HomePunjabਫਾਜ਼ਿਲਕਾ ਦੇ ਚਵਾੜਿਆਂਵਾਲੀ ਖੇਤਰ ਵਿੱਚ ਪੋਟਾਸ਼ ਖੋਜ ਪ੍ਰਾਜੈਕਟ ਨੂੰ ਮਨਜ਼ੂਰੀ

ਫਾਜ਼ਿਲਕਾ ਦੇ ਚਵਾੜਿਆਂਵਾਲੀ ਖੇਤਰ ਵਿੱਚ ਪੋਟਾਸ਼ ਖੋਜ ਪ੍ਰਾਜੈਕਟ ਨੂੰ ਮਨਜ਼ੂਰੀ

ਪੰਜਾਬ ਦੇ ਖਣਨ ਅਤੇ ਭੂ-ਵਿਗਿਆਨ ਮੰਤਰੀ ਬਰਿੰਦਰ ਕੁਮਾਰ ਗੋਇਲ ਵੱਲੋਂ ਸੂਬੇ ਦੇ ਖਣਿਜ ਭਰਪੂਰ ਖੇਤਰਾਂ ਦੀ ਤੁਰੰਤ ਸ਼ਨਾਖ਼ਤ ਲਈ ਮੁੱਦਾ ਉਠਾਉਣ ਤੋਂ ਬਾਅਦ ਕੇਂਦਰੀ ਖਣਨ ਮੰਤਰਾਲੇ ਦੇ ਕੌਮੀ ਮਿਨਰਲ ਐਕਸਪਲੋਰੇਸ਼ਨ ਐਂਡ ਡਿਵੈਲਪਮੈਂਟ ਟਰੱਸਟ ਦੀ ਪ੍ਰਾਜੈਕਟ ਸੈਂਕਸ਼ਨਿੰਗ ਕਮੇਟੀ ਨੇ 9 ਫ਼ਰਵਰੀ 2026 ਨੂੰ ਹੋਈ ਮੀਟਿੰਗ ਦੌਰਾਨ ਇੱਕ ਮਹੱਤਵਪੂਰਨ ਫੈਸਲਾ ਲਿਆ। ਕਮੇਟੀ ਨੇ “ਪੰਜਾਬ ਦੇ ਜ਼ਿਲ੍ਹਾ ਫ਼ਾਜ਼ਿਲਕਾ ਦੇ ਚਵਾੜਿਆਂਵਾਲੀ ਖੇਤਰ ਵਿੱਚ ਪੋਟਾਸ਼ ਲਈ ਖੋਜ ਸਰਵੇਖਣ ਜੀ-4” ਸਿਰਲੇਖ ਹੇਠ ਨਵੇਂ ਖੋਜ ਪ੍ਰਾਜੈਕਟ ਨੂੰ ਮਨਜ਼ੂਰੀ ਦੇ ਦਿੱਤੀ ਹੈ।

ਮੰਤਰੀ ਗੋਇਲ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਹ ਪ੍ਰਾਜੈਕਟ ਮਿਨਰਲ ਐਕਸਪਲੋਰੇਸ਼ਨ ਐਂਡ ਕੰਸਲਟੈਂਸੀ ਲਿਮਟਿਡ ਵੱਲੋਂ 21 ਮਹੀਨਿਆਂ ਵਿੱਚ 1903.11 ਲੱਖ ਰੁਪਏ ਦੀ ਅਨੁਮਾਨਤ ਲਾਗਤ ਨਾਲ 48 ਵਰਗ ਕਿਲੋਮੀਟਰ ਖੇਤਰ ਵਿੱਚ ਲਾਗੂ ਕੀਤਾ ਜਾਵੇਗਾ।

ਪ੍ਰਵਾਨਿਤ ਯੋਜਨਾ ਅਨੁਸਾਰ ਪ੍ਰਾਜੈਕਟ ਦੀ 9 ਮਹੀਨਿਆਂ ਬਾਅਦ ਸਮੀਖਿਆ ਕੀਤੀ ਜਾਵੇਗੀ। ਪਹਿਲੇ ਪੜਾਅ ਵਿੱਚ 3200 ਮੀਟਰ ਦੇ ਗਰਿੱਡ ਅੰਤਰਾਲ ‘ਤੇ ਕੁੱਲ 5700 ਮੀਟਰ ਡ੍ਰਿਲਿੰਗ ਕਰਦਿਆਂ ਛੇ ਬੋਰਹੋਲ ਕੀਤੇ ਜਾਣਗੇ। ਸਮੀਖਿਆ ਤੋਂ ਬਾਅਦ ਸੰਭਾਵੀ ਜ਼ੋਨਾਂ ਦੀ ਪਛਾਣ ਕਰਕੇ ਦੂਜੇ ਪੜਾਅ ਵਿੱਚ 1600 ਮੀਟਰ ਦੇ ਗਰਿੱਡ ਅੰਤਰਾਲ ‘ਤੇ 8550 ਮੀਟਰ ਦੀ ਵਾਧੂ ਡ੍ਰਿਲਿੰਗ ਸਮੇਤ ਨੌਂ ਹੋਰ ਬੋਰਹੋਲ ਕੀਤੇ ਜਾਣਗੇ।

ਜ਼ਿਕਰਯੋਗ ਹੈ ਕਿ ਜਨਵਰੀ 2026 ਵਿੱਚ ਗੁਜਰਾਤ ਦੇ ਗਾਂਧੀਨਗਰ ਵਿਖੇ ਹੋਏ ਕੌਮੀ ਖਣਿਜ ਚਿੰਤਨ ਸੰਮੇਲਨ ਦੌਰਾਨ ਮੰਤਰੀ ਗੋਇਲ ਨੇ ਪੰਜਾਬ ਵਿੱਚ ਪੋਟਾਸ਼ ਦੀ ਖੋਜ ਦਾ ਮੁੱਦਾ ਜ਼ੋਰਦਾਰ ਢੰਗ ਨਾਲ ਉਠਾਇਆ ਸੀ। ਉਨ੍ਹਾਂ ਫ਼ਾਜ਼ਿਲਕਾ ਜ਼ਿਲ੍ਹੇ ਵਿੱਚ ਸੰਭਾਵਿਤ ਪੋਟਾਸ਼ ਸਰੋਤਾਂ ਦੀ ਪਛਾਣ ਤੇ ਫੀਲਡ ਸੀਜ਼ਨ 2025-26 ਦੌਰਾਨ ਡ੍ਰਿਲਿੰਗ ਅਤੇ ਭੂ-ਵਿਗਿਆਨਕ ਮੈਪਿੰਗ ਵਿੱਚ ਤੇਜ਼ੀ ਲਿਆਉਣ ਦੀ ਮੰਗ ਕੀਤੀ ਸੀ।

ਇਸ ਤੋਂ ਇਲਾਵਾ, ਪੰਜਾਬ ਸਰਕਾਰ ਦੀ ਬੇਨਤੀ ਉਪਰੰਤ ਭਾਰਤੀ ਭੂ-ਵਿਗਿਆਨਕ ਸਰਵੇਖਣ ਵਿਭਾਗ ਨੇ ਫੀਲਡ ਸੀਜ਼ਨ 2026-27 ਦੌਰਾਨ ਫ਼ਾਜ਼ਿਲਕਾ ਦੇ ਕੇਰਾ-ਖੇੜਾ ਅਤੇ ਸਈਅਦਵਾਲਾ ਬਲਾਕਾਂ ਵਿੱਚ ਪੋਟਾਸ਼ ਲਈ ਸ਼ੁਰੂਆਤੀ ਸਰਵੇਖਣ ਅਤੇ ਕੰਧਵਾਲਾ-ਰਾਮਸਰਾ ਬਲਾਕ ਵਿੱਚ ਖੋਜ ਪ੍ਰੋਗਰਾਮ ਦੀ ਤਜਵੀਜ਼ ਰੱਖੀ ਹੈ। ਇਸ ਅਧੀਨ 15 ਸੰਭਾਵੀ ਥਾਵਾਂ ‘ਤੇ ਡ੍ਰਿਲਿੰਗ ਕੀਤੀ ਜਾਣੀ ਹੈ।

ਮੰਤਰੀ ਗੋਇਲ ਨੇ ਕਿਹਾ ਕਿ ਪੋਟਾਸ਼ ਦੇਸ਼ ਲਈ ਬਹੁਤ ਮਹੱਤਵਪੂਰਨ ਹੈ ਕਿਉਂਕਿ ਇਸ ਦੀ ਲਗਭਗ 99 ਫ਼ੀਸਦੀ ਲੋੜ ਦਰਾਮਦ ਰਾਹੀਂ ਪੂਰੀ ਹੁੰਦੀ ਹੈ। ਜੇ ਘਰੇਲੂ ਪੱਧਰ ‘ਤੇ ਖੋਜ ਅਤੇ ਮਾਈਨਿੰਗ ਵਿੱਚ ਪ੍ਰਗਤੀ ਹੁੰਦੀ ਹੈ ਤਾਂ ਇਸ ਨਾਲ ਦੇਸ਼ ਦੀ ਅਰਥਵਿਵਸਥਾ, ਖੇਤੀਬਾੜੀ ਖੇਤਰ ਅਤੇ ਲੰਬੇ ਸਮੇਂ ਦੀ ਸਵੈ-ਨਿਰਭਰਤਾ ਨੂੰ ਮਜ਼ਬੂਤੀ ਮਿਲੇਗੀ।

RELATED ARTICLES

LEAVE A REPLY

Please enter your comment!
Please enter your name here

- Advertisment -spot_imgspot_imgspot_imgspot_img

Most Popular

Recent Comments