HomePatiala Updatesਪੰਜਾਬ ਸਰਕਾਰ ਵੱਲੋਂ ਸ੍ਰੀ ਗੁਰੂ ਰਵਿਦਾਸ ਜੀ ਦਾ 650ਵਾਂ ਪ੍ਰਕਾਸ਼ ਪੁਰਬ ਮਨਾਉਣ...

ਪੰਜਾਬ ਸਰਕਾਰ ਵੱਲੋਂ ਸ੍ਰੀ ਗੁਰੂ ਰਵਿਦਾਸ ਜੀ ਦਾ 650ਵਾਂ ਪ੍ਰਕਾਸ਼ ਪੁਰਬ ਮਨਾਉਣ ਲਈ ਸਮਾਗਮਾਂ ਦੀ ਪੰਜਾਬੀ ਯੂਨੀਵਰਸਿਟੀ ਤੋਂ ਸ਼ੁਰੂਆਤ

ਪਟਿਆਲਾ: ਸ੍ਰੀ ਗੁਰੂ ਰਵਿਦਾਸ ਜੀ ਦੇ 650 ਸਾਲਾ ਪ੍ਰਕਾਸ਼ ਪੁਰਬ ਨੂੰ ਵੱਡੀ ਪੱਧਰ ‘ਤੇ ਮਨਾਉਣ ਲਈ ਪੰਜਾਬ ਸਰਕਾਰ ਵੱਲੋਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਉਲੀਕੇ ਪ੍ਰੋਗਰਾਮਾਂ ਦੀ ਲੜੀ ਤਹਿਤ ਅੱਜ ਸ੍ਰੀ ਗੁਰੂ ਰਵਿਦਾਸ ਜੀ ਦੀ ਬਾਣੀ ਅਤੇ ਸਮਾਜਿਕ ਸਮਾਨਤਾ ਦੇ ਦਿੱਤੇ ਸੰਕਲਪ ਉਪਰ ਸੰਤ ਸਮਾਜ ਦੀ ਅਗਵਾਈ ਹੇਠ ਵਿਚਾਰ ਚਰਚਾ ਕਰਨ ਦੀ ਸ਼ੁਰੂਆਤ ਪੰਜਾਬੀ ਯੂਨੀਵਰਸਿਟੀ ਪਟਿਆਲਾ ਤੋਂ ਕੀਤੀ ਗਈ।

ਇਸ ਮੌਕੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕਰਦਿਆਂ ਦਿੱਲੀ ਦੇ ਸਾਬਕਾ ਉਪ ਮੁੱਖ ਮੰਤਰੀ ਤੇ ਆਮ ਆਦਮੀ ਪਾਰਟੀ ਦੇ ਪੰਜਾਬ ਮਾਮਲਿਆਂ ਦੇ ਇੰਚਾਰਜ ਸ੍ਰੀ ਮਨੀਸ਼ ਸਿਸੋਦੀਆ ਨੇ ਨੌਜਵਾਨਾਂ ਨੂੰ ਸੱਦਾ ਦਿੱਤਾ ਕਿ ਉਹ ਭਾਰਤ ਨੂੰ ਸ੍ਰੀ ਗੁਰੂ ਰਵਿਦਾਸ ਜੀ ਵੱਲੋਂ ਬੇਗਮਪੁਰਾ ਦੇ ਦਿੱਤੇ ਸੰਕਲਪ ਦਾ ਦੇਸ਼ ਬਣਾਉਣ ਲਈ ਅੱਗੇ ਆਉਣ।

ਸ੍ਰੀ ਮਨੀਸ਼ ਸਿਸੋਦੀਆ ਨੇ ਕਿਹਾ ਕਿ ਇਹ ਵੱਡਾ ਸਵਾਲ ਹੈ ਕਿ ਅੱਜ ਵੀ ਸਾਡਾ ਦੇਸ਼ ਸ੍ਰੀ ਗੁਰੁ ਰਵਿਦਾਸ ਜੀ ਵੱਲੋਂ 650 ਸਾਲ ਪਹਿਲਾਂ ਦਿੱਤੇ ਸਮਾਨਤਾ ਤੇ ਸਭ ਨੂੰ ਬਰਾਬਰ ਅਵਸਰ ਪ੍ਰਦਾਨ ਕਰਨ ਦੇ ਸਿਧਾਂਤਾਂ ਵਾਲਾ ਦੇਸ਼ ਕਿਉਂ ਨਹੀਂ ਬਣ ਸਕਿਆ ਭਾਵੇਂ ਕਿ ਡਾ. ਬੀ.ਆਰ. ਅੰਬੇਡਕਰ ਨੇ ਸੰਵਿਧਾਨ ਰਾਹੀਂ ਇਸ ਸੋਚ ਨੂੰ ਅੱਗੇ ਵਧਾਇਆ ਸੀ ਪਰੰਤੂ ਅਜੇ ਵੀ ਅਜੇ ਬਹੁਤ ਤਲਖ਼ ਸਚਾਈਆਂ ਹਨ, ਜਿਨ੍ਹਾਂ ਕਰਕੇ ਅਸੀਂ ਗੁਰੂ ਮਹਾਰਾਜ ਦੇ ਸੰਕਲਪ ਤੋਂ ਕੋਹਾਂ ਦੂਰ ਹਾਂ। ਉਨ੍ਹਾਂ ਕਿਹਾ ਕਿ ਅੱਜ ਲੋੜ ਹੈ ਕਿ ਇਹ ਅਸਮਾਨਤਾ ਤੇ ਨਾ ਬਰਾਬਰੀ ਮਿਟਾਉਣ ਲਈ ਸਾਡੇ ਦੇਸ਼ ਦੇ ਸੰਵਿਧਾਨ ਨੂੰ ਠੀਕ ਤਰ੍ਹਾਂ ਲਾਗੂ ਕੀਤਾ ਜਾਵੇ।

ਮਨੀਸ਼ ਸਿਸੋਦੀਆ ਨੇ ਸ੍ਰੀ ਗੁਰੂ ਰਵਿਦਾਸ ਜੀ ਦੇ ਸੰਦੇਸ਼ ਨੂੰ ਦੁਨੀਆਂ ਭਰ ‘ਚ ਫੈਲਾਉਣ ਲਈ ਚੁੱਕੇ ਜਾ ਰਹੇ ਕਦਮਾਂ ਲਈ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਤੇ ਪੰਜਾਬ ਸਰਕਾਰ ਨੂੰ ਵਧਾਈ ਦਿੰਦਿਆਂ ਕਿਹਾ ਕਿ ਅਜਿਹੇ ਸਮਾਗਮ ਤੇ ਵਿਚਾਰ ਚਰਚਾਵਾਂ ਨੌਜਵਾਨ ਵਿਦਿਆਰਥੀਆਂ ਦੇ ਮਨਾਂ ਅੰਦਰ ਸਮਾਜ ਵਿੱਚ ਵਿੱਤੀ ਨਾ ਬਰਾਬਰੀ, ਫਰਕ ਤੇ ਅਸਮਾਨਤਾ ਬਾਰੇ ਪੈਦਾ ਹੋ ਰਹੇ ਸਵਾਲਾਂ ਦੇ ਜਵਾਬ ਦੇਣਗੀਆਂ।

ਸ੍ਰੀ ਸਿਸੋਦੀਆ ਨੇ ਦੇਸ਼ ਦੀ ਸਿੱਖਿਆ ਪ੍ਰਣਾਲੀ ‘ਚ ਨਾ ਬਰਾਬਰੀ ਤੇ ਪੱਖਪਾਤ ਬਾਰੇ 3 ਸਾਲ ਤੋਂ 33 ਸਾਲ ਤੱਕ ਦੇ ਬੱਚਿਆਂ ਦੇ ਅੰਕੜੇ ਪੇਸ਼ ਕਰਦਿਆਂ ਅਫ਼ਸੋਸ ਜਤਾਇਆ ਕਿ ਸ੍ਰੀ ਗੁਰੂ ਰਵਿਦਾਸ ਜੀ ਮਹਾਰਾਜ ਵੱਲੋਂ ਜਿਹੜੀ ਨਾਬਰਾਬਰੀ ਤੇ ਭੇਦਭਾਵ ਖ਼ਤਮ ਕਰਨ ਦਾ ਸੱਦਾ 650 ਸਾਲ ਪਹਿਲਾਂ ਦਿੱਤਾ ਸੀ, ਉਸ ਦੀਆਂ ਜੜ੍ਹਾਂ ਅੱਜ ਵੀ ਸਾਡੇ ਸਮਾਜ ‘ਚ ਡੂੰਘੀਆਂ ਫੈਲੀਆਂ ਹੋਈਆਂ ਹਨ।

ਉਨ੍ਹਾਂ ਕਿਹਾ ਕਿ 140 ਕਰੋੜ ਭਾਰਤੀਆਂ ਦੇ ਸਾਡੇ ਮੁਲਕ ‘ਚ ਕੇਵਲ 1 ਫੀਸਦੀ ਲੋਕਾਂ ਕੋਲ ਦੇਸ਼ ਦਾ 40 ਫ਼ੀਸਦੀ ਸਰਮਾਇਆ ਹੈ ਅਤੇ 50 ਫੀਸਦੀ ਲੋਕਾਂ ਕੋਲ ਕੇਵਲ 6 ਫ਼ੀਸਦੀ ਸੰਪਤੀ ਹੈ, ਜੋਕਿ ਸਵਾਲ ਪੈਦਾ ਕਰਦਾ ਹੈ ਕਿ ਕੀ ਭਾਰਤ ਸਮਾਨਤਾ ਦਾ ਭਾਰਤ ਬਣ ਰਿਹਾ ਹੈ? ਉਨ੍ਹਾਂ ਕਿਹਾ ਕਿ ਅਸਲ ਬਰਾਬਰੀ ਉਦੋਂ ਆਵੇਗੀ, ਜਦੋਂ ਸ੍ਰੀ ਗੁਰੂ ਰਵਿਦਾਸ ਜੀ ਦੇ ਸਿਧਾਂਤ ਵਾਲਾ ਦੇਸ਼ ਬਣੇਗਾ ਤੇ ਲੋਕ ਗ਼ਮਾਂ ਤੋਂ ਦੂਰ ਹੋਣਗੇ।

ਇਸ ਮੌਕੇ ਵਿਸ਼ੇਸ਼ ਮਹਿਮਾਨ ਵਜੋਂ ਸ਼ਿਰਕਤ ਕਰਦਿਆਂ ਪੰਜਾਬ ਦੇ ਵਿੱਤ, ਯੋਜਨਾ, ਕਰ ਤੇ ਆਬਕਾਰੀ ਅਤੇ ਟਰਾਂਸਪੋਰਟ ਮੰਤਰੀ ਹਰਪਾਲ ਸਿੰਘ ਚੀਮਾ ਨੇ ਦੱਸਿਆ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਪੰਜਾਬ ਸਰਕਾਰ ਸ੍ਰੀ ਗੁਰੂ ਰਵਿਦਾਸ ਜੀ ਦੇ ਬਰਾਬਰਤਾ ਦੇ ਸਿਧਾਂਤਾਂ ਅਨੁਸਾਰ ਚੱਲ ਰਹੀ ਹੈ। ਉਨ੍ਹਾਂ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਜਿੱਥੇ ਖੁਰਾਲਗੜ੍ਹ ਵਿਖੇ ਸ੍ਰੀ ਗੁਰੂ ਰਵਿਦਾਸ ਯਾਦਗਾਰ ਦਾ ਵਿਸਥਾਰ ਦਾ ਕਾਰਜ ਕੀਤਾ ਜਾ ਰਿਹਾ ਹੈ ਉਥੇ ਹੀ ਫਰੀਦਪੁਰ ਵਿਖੇ ਸ੍ਰੀ ਗੁਰੂ ਰਵਿਦਾਸ ਬਾਣੀ ਅਧਿਐਨ ਕੇਂਦਰ ਦੀ ਸਥਾਪਨਾ ਕੀਤੀ ਜਾ ਰਹੀ ਹੈ, ਜਿਸ ਦਾ ਕਾਰਜ ਬਹੁਤ ਜਲਦ ਸ਼ੁਰੂ ਕੀਤਾ ਜਾ ਰਿਹਾ ਹੈ।

ਵਿੱਤ ਮੰਤਰੀ ਨੇ ਕਿਹਾ ਕਿ ਭਾਵੇਂ ਕਿ ਸਾਡੇ ਦੇਸ਼ ਦੇ ਸੰਵਿਧਾਨ ਸਮੇਤ ਸਾਰੇ ਮੁਲਕਾਂ ਦੇ ਸੰਵਿਧਾਨ ਸਮਾਨਤਾ ਤੇ ਬਰਾਬਰੀ ਦੀ ਗੱਲ ਕਰਦੇ ਹਨ, ਪ੍ਰੰਤੂ ਸ੍ਰੀ ਗੁਰੂ ਰਵਿਦਾਸ ਜੀ ਨੇ 650 ਸਾਲ ਪਹਿਲਾਂ ਹੀ ਇਹ ਗੱਲ ਧਾਰਮਿਕ ਤੌਰ ‘ਤੇ ਸਾਡੇ ਤੱਕ ਪਹੁੰਚਾ ਦਿੱਤੀ ਅਤੇ ਦੁਨੀਆਂ ਭਰ ਲਈ ਬੇਗਮਪੁਰਾ ਦਾ ਇੱਕ ਮਾਡਲ ਦਿੱਤਾ ਸੀ। ਉਨ੍ਹਾਂ ਕਿਹਾ ਕਿ ਅੱਜ ਵੀ ਸ੍ਰੀ ਗੁਰੂ ਰਵਿਦਾਸ ਜੀ ਵੱਲੋਂ ਦਿੱਤੇ ਸਿਧਾਂਤਾਂ ਸਮਾਨਤਾ, ਬਰਾਬਰਤਾ ਲਿਆਉਣ ਉਪਰ ਚੱਲਣ ਅਤੇ ਵਿਤਕਰੇਬਾਜੀ ਖ਼ਤਮ ਕਰਨ ਦੀ ਲੋੜ ਹੈ।

ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਸਾਡੇ ਲਈ ਮਾਣ ਵਾਲੀ ਗੱਲ ਹੈ ਕਿ ਅਸੀਂ ਆਪਣੇ ਗੁਰੂਆਂ ਦੀਆਂ ਸ਼ਤਾਬਦੀਆਂ ਮਨਾ ਰਹੇ ਹਾਂ। ਉਨ੍ਹਾਂ ਦੱਸਿਆ ਕਿ ਸ੍ਰੀ ਗੁਰੂ ਰਵਿਦਾਸ ਜੀ ਦੇ 649ਵੇਂ ਪ੍ਰਕਾਸ਼ ਪੁਰਬ ਮੌਕੇ ਖੁਰਾਲਗੜ੍ਹ ਤੋਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਸ੍ਰੀ ਗੁਰੂ ਰਵਿਦਾਸ ਜੀ ਮਹਾਰਾਜ ਦੇ 650ਵੇਂ ਪ੍ਰਕਾਸ਼ ਪੁਰਬ ਨੂੰ ਵੱਡੇ ਪੱਧਰ ‘ਤੇ ਮਨਾਉਣ ਅਤੇ ਸ੍ਰੀ ਗੁਰੂ ਰਵਿਦਾਸ ਜੀ ਮਹਾਰਾਜ ਦਾ ਸੰਦੇਸ਼ ਕੁਲ ਦੁਨੀਆਂ ਤੱਕ ਪੁੱਜਦਾ ਕਰਨ ਲਈ ਅਜਿਹੇ ਵਿਆਪਕ ਸਮਾਗਮ ਸਾਲ ਭਰ ਕਰਵਾਏ ਜਾਣ ਦਾ ਐਲਾਨ ਕੀਤਾ ਸੀ।

ਉਨ੍ਹਾਂ ਕਿਹਾ ਕਿ ਇਸ ਦਾ ਮਕਸਦ ਯੂਨੀਵਰਸਿਟੀਆਂ ਤੇ ਵਿੱਦਿਅਕ ਸੰਸਥਾਵਾਂ ‘ਚ ਅਧਿਆਤਮਿਕਤਾ ਦਾ ਮਾਹੌਲ ਸਿਰਜਕੇ ਵਿਦਿਆਰਥੀਆਂ ਨੂੰ ਗੁਰੂ ਰਵਿਦਾਸ ਦੇ ਸਮਾਜਿਕ ਕਰਾਂਤੀ ਵਾਲੇ ਸੰਦੇਸ਼ ਨਾਲ ਜੋੜਨਾ ਹੈ। ਵਿੱਤ ਮੰਤਰੀ ਨੇ ਇਹ ਵੀ ਦੱਸਿਆ ਕਿ ਪੰਜਾਬ ਸਰਕਾਰ ਨੇ ਪੰਜਾਬੀ ਯੂਨੀਵਰਸਿਟੀ ਨੂੰ ਵਿੱਤੀ ਘਾਟੇ ‘ਚੋਂ ਕੱਢਣ ਲਈ ਆਪਣੀ ਵਚਨਬੱਧਤਾ ਨਿਭਾਈ ਹੈ, ਜਿਸ ਸਦਕਾ ਯੂਨੀਵਰਸਿਟੀ ਦਾ 120 ਕਰੋੜ ਰੁਪਏ ਵਾਲਾ ਬਜਟ ਹੁਣ 415 ਕਰੋੜ ਰੁਪਏ ਨੂੰ ਪਾਰ ਕਰ ਗਿਆ ਹੈ।

ਸ੍ਰੀ ਗੁਰੂ ਰਵਿਦਾਸ ਜੀ ਮਹਾਰਾਜ ਦੀ ਬਾਣੀ ਤੇ ਸਮਾਜਿਕ ਸਮਾਨਤਾ ਦੇ ਸਿਧਾਂਤ ਵਿਚਾਰ ਚਰਚਾ ਵਿੱਚ ਭਾਗ ਲੈਂਦਿਆਂ ਡੇਰਾ ਸੰਤ ਪ੍ਰੀਤਮ ਦਾਸ ਬਾਬੇ ਜੌੜੇ ਦੇ ਜਨਰਲ ਸਕੱਤਰ ਭੈਣ ਸੰਤੋਸ਼ ਨੇ ਸੰਤ ਨਿਰਮਲ ਦਾਸ ਵੱਲੋਂ ਬੋਲਦਿਆਂ ਕਿਹਾ ਕਿ ਮਹਾਨ ਕ੍ਰਾਂਤੀਕਾਰੀ ਸੰਤ ਗੁਰੂ ਰਵਿਦਾਸ ਜੀ ਦੀ ਬਾਣੀ ਦੇ 40 ਸ਼ਬਦ ਤੇ 1 ਸਲੋਕ ਗੁਰੂ ਨਾਨਕ ਦੇਵ ਜੀ ਲੈਕੇ ਆਏ ਤੇ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਇਨ੍ਹਾਂ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਬਿਰਾਜਮਾਨ ਕੀਤਾ ਅਤੇ ਉਨ੍ਹਾਂ ਨੇ ਲੋਕਾਈ ‘ਚੋਂ ਅੰਧ ਵਿਸ਼ਵਾਸ਼ ਖਤਮ ਕਰਕੇ ਸ਼ਬਦ ਗੁਰੂ ਨਾਲ ਜੁੜਨ ਲਈ ਪ੍ਰੇਰਿਤ ਕੀਤਾ।

ਸ੍ਰੀ ਗੁਰੂ ਨਾਨਕ ਦੇਵ ਯੁਨੀਵਰਸਿਟੀ ਤੋਂ ਪੁੱਜੇ ਪ੍ਰੋ. ਮਨਜਿੰਦਰ ਸਿੰਘ ਨੇ ਮੁੱਖ ਭਾਸ਼ਣ ਦਿੰਦਿਆਂ ਸ੍ਰੀ ਗੁਰੂ ਰਵਿਦਾਸ ਜੀ ਦੀ ਬਾਣੀ ਤੇ ਸਮਾਜਿਕ ਬਰਾਬਰੀ ਦੀ ਵਿਸਥਾਰ ‘ਚ ਵਿਆਖਿਆ ਕੀਤੀ। ਉਨ੍ਹਾਂ ਕਿਹਾ ਕਿ ਗੁਰੂ ਰਵਿਦਾਸ ਜੀ ਨੇ ਸਭ ਤੋਂ ਨੀਵੇਂ ਮੰਨੇ ਜਾਂਦੇ ਸਮਾਜ ਦੇ ਵਰਗ ਨੂੰ ਵੀ ਮੋਹੀ ਤੋਹੀ ਅੰਤਰ ਕੈਸਾ ਦੇ ਸ਼ਬਦ ਨਾਲ ਰੱਬ ਦੇ ਬਰਾਬਰ ਦਾ ਦਰਜਾ ਦਿੱਤਾ ਤੇ ਇੱਕ ਸ਼ਬਦ ਸੋਹੰ ਰਾਹੀਂ ਭਾਰਤ ਦੇ ਲੋਕਾਂ ‘ਚ ਵੱਡਾ ਆਤਮ ਵਿਸ਼ਵਾਸ਼ ਭਰਿਆ। ਉਨ੍ਹਾਂ ਕਿਹਾ ਕਿ ਗੁਰੂ ਜੀ ਦੀ ਬਾਣੀ ‘ਤੇ ਪੁਨਰ ਵਿਚਾਰ ਕੀਤਾ ਜਾਵੇ ਤਾਂ ਸਾਡੇ ਦੇਸ਼ ਦੀ ਰਾਜਨੀਤੀ ਕੁਲ ਦੁਨੀਆਂ ਦੀ ਰਾਜਨੀਤੀ ਲਈ ਵੱਡੀ ਦੇਣ ਸਾਬਤ ਹੋ ਸਕਦੀ ਹੈ।

ਇਸ ਤੋਂ ਪਹਿਲਾਂ ਪੰਜਾਬੀ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਡਾ. ਜਗਦੀਪ ਸਿੰਘ ਨੇ ਮਨੀਸ਼ ਸਿਸੋਦੀਆ, ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਤੇ ਹੋਰ ਮਹਿਮਾਨਾਂ ਦਾ ਸਵਾਗਤ ਕੀਤਾ। ਸੈਰ ਸਪਾਟੇ ਤੇ ਸੱਭਿਆਚਾਰਕ ਮਾਮਲੇ ਵਿਭਾਗ ਦੇ ਸਲਾਹਕਾਰ ਦੀਪਕ ਬਾਲੀ ਨੇ ਧੰਨਵਾਦ ਕਰਦਿਆਂ ਦੱਸਿਆ ਕਿ ਪੰਜਾਬ ਸਰਕਾਰ ਵੱਡੇ ਪੱਧਰ ‘ਤੇ ਸ੍ਰੀ ਗੁਰੂ ਰਵਿਦਾਸ ਜੀ ਦਾ 650 ਸਾਲਾ ਪ੍ਰਕਾਸ਼ ਪੁਰਬ ਮਨਾ ਰਹੀ ਹੈ ਅਤੇ ਰਾਜ ਦੇ ਸਾਰੇ ਪਿੰਡਾਂ ਤੇ ਵਾਰਡਾਂ ‘ਚ ਦਸਤਾਵੇਜ਼ੀ ਫ਼ਿਲਮ ਦਿਖਾਈ ਜਾਵੇਗੀ ਅਤੇ 4 ਸ਼ੋਭਾ ਯਾਤਰਾਵਾਂ ਕੱਢੀਆਂ ਜਾਣਗੀਆਂ। ਉਨ੍ਹਾਂ ਨੇ ਸੰਤ ਸਮਾਜ ਵੱਲੋਂ ਇਹ ਸਮਾਗਮ ਕਰਵਾਉਣ ਲਈ ਵਿਸ਼ੇਸ਼ ਧੰਨਵਾਦ ਕੀਤਾ। ਸਮਾਰੋਹ ਦੌਰਾਨ ਮੰਚ ਸੰਚਾਲਨ ਡੀਨ ਯੁਵਕ ਸੇਵਾਵਾਂ ਡਾ. ਭੀਮਇੰਦਰ ਸਿੰਘ ਨੇ ਕੀਤਾ।

ਸਮਾਰੋਹ ਦੌਰਾਨ ਵਿਧਾਇਕ ਅਜੀਤਪਾਲ ਸਿੰਘ ਕੋਹਲੀ, ਚੇਤਨ ਸਿੰਘ ਜੌੜਾਮਾਜਰਾ, ਗੁਰਦੇਵ ਸਿੰਘ ਦੇਵ ਮਾਨ ਸਮੇਤ ਰਣਜੋਧ ਸਿੰਘ ਹਡਾਣਾ, ਜ਼ਿਲ੍ਹਾ ਯੋਜਨਾ ਕਮੇਟੀ ਚੇਅਰਮੈਨ ਤੇਜਿੰਦਰ ਮਹਿਤਾ, ਪੰਜਾਬ ਐਗਰੋ ਦੇ ਚੇਅਰਮੈਨ ਬਲਜਿੰਦਰ ਸਿੰਘ ਢਿੱਲੋਂ, ਡਿਪਟੀ ਮੇਅਰ ਜਗਦੀਪ ਜੱਗਾ, ਪ੍ਰਿੰਸੀਪਲ ਜੇ.ਪੀ. ਸਿੰਘ, ਡਿਪਟੀ ਕਮਿਸ਼ਨਰ ਵਰਜੀਤ ਵਾਲੀਆ, ਏ.ਡੀ.ਸੀ. ਨਵਰੀਤ ਕੌਰ ਸੇਖੋਂ, ਰਜਿਸਟਰਾਰ ਡਾ. ਦਵਿੰਦਰਪਾਲ ਸਿੰਘ ਸਿੱਧੂ, ਡੀਨ ਵਿਦਿਆਰਥੀ ਭਲਾਈ ਡਾ. ਮਮਤਾ ਸ਼ਰਮਾ, ਉਚੇਰੀ ਸਿੱਖਿਆ ਵਿਭਾਗ ਦੇ ਡਿਪਟੀ ਡਾਇਰੈਕਟਰ ਡਾ. ਹਰਜਿੰਦਰ ਸਿੰਘ, ਵੱਖ-ਵੱਖ ਕਾਲਜਾਂ ਦੇ ਪ੍ਰਿੰਸੀਪਲ ਤੇ ਫੈਕਲਟੀ ਸਮੇਤ ਵੱਡੀ ਗਿਣਤੀ ਵਿਦਿਆਰਥੀਆਂ ਨੇ ਸ਼ਮੂਲੀਅਤ ਕੀਤੀ।

ਫੋਟੋ ਕੈਪਸ਼ਨ-ਆਮ ਆਦਮੀ ਪਾਰਟੀ ਦੇ ਪੰਜਾਬ ਮਾਮਲਿਆਂ ਦੇ ਇੰਚਾਰਜ ਮਨੀਸ਼ ਸਿਸੋਦੀਆ, ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਅਤੇ ਹੋਰ ਸ੍ਰੀ ਗੁਰੂ ਰਵਿਦਾਸ ਜੀ ਦੇ 650 ਸਾਲਾ ਪ੍ਰਕਾਸ਼ ਪੁਰਬ ਨੂੰ ਮਨਾਉਣ ਲਈ ਪੰਜਾਬ ਸਰਕਾਰ ਵੱਲੋਂ ਪਟਿਆਲਾ ਵਿਖੇ ਪੰਜਾਬੀ ਯੂਨੀਵਰਸਿਟੀ ਦੇ ਸਹਿਯੋਗ ਨਾਲ ਕਰਵਾਏ ਗਏ ਸੈਮੀਨਾਰ ਮੌਕੇ ਸ਼ਿਰਕਤ ਕਰਦੇ ਹੋਏ।

RELATED ARTICLES

LEAVE A REPLY

Please enter your comment!
Please enter your name here

- Advertisment -
Google search engine

Most Popular

Recent Comments

ENGLISH HINDI