Home Punjab ਰਾਜ ਸਭਾ ਵਿੱਚ ਗੂੰਜਿਆ ਪੰਜਾਬ ਦੇ ਪਾਣੀਆਂ ਦਾ ਮਸਲਾ, ਸੰਤ ਸੀਚੇਵਾਲ ਨੇ...

ਰਾਜ ਸਭਾ ਵਿੱਚ ਗੂੰਜਿਆ ਪੰਜਾਬ ਦੇ ਪਾਣੀਆਂ ਦਾ ਮਸਲਾ, ਸੰਤ ਸੀਚੇਵਾਲ ਨੇ ਕੇਂਦਰ ਨੂੰ ਘੇਰਿਆ

0
40

ਸੁਲਤਾਨਪੁਰ ਲੋਧੀ: ਖੇਤੀ ਪ੍ਰਧਾਨ ਸੂਬੇ ਪੰਜਾਬ ਵਿੱਚ ਧਰਤੀ ਹੇਠਲੇ ਪਾਣੀ ਦੇ ਲਗਾਤਾਰ ਡਿੱਗਦੇ ਪੱਧਰ ਦਾ ਮਸਲਾ ਇੱਕ ਵਾਰ ਫਿਰ ਰਾਜ ਸਭਾ ਵਿੱਚ ਉੱਠਿਆ। ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਨੇ ਗੰਭੀਰ ਚਿੰਤਾ ਜਤਾਉਂਦਿਆਂ ਕੇਂਦਰ ਸਰਕਾਰ ਨੂੰ ਸਿੱਧੇ ਸਵਾਲ ਕੀਤੇ ਅਤੇ ਚੇਤਾਵਨੀ ਦਿੱਤੀ ਕਿ ਜੇ ਪਾਣੀ ਸੰਕਟ ਨੂੰ ਗੰਭੀਰਤਾ ਨਾਲ ਨਾ ਲਿਆ ਗਿਆ ਤਾਂ ਪੰਜਾਬ ਦੀ ਕਿਸਾਨੀ ਅਤੇ ਮਜ਼ਦੂਰ ਵਰਗ ਨੂੰ ਭਾਰੀ ਨੁਕਸਾਨ ਝੱਲਣਾ ਪੈ ਸਕਦਾ ਹੈ।

ਉਨ੍ਹਾਂ ਕਿਹਾ ਕਿ ਖੇਤੀ ਪ੍ਰਧਾਨ ਸੂਬੇ ਦੀ ਆਰਥਿਕਤਾ ਪਾਣੀਆਂ ਦੇ ਆਸਰੇ ਹੈ ਅਤੇ ਧਰਤੀ ਹੇਠਲੇ ਪਾਣੀ ’ਤੇ ਵਧਦਾ ਦਬਾਅ ਚਿੰਤਾਜਨਕ ਹੈ।

ਕੇਂਦਰ ਸਰਕਾਰ ਦਾ ਜਵਾਬ

ਸੰਤ ਸੀਚੇਵਾਲ ਦੇ ਸਵਾਲ ਦੇ ਜਵਾਬ ਵਿੱਚ ਕੇਂਦਰੀ ਜਲ ਸਰੋਤਾਂ ਬਾਰੇ ਰਾਜ ਮੰਤਰੀ ਰਾਜ ਭੂਸ਼ਨ ਚੌਧਰੀ ਨੇ ਦੱਸਿਆ ਕਿ ਕੇਂਦਰੀ ਭੂ-ਜਲ ਬੋਰਡ ਦੀ 2015 ਤੋਂ 2025 ਤੱਕ ਦੀ ਰਿਪੋਰਟ ਅਨੁਸਾਰ ਪੰਜਾਬ ਦੇ 57% ਨਿਗਰਾਨੀ ਖੂਹਾਂ ਵਿੱਚ ਪਾਣੀ ਦੇ ਪੱਧਰ ਵਿੱਚ ਵਾਧਾ ਦਰਜ ਹੋਇਆ ਹੈ, ਜਦਕਿ 43% ਖੂਹਾਂ ਵਿੱਚ ਘਟਾਅ ਆਈ ਹੈ।

ਕੁੱਲ 186 ਖੂਹਾਂ ਦੇ ਅਧਿਐਨ ਵਿੱਚੋਂ 106 ਖੂਹਾਂ ਵਿੱਚ ਵਾਧਾ ਅਤੇ 78 ਵਿੱਚ ਘਟਾਅ ਦਰਜ ਕੀਤੀ ਗਈ। ਹਾਲਾਂਕਿ ਕਈ ਥਾਵਾਂ ’ਤੇ ਵਾਧਾ ਸਿਰਫ਼ 0 ਤੋਂ 2 ਮੀਟਰ ਤੱਕ ਹੀ ਸੀ।

 ਜ਼ਿਲ੍ਹਾ ਵਾਰ ਹਾਲਾਤ

  • ਸੰਗਰੂਰ: 4 ਖੂਹਾਂ ਵਿੱਚ ਘਟਾਅ

  • ਬਰਨਾਲਾ: 3 ਖੂਹਾਂ ਵਿੱਚ ਘਟਾਅ

  • ਮਾਲੇਰਕੋਟਲਾ: 1 ਖੂਹ ਵਿੱਚ ਘਟਾਅ

  • ਫਾਜ਼ਿਲਕਾ: 10 ਵਿੱਚੋਂ 10 ਖੂਹਾਂ ਵਿੱਚ ਵਾਧਾ

  • ਰੋਪੜ: 7 ਖੂਹਾਂ ਵਿੱਚ ਵਾਧਾ

  • ਅੰਮ੍ਰਿਤਸਰ: 4 ਖੂਹਾਂ ਵਿੱਚ ਵਾਧਾ

  • ਹੁਸ਼ਿਆਰਪੁਰ: 19 ਵਿੱਚੋਂ 17 ਖੂਹਾਂ ਵਿੱਚ ਵਾਧਾ

  • ਬਠਿੰਡਾ: 17 ਵਿੱਚੋਂ ਸਿਰਫ਼ 4 ਵਿੱਚ ਵਾਧਾ

  • ਪਟਿਆਲਾ: 12 ਵਿੱਚੋਂ 8 ਖੂਹਾਂ ਵਿੱਚ ਘਟਾਅ

  • ਲੁਧਿਆਣਾ: 9 ਵਿੱਚੋਂ 8 ਖੂਹਾਂ ਵਿੱਚ ਘਟਾਅ

ਅਟਲ-ਭੂ-ਜਲ ਯੋਜਨਾ ਤੋਂ ਬਾਹਰ ਪੰਜਾਬ

ਸੰਤ ਸੀਚੇਵਾਲ ਨੇ ਦੱਸਿਆ ਕਿ ਜਦੋਂ ਉਹ ਜਲ ਸਰੋਤਾਂ ਬਾਰੇ ਸਥਾਈ ਸੰਸਦੀ ਕਮੇਟੀ ਦੇ ਮੈਂਬਰ ਸਨ ਤਾਂ ਉਨ੍ਹਾਂ ਨੇ ਪੰਜਾਬ ਨੂੰ ਅਟਲ ਭੁ-ਜਲ ਯੋਜਨਾ ਦੇ ਦਾਇਰੇ ਵਿੱਚ ਲਿਆਉਣ ਲਈ ਕਈ ਵਾਰ ਜ਼ੋਰ ਲਾਇਆ, ਪਰ ਕੇਂਦਰ ਸਰਕਾਰ ਨੇ ਪੰਜਾਬ ਨੂੰ ਇਸ ਯੋਜਨਾ ਤੋਂ ਬਾਹਰ ਰੱਖਿਆ, ਜਿਸਨੂੰ ਉਨ੍ਹਾਂ ਨੇ ਸੂਬੇ ਨਾਲ ਅਣਦੇਖੀ ਕਰਾਰ ਦਿੱਤਾ।

ਪਾਣੀ ਘਟਣ ਦੇ ਕਾਰਨ

ਕੇਂਦਰੀ ਰਾਜ ਮੰਤਰੀ ਨੇ ਮੰਨਿਆ ਕਿ ਪੰਜਾਬ ਵਿੱਚ ਭੂਗਰਭ ਜਲ ਘਟਣ ਦੇ ਮੁੱਖ ਕਾਰਨ ਹਨ:

  • ਜੰਗਲਾਂ ਦੀ ਬੇਰਹਿਮ ਕੱਟਾਈ

  • ਭੂਗਰਭ ਜਲ ਦੀ ਬੇਹਿਸਾਬ ਖਪਤ

  • ਸਾਲਾਨਾ ਰੀਚਾਰਜ ਸਮਰੱਥਾ ਨਾਲੋਂ ਵੱਧ ਪਾਣੀ ਕੱਢਣਾ

  • ਝੋਨੇ ਹੇਠ ਵਧਦਾ ਰਕਬਾ

ਉਨ੍ਹਾਂ ਕਿਹਾ ਕਿ ਮੀਂਹ ਭੂਗਰਭ ਜਲ ਦੀ ਮੁੱਖ ਭਰਪਾਈ ਕਰਦਾ ਹੈ ਅਤੇ ਆਧੁਨਿਕ ਸਿੰਚਾਈ ਤਰੀਕੇ ਅਪਣਾਉਣ ਨਾਲ ਪਾਣੀ ਦੀ ਬਚਤ ਸੰਭਵ ਹੈ।

ਸੰਤ ਸੀਚੇਵਾਲ ਨੇ ਆਖਿਰ ਵਿੱਚ ਚੇਤਾਵਨੀ ਦਿੱਤੀ ਕਿ ਜੇ ਤੁਰੰਤ ਅਤੇ ਢੁਕਵੇਂ ਕਦਮ ਨਾ ਚੁੱਕੇ ਗਏ ਤਾਂ ਪੰਜਾਬ ਦੀ ਧਰਤੀ ਅਤੇ ਖੇਤੀ ਪ੍ਰਣਾਲੀ ਨੂੰ ਭਵਿੱਖ ਵਿੱਚ ਗੰਭੀਰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਵੇਗਾ।

LEAVE A REPLY

Please enter your comment!
Please enter your name here