਾਨ ਇੱਕ ਵਿਅਕਤੀ ਮਰੀਜ਼ ਬਣ ਕੇ ਆਇਆ ਅਤੇ ਗਲੂਕੋਜ਼ ਲਗਾਉਣ ਦੀ ਗੱਲ ਕਹੀ। ਡਾਕਟਰ ਮੁਤਾਬਕ ਇਹੀ ਵਿਅਕਤੀ ਇੱਕ ਦਿਨ ਪਹਿਲਾਂ ਵੀ ਦਵਾਈ ਲੈਣ ਲਈ ਕਲੀਨਿਕ ਆਇਆ ਸੀ, ਜਿਸ ਕਾਰਨ ਉਸ ‘ਤੇ ਕਿਸੇ ਤਰ੍ਹਾਂ ਦਾ ਸ਼ੱਕ ਨਹੀਂ ਹੋਇਆ।
ਜਿਵੇਂ ਹੀ ਉਸ ਵਿਅਕਤੀ ਨੂੰ ਅੰਦਰ ਲਿਆਂਦਾ ਗਿਆ, ਉਸ ਦੇ ਪੰਜ ਹੋਰ ਸਾਥੀ ਵੀ ਕਲੀਨਿਕ ਵਿੱਚ ਦਾਖਲ ਹੋ ਗਏ। ਸਾਰੇ ਲੁਟੇਰਿਆਂ ਨੇ ਡਾਕਟਰ ਨਾਲ ਹੱਥੋਪਾਈ ਕੀਤੀ ਅਤੇ ਉਨ੍ਹਾਂ ਨੂੰ ਇੱਕ ਕਮਰੇ ਵਿੱਚ ਬੰਦੀ ਬਣਾ ਦਿੱਤਾ। ਇਸ ਦੌਰਾਨ ਇੱਕ ਲੁਟੇਰੇ ਨੇ ਪਿਸਤੌਲ ਤਾਣ ਕੇ ਨਕਦੀ ਦੀ ਮੰਗ ਕੀਤੀ, ਜਦਕਿ ਹੋਰਨਾਂ ਨੇ ਡਾਕਟਰ ਦਾ ਮੂੰਹ ਟੇਪ ਨਾਲ ਬੰਦ ਕਰਨ ਦੀ ਵੀ ਕੋਸ਼ਿਸ਼ ਕੀਤੀ।
ਲੁਟੇਰਿਆਂ ਨੇ ਕਲੀਨਿਕ ਦੀ ਦਰਾਜ ਵਿੱਚ ਪਏ ਕਰੀਬ ਡੇਢ ਲੱਖ ਰੁਪਏ ਦੀ ਨਕਦੀ ਅਤੇ ਡਾਕਟਰ ਦਾ ਪਰਸ ਲੁੱਟ ਲਿਆ। ਇੰਨਾ ਹੀ ਨਹੀਂ, ਉਹ ਘਰ ਅੰਦਰ ਵੀ ਦਾਖਲ ਹੋਏ, ਜਿੱਥੇ ਡਾਕਟਰ ਦੀ ਪਤਨੀ ਅਤੇ ਪੁੱਤਰ ਨਾਲ ਵੀ ਹੱਥੋਪਾਈ ਕੀਤੀ। ਵਾਰਦਾਤ ਤੋਂ ਬਾਅਦ ਮੁਲਜ਼ਮ ਮੌਕੇ ਤੋਂ ਫਰਾਰ ਹੋ ਗਏ, ਪਰ ਜਾਂਦੇ ਸਮੇਂ ਆਪਣਾ ਇੱਕ ਮੋਟਰਸਾਈਕਲ ਉੱਥੇ ਹੀ ਛੱਡ ਗਏ।
ਘਟਨਾ ਦੀ ਸੂਚਨਾ ਮਿਲਣ ‘ਤੇ ਥਾਣਾ ਸਿਟੀ ਰਾਏਕੋਟ ਦੇ ਇੰਚਾਰਜ ਇੰਸਪੈਕਟਰ ਪਰਮਿੰਦਰ ਸਿੰਘ ਪੁਲਿਸ ਟੀਮ ਸਮੇਤ ਮੌਕੇ ‘ਤੇ ਪਹੁੰਚੇ ਅਤੇ ਜਾਂਚ ਸ਼ੁਰੂ ਕਰ ਦਿੱਤੀ। ਪੁਲਿਸ ਵੱਲੋਂ ਕਲੀਨਿਕ ਅਤੇ ਆਸ-ਪਾਸ ਲੱਗੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਖੰਗਾਲੀ ਜਾ ਰਹੀ ਹੈ। ਪੁਲਿਸ ਦਾ ਕਹਿਣਾ ਹੈ ਕਿ ਲੁਟੇਰਿਆਂ ਦੀ ਪਛਾਣ ਕਰਕੇ ਉਨ੍ਹਾਂ ਨੂੰ ਜਲਦੀ ਕਾਬੂ ਕਰ ਲਿਆ ਜਾਵੇਗਾ।





