ਪਟਿਆਲਾ : ਸ਼ਹਿਰੀ ਹਵਾ ਦੀ ਗੁਣਵੱਤਾ ਵਿੱਚ ਸੁਧਾਰ ਲਿਆਉਣ ਵੱਲ ਇੱਕ ਮਹੱਤਵਪੂਰਨ ਕਦਮ ਚੁੱਕਦੇ ਹੋਏ, ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਅਤੇ ਨਗਰ ਨਿਗਮ ਨੇ ਮੇਅਰ ਕੁੰਦਨ ਗੋਗੀਆ, ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਚੇਅਰਪਰਸਨ ਰੀਨਾ ਗੁਪਤਾ, ਡਿਪਟੀ ਕਮਿਸ਼ਨਰ ਵਰਜੀਤ ਵਾਲੀਆ ਅਤੇ ਨਗਰ ਨਿਗਮ ਕਮਿਸ਼ਨਰ ਪਰਮਜੀਤ ਸਿੰਘ ਦੀ ਮੌਜੂਦਗੀ ਵਿੱਚ ਇੱਥੇ ਬਡੂੰਗਰ ਸ਼ਮਸ਼ਾਨਘਾਟ ਵਿਖੇ ਸੂਬੇ ਦੇ ਪਹਿਲੇ ਹਵਾ ਪ੍ਰਦੂਸ਼ਣ ਕੰਟਰੋਲ ਯੰਤਰ (ਏ.ਪੀ.ਸੀ.ਡੀ) ਦਾ ਉਦਘਾਟਨ ਕੀਤਾ ਗਿਆ।
ਪਟਿਆਲਾ ਵਿਖੇ ਇਹ ਯੰਤਰ ਰਾਸ਼ਟਰੀ ਸਾਫ਼ ਹਵਾ ਪ੍ਰੋਗਰਾਮ (ਐਨਕੈਪ) ਅਧੀਨ ਇੱਕ ਪਾਇਲਟ ਪ੍ਰੋਜੈਕਟ ਵਜੋਂ ਲਗਾਇਆ ਗਿਆ ਹੈ, ਇਸ ਪਹਿਲਕਦਮੀ ਨੂੰ ਸਾਰੇ ਗੈਰ-ਪ੍ਰਾਪਤੀ (ਨਾਨ ਅਟੇਨਮੈਂਟ) ਸ਼ਹਿਰਾਂ ਵਿੱਚ ਦੁਹਰਾਉਣ ਅਤੇ ਬਾਅਦ ਵਿੱਚ ਪੂਰੇ ਪੰਜਾਬ ਵਿੱਚ ਲਗਾਇਆ ਜਾਵੇਗਾ।
ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਚੇਅਰਪਰਸਨ, ਰੀਨਾ ਗੁਪਤਾ ਨੇ ਕਿਹਾ, “ਹਵਾ ਗੁਣਵੱਤਾ ਪ੍ਰਬੰਧਨ ਅਜਿਹੇ ਹੱਲ ਦੀ ਮੰਗ ਕਰਦਾ ਹੈ ਜੋ ਵਿਗਿਆਨਕ ਤੌਰ ‘ਤੇ ਸਹੀ ਅਤੇ ਸਮਾਜਿਕ ਤੌਰ ‘ਤੇ ਸਵੀਕਾਰਯੋਗ ਹੋਣ। ਉਨ੍ਹਾਂ ਕਿਹਾ ਕਿ ਪਰੰਪਰਾਗਤ ਸਸਕਾਰ ਅਭਿਆਸ ਸਾਡੇ ਸੱਭਿਆਚਾਰਕ ਤਾਣੇ-ਬਾਣੇ ਦਾ ਇੱਕ ਅਨਿੱਖੜਵਾਂ ਅੰਗ ਹਨ, ਅਤੇ ਇਹ ਪਹਿਲਕਦਮੀ ਦਰਸਾਉਂਦੀ ਹੈ ਕਿ ਤਕਨਾਲੋਜੀ ਪਰੰਪਰਾ ਦੇ ਰਲ ਕੇ ਵਾਤਾਵਰਣ ਸੰਭਾਲ ਦੀ ਜ਼ਿੰਮੇਵਾਰੀ ਨਾਲ ਕਿਵੇਂ ਮੇਲ ਖਾਂਦੀ ਹੈ। ਉਨ੍ਹਾਂ ਕਿਹਾ ਕਿ ਇਸ ਹਵਾ ਪ੍ਰਦੂਸ਼ਣ ਨਿਯੰਤਰਣ ਯੰਤਰ ਦੀ ਸਥਾਪਨਾ ਪ੍ਰਦੂਸ਼ਣ ਨੂੰ ਉਸ ਦੇ ਪੈਦਾ ਹੋਣ ਵਾਲੇ ਸਰੋਤ ‘ਤੇ ਘਟਾਉਣ ਵੱਲ ਇੱਕ ਮੋਹਰੀ ਕਦਮ ਹੈ, ਅਤੇ ਬੋਰਡ ਸਭ ਲਈ ਸਾਫ਼ ਹਵਾ ਮੁਹੱਈਆ ਕਰਵਾਉਣ ਨੂੰ ਯਕੀਨੀ ਬਣਾਉਣ ਲਈ ਪੰਜਾਬ ਦੇ ਸਾਰੇ ਗੈਰ-ਪ੍ਰਾਪਤੀ ਸ਼ਹਿਰਾਂ ਵਿੱਚ ਇਸ ਮਾਡਲ ਨੂੰ ਸਥਾਪਤ ਕਰਨ ਲਈ ਵਚਨਬੱਧ ਹੈ।”
ਇਸ ਮੌਕੇ ਮੇਅਰ ਕੁੰਦਨ ਗੋਗੀਆ ਨੇ ਕਿਹਾ ਕਿ ਇਹ ਪਹਿਲਕਦਮੀ ਪੰਜਾਬ ਦੀ ਸਾਫ਼ ਹਵਾ ਰਣਨੀਤੀ ਵਿੱਚ ਇੱਕ ਮਹੱਤਵਪੂਰਨ ਤਰੱਕੀ ਨੂੰ ਦਰਸਾਉਂਦੀ ਹੈ। ਡਿਪਟੀ ਕਮਿਸ਼ਨਰ ਵਰਜੀਤ ਵਾਲੀਆ ਨੇ ਕਿਹਾ ਕਿ ਐਨ ਕੈਪ ਅਧੀਨ ਇਹ ਪਾਇਲਟ ਪ੍ਰੋਜੈਕਟ ਦੂਜੇ ਸ਼ਹਿਰਾਂ ਲਈ ਇੱਕ ਮਾਡਲ ਵਜੋਂ ਕੰਮ ਕਰੇਗਾ ਅਤੇ ਨਾਲ ਹੀ ਸਾਡੀਆਂ ਰਵਾਇਤਾਂ ਤੇ ਪ੍ਰੰਪਰਾਵਾਂ ਦਾ ਸਤਿਕਾਰ ਕਰਦੇ ਹੋਏ ਹਵਾ ਪ੍ਰਦੂਸ਼ਣ ਵਿੱਚ ਕਮੀ ਨੂੰ ਵੀ ਯਕੀਨੀ ਬਣਾਏਗਾ।
ਨਵਾਂ ਸਥਾਪਿਤ ਏਪੀਸੀਡੀ ਕਣ ਪਦਾਰਥ ਦੇ ਨਿਕਾਸ (ਪੀਐਮ 10 ਅਤੇ ਪੀਐਮ 2.5) ਨੂੰ ਮਹੱਤਵਪੂਰਨ ਤੌਰ ‘ਤੇ ਘਟਾਉਣ ਲਈ ਤਿਆਰ ਕੀਤਾ ਗਿਆ ਹੈ, ਇਸ ਤਰ੍ਹਾਂ ਸ਼ਹਿਰੀ ਹਵਾ ਪ੍ਰਦੂਸ਼ਣ ਵਿੱਚ ਇੱਕ ਮਹੱਤਵਪੂਰਨ ਪਰ ਅਕਸਰ ਅਣਦੇਖੇ ਕੀਤੇ ਜਾਣ ਵਾਲੇ ਯੋਗਦਾਨ ਨੂੰ ਘੱਟ ਕਰਦਾ ਹੈ। ਡਿਪਟੀ ਕਮਿਸ਼ਨਰ ਨੇ ਕਿਹਾ ਕਿ ਅਜਿਹੇ ਉਪਰਾਲੇ ਹਵਾ ਪ੍ਰਦੂਸ਼ਣ ਨੂੰ ਉਸਦੇ ਸਰੋਤ ‘ਤੇ ਹੀ ਘਟਾਉਣ ਦੀ ਵਿਆਪਕ ਰਣਨੀਤੀ ਨਾਲ ਮੇਲ ਖਾਂਦਾ ਹੈ, ਜੋ ਕਿ ਪ੍ਰਭਾਵਸ਼ਾਲੀ ਹਵਾ ਗੁਣਵੱਤਾ ਪ੍ਰਬੰਧਨ ਅਤੇ ਜਨਤਕ ਸਿਹਤ ਸੁਰੱਖਿਆ ਲਈ ਜ਼ਰੂਰੀ ਹੈ।
ਇਸ ਦੌਰਾਨ ਪੀਪੀਸੀਬੀ ਦੇ ਮੈਂਬਰ ਸਕੱਤਰ, ਡਾ. ਲਵਨੀਤ ਦੂਬੇ ਨੇ ਕਿਹਾ ਕਿ “ਸ਼ਮਸ਼ਾਨਘਾਟ, ਭਾਵੇਂ ਵਿਅਕਤੀਗਤ ਤੌਰ ‘ਤੇ ਮਾਮੂਲੀ ਹਵਾ ਪ੍ਰਦੂਸ਼ਣ ਦਾ ਯੋਗਦਾਨ ਪਾਉਂਦਾ ਹੈ, ਪਰ ਇਹ ਸਮੂਹਿਕ ਤੌਰ ‘ਤੇ ਸ਼ਹਿਰੀ ਹਵਾ ਦੀ ਗੁਣਵੱਤਾ ਨੂੰ ਪ੍ਰਭਾਵਤ ਕਰਦਾ ਹੈ। ਇਨ੍ਹਾਂ ਥਾਵਾਂ ‘ਤੇ ਪ੍ਰਦੂਸ਼ਣ ਨਿਯੰਤਰਣ ਯੰਤਰਾਂ ਨੂੰ ਲਗਾ ਕੇ, ਅਸੀਂ ਆਪਣੀਆਂ ਸਾਫ਼ ਹਵਾ ਕਾਰਜ ਯੋਜਨਾਵਾਂ ਵਿੱਚ ਇੱਕ ਮਹੱਤਵਪੂਰਨ ਪਾੜੇ ਨੂੰ ਦੂਰ ਕਰ ਰਹੇ ਹਾਂ। ਉਨ੍ਹਾਂ ਕਿਹਾ ਕਿ ਪੀਪੀਸੀਬੀ ਯੋਜਨਾਬੱਧ ਵਿਸਥਾਰ ਤੋਂ ਪਹਿਲਾਂ ਪ੍ਰਭਾਵਸ਼ੀਲਤਾ ਅਤੇ ਜ਼ਰੂਰੀ ਸੁਧਾਰਾਂ ਨੂੰ ਮਾਪਣ ਲਈ ਏਪੀਸੀਡੀ ਦੀ ਸਥਾਪਨਾ ਤੋਂ ਪਹਿਲਾਂ ਅਤੇ ਬਾਅਦ ਦਾ ਅਧਿਐਨ ਵੀ ਕਰ ਰਿਹਾ ਹੈ।






