ਭਾਜਪਾ ਦੇ ਸੀਨੀਅਰ ਆਗੂ ਨਿਤਿਨ ਨਬੀਨ ਨੇ ਪੰਜਾਬ ਭਾਜਪਾ ਦੇ ਪ੍ਰਧਾਨ ਕੇਵਲ ਸਿੰਘ ਢਿੱਲੋਂ ਅਤੇ ਸ਼੍ਰੀਨਿਵਾਸੂਲੂ ਨੂੰ ਤੁਰੰਤ ਮੀਟਿੰਗ ਲਈ ਦਿੱਲੀ ਤਲਬ ਕੀਤਾ ਹੈ। ਦੋਵੇਂ ਆਗੂ ਉਸ ਸਮੇਂ ਲੁਧਿਆਣਾ ਵਿੱਚ ਪੰਜਾਬ ਭਾਜਪਾ ਦੀ ਨਵੀਂ ਸੂਬਾ ਕਾਰਜਕਾਰਨੀ ਅਤੇ ਜ਼ਿਲ੍ਹਾ ਪ੍ਰਧਾਨਾਂ ਦੀ ਅਹਿਮ ਬੈਠਕ ਨੂੰ ਸੰਬੋਧਨ ਕਰ ਰਹੇ ਸਨ।
ਜਾਣਕਾਰੀ ਮੁਤਾਬਕ ਲੁਧਿਆਣਾ ਵਿੱਚ ਐੱਸ.ਆਈ.ਆਰ. ਨਾਲ ਸਬੰਧਤ ਇੱਕ ਹੋਰ ਮੀਟਿੰਗ ਵੀ ਤੈਅ ਸੀ। ਹਾਲਾਂਕਿ ਦਿੱਲੀ ਤੋਂ ਤੁਰੰਤ ਮਿਲੇ ਨਿਰਦੇਸ਼ਾਂ ਤੋਂ ਬਾਅਦ ਕੇਵਲ ਢਿੱਲੋਂ ਅਤੇ ਸ਼੍ਰੀਨਿਵਾਸੂਲੂ ਮੀਟਿੰਗ ਵਿਚਾਲੇ ਹੀ ਛੱਡ ਕੇ ਦਿੱਲੀ ਲਈ ਰਵਾਨਾ ਹੋ ਗਏ।
ਦਿੱਲੀ ਵਿੱਚ ਹੋਣ ਵਾਲੀ ਮੀਟਿੰਗ ਦਾ ਅਧਿਕਾਰਤ ਏਜੰਡਾ ਅਜੇ ਸਾਹਮਣੇ ਨਹੀਂ ਆਇਆ। ਹਾਲਾਂਕਿ ਸਿਆਸੀ ਹਲਕਿਆਂ ਵਿੱਚ ਇਸ ਨੂੰ ਪੰਜਾਬ ਭਾਜਪਾ ਦੀ ਨਵੀਂ ਕਾਰਜਕਾਰਨੀ ਦੇ ਗਠਨ ਤੋਂ ਬਾਅਦ ਪੈਦਾ ਹੋਏ ਅੰਦਰੂਨੀ ਅਸੰਤੋਸ਼ ਨਾਲ ਜੋੜ ਕੇ ਦੇਖਿਆ ਜਾ ਰਿਹਾ ਹੈ। ਸਾਬਕਾ ਮੰਤਰੀ ਤੀਕਸ਼ਣ ਸੂਦ ਅਤੇ ਉਨ੍ਹਾਂ ਦੇ ਸਮਰਥਕਾਂ ਵੱਲੋਂ ਨਵੀਂ ਟੀਮ ਦੇ ਵਿਰੋਧ ਵਿੱਚ ਅਹੁਦਿਆਂ ਤੋਂ ਅਸਤੀਫ਼ੇ ਦਿੱਤੇ ਜਾਣ ਤੋਂ ਬਾਅਦ ਪਾਰਟੀ ਅੰਦਰੂਨੀ ਸਿਆਸਤ ਚਰਚਾ ਵਿੱਚ ਹੈ।
ਇਸ ਦੇ ਨਾਲ ਹੀ ਇੱਕ ਹੋਰ ਧੜੇ ਦਾ ਮੰਨਣਾ ਹੈ ਕਿ ਦਿੱਲੀ ਵਿੱਚ ਹੋਣ ਵਾਲੀ ਇਹ ਮੀਟਿੰਗ ਪੰਜਾਬ ਦੀਆਂ ਆਗਾਮੀ ਚੋਣਾਂ ਨੂੰ ਲੈ ਕੇ ਕੇਂਦਰੀ ਪੱਧਰ ’ਤੇ ਚੱਲ ਰਹੀ ਰਣਨੀਤਕ ਚਰਚਾ ਦਾ ਹਿੱਸਾ ਹੋ ਸਕਦੀ ਹੈ। ਦੱਸਿਆ ਜਾ ਰਿਹਾ ਹੈ ਕਿ ਭਾਜਪਾ ਦੇ ਬੀ.ਐੱਲ. ਸੰਤੋਸ਼ ਅਤੇ ਨਿਤਿਨ ਨਬੀਨ ਵੱਲੋਂ ਕੇਵਲ ਢਿੱਲੋਂ ਅਤੇ ਸ਼੍ਰੀਨਿਵਾਸੂਲੂ ਨਾਲ ਸਾਂਝੇ ਤੌਰ ’ਤੇ ਗੱਲਬਾਤ ਕੀਤੀ ਜਾਵੇਗੀ।
ਇਹ ਸਿਆਸੀ ਹਲਚਲ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੱਲੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਕੀਤੀ ਗਈ ਮੁਲਾਕਾਤ ਤੋਂ ਇੱਕ ਦਿਨ ਬਾਅਦ ਸਾਹਮਣੇ ਆਈ ਹੈ। ਇਸ ਕਾਰਨ ਪੰਜਾਬ ਦੀ ਸਿਆਸਤ ਵਿੱਚ ਇਸ ਮੀਟਿੰਗ ਨੂੰ ਲੈ ਕੇ ਚਰਚਾਵਾਂ ਹੋਰ ਤੇਜ਼ ਹੋ ਗਈਆਂ ਹਨ।






