Wednesday, July 8, 2026
Home Punjab Malerkotla ਪੰਜਾਬ ਸਰਕਾਰ ਬੇਸਹਾਰਾ ਗਊਧਨ ਦੀ ਸਾਂਭ-ਸੰਭਾਲ ਲਈ ਵਚਨਬੱਧ; ਗਊਧਨ ਨੂੰ ਜਲਦ ਗਊਸ਼ਾਲਾਵਾਂ...

ਪੰਜਾਬ ਸਰਕਾਰ ਬੇਸਹਾਰਾ ਗਊਧਨ ਦੀ ਸਾਂਭ-ਸੰਭਾਲ ਲਈ ਵਚਨਬੱਧ; ਗਊਧਨ ਨੂੰ ਜਲਦ ਗਊਸ਼ਾਲਾਵਾਂ ਵਿੱਚ ਕੀਤਾ ਜਾਵੇਗਾ ਸ਼ਿਫਟ -ਕੀਮਤੀ ਭਗਤ

0
1

·         ਗਊਸ਼ਾਲਾਵਾਂ ਲਈ ਪ੍ਰਤੀ ਗਊ ਰੋਜ਼ਾਨਾ ਸਹਾਇਤਾ ਰਾਸ਼ੀ ਵਧਾ ਕੇ 61 ਰੁਪਏ ਕੀਤੀ; ਬਿਜਲੀ ਬਿੱਲ ਮੁਆਫ਼ੀ ਦੇ ਕੇਸ ਤੁਰੰਤ ਭੇਜਣ ਦੇ ਨਿਰਦੇਸ਼

·         ਗਊਆਂ ਨੂੰ ਅਵਾਰਾ ਛੱਡਣ ਵਾਲਿਆਂ ਖ਼ਿਲਾਫ਼ ਸਖ਼ਤ ਕਾਰਵਾਈ, ਗਊਸ਼ਾਲਾਵਾਂ ਵਿੱਚ ਸਿਹਤ ਜਾਂਚ ਅਤੇ ਰਿਕਾਰਡ ਸੰਭਾਲ ਨੂੰ ਯਕੀਨੀ ਬਣਾਉਣ ਦੀ ਹਦਾਇਤ

ਮਾਲੇਰਕੋਟਲਾ:

ਪੰਜਾਬ ਗਊ ਸੇਵਾ ਕਮਿਸ਼ਨ ਦੇ ਉਪ ਚੇਅਰਮੈਨ ਕੀਮਤੀ ਭਗਤ ਨੇ ਕਿਹਾ ਕਿ ਪੰਜਾਬ ਸਰਕਾਰ ਸੂਬੇ ਵਿੱਚ ਬੇਸਹਾਰਾ, ਅਵਾਰਾ ਅਤੇ ਲਾਵਾਰਿਸ ਗਊਧਨ ਦੀ ਸੁਚੱਜੀ ਸਾਂਭ-ਸੰਭਾਲ ਲਈ ਪੂਰੀ ਤਰ੍ਹਾਂ ਵਚਨਬੱਧ ਹੈ। ਇਸੇ ਤਹਿਤ ਸੜਕਾਂ ਅਤੇ ਜਨਤਕ ਥਾਵਾਂ ‘ਤੇ ਘੁੰਮ ਰਹੇ ਗਊਧਨ ਨੂੰ ਜਲਦ ਹੀ ਸਰਕਾਰੀ ਅਤੇ ਪ੍ਰਾਈਵੇਟ ਗਊਸ਼ਾਲਾਵਾਂ ਵਿੱਚ ਭੇਜਣ ਦੀ ਮੁਹਿੰਮ ਨੂੰ ਤੇਜ਼ ਕੀਤਾ ਜਾਵੇਗਾ, ਜਿਸ ਨਾਲ ਨਾ ਸਿਰਫ਼ ਗਊਧਨ ਦੀ ਸੁਰੱਖਿਆ ਯਕੀਨੀ ਬਣੇਗੀ, ਸਗੋਂ ਸੜਕ ਹਾਦਸਿਆਂ, ਟਰੈਫਿਕ ਸਮੱਸਿਆ ਅਤੇ ਕਿਸਾਨਾਂ ਦੀਆਂ ਫ਼ਸਲਾਂ ਦੇ ਨੁਕਸਾਨ ਵਿੱਚ ਵੀ ਕਮੀ ਆਵੇਗੀ।

ਸਥਾਨਕ ਡਿਪਟੀ ਕਮਿਸ਼ਨਰ ਦਫ਼ਤਰ ਵਿਖੇ ਪ੍ਰਸ਼ਾਸਨਿਕ ਅਧਿਕਾਰੀਆਂ ਅਤੇ ਜ਼ਿਲ੍ਹੇ ਦੀਆਂ ਗਊਸ਼ਾਲਾਵਾਂ ਦੇ ਪ੍ਰਬੰਧਕਾਂ ਨਾਲ ਸਮੀਖਿਆ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਗਊਧਨ ਦੀ ਸੰਭਾਲ ਲਈ ਸੂਬਾ ਸਰਕਾਰ ਵੱਲੋਂ ਠੋਸ ਅਤੇ ਸਮੇਂਬੱਧ ਯੋਜਨਾ ਉੱਤੇ ਕੰਮ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਸਾਰੇ ਜ਼ਿਲ੍ਹਿਆਂ ਵਿੱਚ ਇਸ ਕਾਰਜ ਦੀ ਲਗਾਤਾਰ ਨਿਗਰਾਨੀ ਕੀਤੀ ਜਾ ਰਹੀ ਹੈ ਤਾਂ ਜੋ ਆਉਣ ਵਾਲੇ ਮਹੀਨਿਆਂ ਦੌਰਾਨ ਅਵਾਰਾ ਗਊਧਨ ਨੂੰ ਸੁਰੱਖਿਅਤ ਢੰਗ ਨਾਲ ਗਊਸ਼ਾਲਾਵਾਂ ਵਿੱਚ ਰੱਖਿਆ ਜਾ ਸਕੇ ।

ਉਪ ਚੇਅਰਮੈਨ ਨੇ ਨਗਰ ਕੌਂਸਲਾਂ ਅਤੇ ਸਥਾਨਕ ਸਰਕਾਰਾਂ ਦੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਉਹ ਆਪਣੇ ਖੇਤਰਾਂ ਵਿੱਚ ਵਿਸ਼ੇਸ਼ ਮੁਹਿੰਮ ਚਲਾ ਕੇ ਅਵਾਰਾ ਗਊਧਨ ਨੂੰ ਗਊਸ਼ਾਲਾਵਾਂ ਤੱਕ ਪਹੁੰਚਾਉਣ ਨੂੰ ਯਕੀਨੀ ਬਣਾਉਣ। ਇਸ ਦੇ ਨਾਲ ਹੀ ਸਰਕਾਰੀ ਗਊਸ਼ਾਲਾ ਦੀ ਸਥਾਪਨਾ ਲਈ ਲੋੜੀਂਦੀਆਂ ਸਾਰੀਆਂ ਪ੍ਰਸ਼ਾਸਨਿਕ ਕਾਰਵਾਈਆਂ ਨੂੰ ਤਰਜੀਹ ਦੇ ਆਧਾਰ ‘ਤੇ ਮੁਕੰਮਲ ਕਰਨ ਦੇ ਨਿਰਦੇਸ਼ ਵੀ ਦਿੱਤੇ।

ਕੀਮਤੀ ਭਗਤ ਨੇ ਪਸ਼ੂ ਪਾਲਣ ਵਿਭਾਗ ਦੇ ਅਧਿਕਾਰੀਆਂ ਨੂੰ ਗਊਸ਼ਾਲਾਵਾਂ ਦਾ ਨਿਯਮਿਤ ਦੌਰਾ ਕਰਕੇ ਗਊਧਨ ਦੀ ਸਿਹਤ ਜਾਂਚ, ਇਲਾਜ ਅਤੇ ਸੰਪੂਰਨ ਰਿਕਾਰਡ ਸੰਭਾਲ ਯਕੀਨੀ ਬਣਾਉਣ ਲਈ ਕਿਹਾ। ਉਨ੍ਹਾਂ ਇਹ ਵੀ ਹਦਾਇਤ ਕੀਤੀ ਕਿ ਜਿਨ੍ਹਾਂ ਗਊਸ਼ਾਲਾਵਾਂ ਦੇ ਬਿਜਲੀ ਬਿੱਲ ਮੁਆਫ਼ੀ ਦੇ ਕੇਸ ਲੰਬਿਤ ਹਨ, ਉਨ੍ਹਾਂ ਨੂੰ ਤੁਰੰਤ ਤਿਆਰ ਕਰਕੇ ਕਮਿਸ਼ਨ ਨੂੰ ਭੇਜਿਆ ਜਾਵੇ।

ਉਨ੍ਹਾਂ ਦੱਸਿਆ ਕਿ ਪੰਜਾਬ ਸਰਕਾਰ ਨੇ ਗਊਸ਼ਾਲਾਵਾਂ ਨੂੰ ਵੱਡੀ ਰਾਹਤ ਦਿੰਦਿਆਂ ਚਾਰੇ, ਸੁੱਕੇ ਚਾਰੇ ਅਤੇ ਹੋਰ ਖੁਰਾਕ ਲਈ ਪ੍ਰਤੀ ਗਊ ਰੋਜ਼ਾਨਾ ਸਹਾਇਤਾ ਰਾਸ਼ੀ ਵਧਾ ਕੇ 61 ਰੁਪਏ ਕਰ ਦਿੱਤੀ ਹੈ, ਜਿਸ ਨਾਲ ਗਊਸ਼ਾਲਾਵਾਂ ਦੀ ਆਰਥਿਕ ਮਜ਼ਬੂਤੀ ਅਤੇ ਗਊਧਨ ਦੀ ਬਿਹਤਰ ਦੇਖਭਾਲ ਸੰਭਵ ਹੋਵੇਗੀ।

ਉਪ ਚੇਅਰਮੈਨ ਨੇ ਨਗਰ ਨਿਗਮ ਅਤੇ ਨਗਰ ਕੌਂਸਲਾਂ ਨੂੰ ਸਪੱਸ਼ਟ ਨਿਰਦੇਸ਼ ਦਿੱਤੇ ਕਿ ਗਊਆਂ ਨੂੰ ਸੜਕਾਂ ‘ਤੇ ਅਵਾਰਾ ਛੱਡਣ ਵਾਲੇ ਡੇਅਰੀ ਫਾਰਮਾਂ ਅਤੇ ਹੋਰ ਵਿਅਕਤੀਆਂ ਖ਼ਿਲਾਫ਼ ਮਿਊਂਸਪਲ ਐਕਟ ਤਹਿਤ ਜੁਰਮਾਨੇ ਅਤੇ ਕਾਨੂੰਨੀ ਕਾਰਵਾਈ ਕੀਤੀ ਜਾਵੇ। ਇਸ ਤੋਂ ਇਲਾਵਾ ਜ਼ਿਲ੍ਹਾ ਪੁਲਿਸ ਨੂੰ ਗਊਧਨ ਦੀ ਸਮੱਗਲਿੰਗ ਦੇ ਮਾਮਲਿਆਂ ਵਿੱਚ ਸਖ਼ਤ ਨਿਗਰਾਨੀ ਰੱਖਣ ਅਤੇ ਦੋਸ਼ੀਆਂ ਵਿਰੁੱਧ ਤੁਰੰਤ ਐਫ.ਆਈ.ਆਰ. ਦਰਜ ਕਰਕੇ ਸਖ਼ਤ ਕਾਰਵਾਈ ਕਰਨ ਲਈ ਵੀ ਕਿਹਾ ਗਿਆ।

ਮੀਟਿੰਗ ਦੌਰਾਨ ਉਪ ਚੇਅਰਮੈਨ ਨੇ ਗਊਸ਼ਾਲਾ ਪ੍ਰਬੰਧਕਾਂ ਨਾਲ ਵਿਸਥਾਰਪੂਰਵਕ ਵਿਚਾਰ ਵਟਾਂਦਰਾ ਕਰਦਿਆਂ ਉਨ੍ਹਾਂ ਦੀਆਂ ਮੁਸ਼ਕਲਾਂ ਅਤੇ ਸੁਝਾਅ ਵੀ ਸੁਣੇ ਅਤੇ ਭਰੋਸਾ ਦਿੱਤਾ ਕਿ ਗਊਧਨ ਦੀ ਭਲਾਈ ਨਾਲ ਸਬੰਧਤ ਹਰੇਕ ਜਾਇਜ਼ ਮਸਲੇ ਦਾ ਤਰਜੀਹੀ ਆਧਾਰ ‘ਤੇ ਹੱਲ ਕੀਤਾ ਜਾਵੇਗਾ। ਉਨ੍ਹਾਂ ਪ੍ਰਸ਼ਾਸਨਿਕ ਅਧਿਕਾਰੀਆਂ ਅਤੇ ਜ਼ਿਲ੍ਹੇ ਦੀਆਂ ਗਊਸ਼ਾਲਾਵਾਂ ਦੇ ਪ੍ਰਬੰਧਕਾਂ ਨਾਲ ਸਮੀਖਿਆ ਮੀਟਿੰਗ ਉਪਰੰਤ ਪੱਤਰਕਾਰਾਂ ਨਾਲ ਵਿਸ਼ੇਸ ਮਿਲਣੀ ਵੀ ਕੀਤੀ

ਇਸ ਮੌਕੇ ਐਸ.ਡੀ.ਐਮ. ਕਨੂ ਗਰਗ, ਡੀ.ਐਸ.ਪੀ. ਮਾਨਵਜੀਤ ਸਿੰਘ, ਕਾਰਜ ਸਾਧਕ ਅਫ਼ਸਰ ਮਾਲੇਰਕੋਟਲਾ ਚੰਦਰ ਪ੍ਰਕਾਸ਼ ਵਧਵਾ, ਕਾਰਜ ਸਾਧਕ ਅਫ਼ਸਰ ਅਹਿਮਦਗੜ੍ਹ/ਅਮਰਗੜ੍ਹ ਅਸ਼ੀਸ਼ ਕੁਮਾਰ, ਗਊ ਰੱਖਿਆ ਦਲ ਦੇ ਪ੍ਰਧਾਨ ਸਤੀਸ਼ ਕੁਮਾਰ, ਸੰਕਰਾ ਨੰਦ ਗਿਰੀ, ਮੈਂਬਰ ਪੰਜਾਬ ਸਟੇਟ ਵੈਟਨਰੀ ਕੌਂਸਲ ਡਾ. ਪਰਮਿੰਦਰ ਸਿੰਘ, ਡਿਪਟੀ ਡਾਇਰੈਕਟਰ ਪਸ਼ੂ ਪਾਲਣ ਵਿਭਾਗ ਡਾ. ਸੁਖਵਿੰਦਰ ਸਿੰਘ, ਸੀਨੀਅਰ ਵੈਟਨਰੀ ਅਫਸਰ ਡਾ. ਪ੍ਰਦੀਪ ਸਿੰਘ, ਵੇੈਟਨਰੀ ਅਫਸਰ ਡਾ. ਵਿਕਰਮ ਕਪੂਰ, ਕਾਰਜ ਸਾਧਕ ਅਫਸਰ ਚੰਦਰ ਪ੍ਰਕਾਸ਼ ਵਧਵਾ, ਕਾਰਜ ਸਾਧਕ ਅਫਸਰ ਅਸ਼ੀਸ਼ ਕੁਮਾਰ, ਬੀ.ਡੀ.ਪੀ.ਓ ਬਬਲਜੀਤ ਕੌਰ, ਗਊ ਰਕਸ਼ਾ ਦਲ ਤੋਂ ਅਨੁਰਾਗ ਵਰਮਾ, ਨਵਤੇਜ ਸਿੰਘ, ਸੰਜੀਵ ਕੁਮਾਰ, ਐਡਵੋਕੇਟ ਦੇਵਿੰਦਰ ਸਿੰਘ ਰਾਜਪੂਤ, ਪ੍ਰਧਾਨ ਗਊਸ਼ਾਲਾ ਕਮੇਟੀ ਸੁਰਿੰਦਰ ਸਿੰਗਲਾ,ਗਊਸ਼ਾਲਾ ਮਾਲੇਰਕੋਟਲਾ ਤੋਂ ਦਿਵਿਆਂਸ਼ੂ, ਗਊਸ਼ਾਲਾ ਅਮਰਗੜ੍ਹ ਤੋਂ ਪ੍ਰਵੀਨ, ਗਊਸ਼ਾਲਾ ਅਹਿਮਦਗੜ੍ਹ ਤੋਂ ਸੰਜੀਵ ਕੁਮਾਰ ਤੋਂ ਇਲਾਵਾ ਵੱਖ- ਵੱਖ ਵਿਭਾਗਾਂ ਦੇ ਅਧਿਕਾਰੀ ਹਾਜ਼ਰ ਸਨ।

LEAVE A REPLY

Please enter your comment!
Please enter your name here