Tuesday, August 11, 2026
Home National ਕੋਲਕਾਤਾ ਗੋਦਾਮ ਹਾਦਸੇ ਦੇ ਪੀੜਤਾਂ ਲਈ ਪ੍ਰਧਾਨ ਮੰਤਰੀ ਨੇ ਕੀਤਾ ਮੁਆਵਜ਼ੇ ਦਾ...

ਕੋਲਕਾਤਾ ਗੋਦਾਮ ਹਾਦਸੇ ਦੇ ਪੀੜਤਾਂ ਲਈ ਪ੍ਰਧਾਨ ਮੰਤਰੀ ਨੇ ਕੀਤਾ ਮੁਆਵਜ਼ੇ ਦਾ ਐਲਾਨ

0
24

ਕੋਲਕਾਤਾ: ਤਾਰਤਲਾ ਖੇਤਰ ਵਿੱਚ ਵਾਪਰੇ ਦਰਦਨਾਕ ਗੋਦਾਮ ਹਾਦਸੇ ਤੋਂ ਬਾਅਦ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਮ੍ਰਿਤਕਾਂ ਦੇ ਪਰਿਵਾਰਾਂ ਅਤੇ ਜ਼ਖਮੀਆਂ ਲਈ ਮੁਆਵਜ਼ੇ ਦਾ ਐਲਾਨ ਕੀਤਾ ਹੈ। ਪ੍ਰਧਾਨ ਮੰਤਰੀ ਦਫ਼ਤਰ ਵੱਲੋਂ ਜਾਰੀ ਬਿਆਨ ਅਨੁਸਾਰ, ਹਾਦਸੇ ਵਿੱਚ ਜਾਨ ਗੁਆਉਣ ਵਾਲੇ ਹਰ ਵਿਅਕਤੀ ਦੇ ਪਰਿਵਾਰ ਨੂੰ ਪ੍ਰਧਾਨ ਮੰਤਰੀ ਰਾਸ਼ਟਰੀ ਰਾਹਤ ਫੰਡ ਵਿੱਚੋਂ 2 ਲੱਖ ਰੁਪਏ ਦੀ ਐਕਸ-ਗ੍ਰੇਸ਼ੀਆ ਰਕਮ ਦਿੱਤੀ ਜਾਵੇਗੀ, ਜਦਕਿ ਜ਼ਖਮੀਆਂ ਨੂੰ 50 ਹਜ਼ਾਰ ਰੁਪਏ ਦੀ ਸਹਾਇਤਾ ਮਿਲੇਗੀ। ਇਸ ਹਾਦਸੇ ਵਿੱਚ ਹੁਣ ਤੱਕ ਅੱਠ ਲੋਕਾਂ ਦੀ ਮੌਤ ਹੋ ਚੁੱਕੀ ਹੈ ਅਤੇ ਕਈ ਹੋਰ ਜ਼ਖਮੀ ਹਨ।

ਪ੍ਰਧਾਨ ਮੰਤਰੀ ਦਫ਼ਤਰ ਵੱਲੋਂ ਸਾਂਝੀ ਕੀਤੀ ਗਈ ਪੋਸਟ ਵਿੱਚ ਘਟਨਾ ’ਤੇ ਡੂੰਘਾ ਦੁੱਖ ਪ੍ਰਗਟ ਕੀਤਾ ਗਿਆ ਅਤੇ ਮ੍ਰਿਤਕਾਂ ਦੇ ਪਰਿਵਾਰਾਂ ਨਾਲ ਸੰਵੇਦਨਾ ਜਤਾਈ ਗਈ। ਇਸ ਦੇ ਨਾਲ ਹੀ ਜ਼ਖਮੀਆਂ ਦੇ ਜਲਦੀ ਠੀਕ ਹੋਣ ਦੀ ਕਾਮਨਾ ਵੀ ਕੀਤੀ ਗਈ। ਬਿਆਨ ਵਿੱਚ ਕਿਹਾ ਗਿਆ ਕਿ ਰਾਜ ਸਰਕਾਰ ਪ੍ਰਭਾਵਿਤ ਲੋਕਾਂ ਤੱਕ ਹਰ ਸੰਭਵ ਮਦਦ ਪਹੁੰਚਾਉਣ ਲਈ ਲਗਾਤਾਰ ਕੰਮ ਕਰ ਰਹੀ ਹੈ। ਇਸ ਹਾਦਸੇ ਨੇ ਪੂਰੇ ਕੋਲਕਾਤਾ ਨੂੰ ਹਿਲਾ ਕੇ ਰੱਖ ਦਿੱਤਾ ਹੈ ਅਤੇ ਨਿਰਮਾਣ ਸਥਲਾਂ ’ਤੇ ਸੁਰੱਖਿਆ ਪ੍ਰਬੰਧਾਂ ਨੂੰ ਲੈ ਕੇ ਗੰਭੀਰ ਸਵਾਲ ਖੜ੍ਹੇ ਕਰ ਦਿੱਤੇ ਹਨ।

ਇਹ ਹਾਦਸਾ ਬੀਤੀ ਦੁਪਹਿਰ ਟਰਾਂਸਪੋਰਟ ਡਿਪੂ ਰੋਡ ’ਤੇ ਬਣ ਰਹੇ ਤਿੰਨ ਮੰਜ਼ਿਲਾ ਗੋਦਾਮ ਵਿੱਚ ਵਾਪਰਿਆ, ਜਦੋਂ ਅਚਾਨਕ ਛੱਤ ਅਤੇ ਲੋਹੇ ਦਾ ਢਾਂਚਾ ਢਹਿ ਗਿਆ। ਇਸ ਕਾਰਨ ਕਈ ਮਜ਼ਦੂਰ ਮਲਬੇ ਹੇਠ ਫਸ ਗਏ। ਬਚਾਅ ਕਾਰਜ ਲਈ ਕੋਲਕਾਤਾ ਪੁਲਿਸ, ਫਾਇਰ ਐਂਡ ਐਮਰਜੈਂਸੀ ਸਰਵਿਸ, ਐਨ.ਡੀ.ਆਰ.ਐਫ., ਸਿਵਲ ਡਿਫੈਂਸ ਅਤੇ ਫੌਜ ਦੀਆਂ ਟੀਮਾਂ ਨੇ ਰਾਤ ਭਰ ਮੁਹਿੰਮ ਚਲਾਈ। ਭਾਰੀ ਕ੍ਰੇਨਾਂ, ਗੈਸ ਕਟਰਾਂ, ਡਰੋਨਾਂ ਅਤੇ ਸਨਿਫਰ ਕੁੱਤਿਆਂ ਦੀ ਮਦਦ ਨਾਲ ਮਲਬਾ ਹਟਾ ਕੇ ਹੁਣ ਤੱਕ ਕਰੀਬ 20 ਲੋਕਾਂ ਨੂੰ ਬਚਾਇਆ ਗਿਆ ਹੈ, ਜਦਕਿ ਜ਼ਖਮੀਆਂ ਦਾ ਇਲਾਜ ਐਸ.ਐਸ.ਕੇ.ਐਮ. ਹਸਪਤਾਲ ਵਿੱਚ ਜਾਰੀ ਹੈ।

ਹਾਦਸੇ ਤੋਂ ਬਾਅਦ ਪੁਲਿਸ ਨੇ ਕਾਰਵਾਈ ਕਰਦਿਆਂ ਪੰਜ ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਇਨ੍ਹਾਂ ਵਿੱਚ ਪ੍ਰੋਜੈਕਟ ਸੁਪਰਵਾਈਜ਼ਰ ਗੁਲਜ਼ਾਰ ਹੁਸੈਨ, ਲੋਹੇ ਦਾ ਢਾਂਚਾ ਤਿਆਰ ਕਰਨ ਵਾਲਾ ਕਮਲ ਸਮੰਥੋ, ਜ਼ਮੀਨ ਲੀਜ਼ਧਾਰਕ ਸੰਭੂਨਾਥ ਬੇਹਰਾ, ਲੇਬਰ ਸਪਲਾਇਰ ਦਿਵਾਕਰ ਭੰਡਾਰੀ ਅਤੇ ਇਮਾਰਤ ਮਨਜ਼ੂਰੀ ਲਈ ਕਥਿਤ ਦਲਾਲ ਅਬਦੁਲ ਹਾਮਿਦ ਸ਼ਾਮਲ ਹਨ। ਕੋਲਕਾਤਾ ਪੁਲਿਸ ਨੇ ਮਾਮਲੇ ਦੀ ਡੂੰਘਾਈ ਨਾਲ ਜਾਂਚ ਲਈ ਇੱਕ ਵਿਸ਼ੇਸ਼ ਜਾਂਚ ਟੀਮ ਬਣਾਈ ਹੈ, ਜੋ ਇਮਾਰਤ ਦੇ ਡਿਜ਼ਾਈਨ, ਨਿਰਮਾਣ ਸਮੱਗਰੀ ਦੀ ਗੁਣਵੱਤਾ ਅਤੇ ਮਨਜ਼ੂਰੀ ਪ੍ਰਕਿਰਿਆ ਵਿੱਚ ਹੋਈਆਂ ਗੜਬੜਾਂ ਦੀ ਜਾਂਚ ਕਰ ਰਹੀ ਹੈ। ਸ਼ੁਰੂਆਤੀ ਜਾਂਚ ਵਿੱਚ ਕਮਜ਼ੋਰ ਢਾਂਚਾਗਤ ਡਿਜ਼ਾਈਨ ਅਤੇ ਘਟੀਆ ਨਿਰਮਾਣ ਸਮੱਗਰੀ ਨੂੰ ਹਾਦਸੇ ਦਾ ਮੁੱਖ ਕਾਰਨ ਮੰਨਿਆ ਜਾ ਰਿਹਾ ਹੈ।

LEAVE A REPLY

Please enter your comment!
Please enter your name here