ਨਵੀਂ ਦਿੱਲੀ, 6 ਜੁਲਾਈ 2026: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸੋਮਵਾਰ ਨੂੰ ਇੰਡੋਨੇਸ਼ੀਆ, ਆਸਟ੍ਰੇਲੀਆ ਅਤੇ ਨਿਊਜ਼ੀਲੈਂਡ ਦੇ ਛੇ ਦਿਨਾਂ ਦੇ ਤਿੰਨ ਦੇਸ਼ਾਂ ਦੇ ਦੌਰੇ ਲਈ ਰਵਾਨਾ ਹੋ ਗਏ। ਇਹ ਦੌਰਾ 6 ਤੋਂ 11 ਜੁਲਾਈ ਤੱਕ ਚੱਲੇਗਾ, ਜਿਸ ਦਾ ਮੁੱਖ ਉਦੇਸ਼ ਇੰਡੋ-ਪੈਸਿਫਿਕ ਖੇਤਰ ਵਿੱਚ ਭਾਰਤ ਦੀ ਰਣਨੀਤਕ ਮੌਜੂਦਗੀ ਨੂੰ ਹੋਰ ਮਜ਼ਬੂਤ ਕਰਨਾ, ਵਪਾਰਕ ਸਬੰਧਾਂ ਦਾ ਵਿਸਥਾਰ ਕਰਨਾ ਅਤੇ ਵਿਦੇਸ਼ਾਂ ਵਿੱਚ ਵੱਸਦੇ ਭਾਰਤੀ ਭਾਈਚਾਰੇ ਨਾਲ ਸਬੰਧਾਂ ਨੂੰ ਹੋਰ ਗਹਿਰਾ ਬਣਾਉਣਾ ਹੈ।
ਰਵਾਨਗੀ ਤੋਂ ਪਹਿਲਾਂ ਜਾਰੀ ਆਪਣੇ ਸੰਦੇਸ਼ ਵਿੱਚ ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਇਹ ਦੌਰਾ ਭਾਰਤ ਦੀ “ਐਕਟ ਈਸਟ ਨੀਤੀ”, “ਮਹਾਸਾਗਰ ਵਿਜ਼ਨ” ਅਤੇ ਇੱਕ ਆਜ਼ਾਦ, ਖੁੱਲ੍ਹੇ ਅਤੇ ਸਭ ਨੂੰ ਨਾਲ ਲੈ ਕੇ ਚੱਲਣ ਵਾਲੇ ਇੰਡੋ-ਪੈਸਿਫਿਕ ਖੇਤਰ ਪ੍ਰਤੀ ਭਾਰਤ ਦੀ ਵਚਨਬੱਧਤਾ ਨੂੰ ਹੋਰ ਮਜ਼ਬੂਤ ਕਰੇਗਾ। ਉਨ੍ਹਾਂ ਕਿਹਾ ਕਿ ਤਿੰਨਾਂ ਦੇਸ਼ਾਂ ਨਾਲ ਭਾਰਤ ਦੇ ਦੋਪੱਖੀ ਸਬੰਧਾਂ ਨੂੰ ਨਵੀਂ ਦਿਸ਼ਾ ਮਿਲੇਗੀ।
ਦੌਰੇ ਦੇ ਪਹਿਲੇ ਪੜਾਅ ਵਿੱਚ ਪ੍ਰਧਾਨ ਮੰਤਰੀ ਮੋਦੀ ਇੰਡੋਨੇਸ਼ੀਆ ਪਹੁੰਚਣਗੇ, ਜਿੱਥੇ ਉਹ ਰਾਸ਼ਟਰਪਤੀ ਪ੍ਰਬੋਵੋ ਸੁਬਿਆੰਤੋ ਨਾਲ ਦੋਪੱਖੀ ਗੱਲਬਾਤ ਕਰਨਗੇ। ਇਸ ਦੌਰਾਨ ਸਮੁੰਦਰੀ ਸੁਰੱਖਿਆ, ਰੱਖਿਆ ਸਹਿਯੋਗ, ਵਪਾਰ, ਨਿਵੇਸ਼ ਅਤੇ ਸੱਭਿਆਚਾਰਕ ਸਬੰਧਾਂ ਨੂੰ ਹੋਰ ਮਜ਼ਬੂਤ ਬਣਾਉਣ ‘ਤੇ ਚਰਚਾ ਹੋਵੇਗੀ। ਮੋਦੀ ਜਕਾਰਤਾ ਵਿੱਚ ਭਾਰਤੀ ਭਾਈਚਾਰੇ ਨੂੰ ਵੀ ਸੰਬੋਧਨ ਕਰਨਗੇ ਅਤੇ ਯੋਗਿਆਕਾਰਤਾ ਸਥਿਤ ਪ੍ਰਸਿੱਧ ਪ੍ਰੰਬਾਨਨ ਮੰਦਰ ਕੰਪਲੈਕਸ ਦਾ ਵੀ ਦੌਰਾ ਕਰਨਗੇ।
ਇਸ ਤੋਂ ਬਾਅਦ ਪ੍ਰਧਾਨ ਮੰਤਰੀ ਆਸਟ੍ਰੇਲੀਆ ਜਾਣਗੇ, ਜਿੱਥੇ ਉਹ ਪ੍ਰਧਾਨ ਮੰਤਰੀ ਐਂਥਨੀ ਅਲਬਾਨੀਜ਼ ਨਾਲ ਸਾਲਾਨਾ ਨੇਤਾਵਾਂ ਦੇ ਸੰਮੇਲਨ ਵਿੱਚ ਹਿੱਸਾ ਲੈਣਗੇ। ਦੋਵੇਂ ਦੇਸ਼ਾਂ ਵਿਚਾਲੇ ਵਪਾਰ, ਮਹੱਤਵਪੂਰਨ ਖਣਿਜ, ਸਾਈਬਰ ਸੁਰੱਖਿਆ, ਉਭਰਦੀਆਂ ਤਕਨੀਕਾਂ, ਸਪਲਾਈ ਚੇਨ ਅਤੇ ਰੱਖਿਆ ਸਹਿਯੋਗ ਵਰਗੇ ਮੁੱਦਿਆਂ ‘ਤੇ ਵਿਚਾਰ-ਵਟਾਂਦਰਾ ਹੋਵੇਗਾ। ਇਸ ਦੌਰੇ ਦੌਰਾਨ ਮੋਦੀ ਭਾਰਤੀ ਮੂਲ ਦੇ ਲੋਕਾਂ ਅਤੇ ਪ੍ਰਮੁੱਖ ਉਦਯੋਗਪਤੀਆਂ ਨਾਲ ਵੀ ਮੁਲਾਕਾਤ ਕਰਨਗੇ।
ਦੌਰੇ ਦਾ ਆਖਰੀ ਪੜਾਅ ਨਿਊਜ਼ੀਲੈਂਡ ਹੋਵੇਗਾ, ਜਿੱਥੇ ਪ੍ਰਧਾਨ ਮੰਤਰੀ ਮੋਦੀ ਆਪਣੇ ਹਮਰੁਤਬਾ ਕ੍ਰਿਸਟੋਫਰ ਲਕਸਨ ਨਾਲ ਦੋਪੱਖੀ ਗੱਲਬਾਤ ਕਰਨਗੇ। ਇਹ ਕਰੀਬ ਚਾਰ ਦਹਾਕਿਆਂ ਬਾਅਦ ਕਿਸੇ ਭਾਰਤੀ ਪ੍ਰਧਾਨ ਮੰਤਰੀ ਦੀ ਨਿਊਜ਼ੀਲੈਂਡ ਦੀ ਪਹਿਲੀ ਸਰਕਾਰੀ ਯਾਤਰਾ ਹੋਵੇਗੀ। ਇਸ ਦੌਰਾਨ ਦੋਵੇਂ ਦੇਸ਼ਾਂ ਵਿਚਾਲੇ ਵਪਾਰ, ਨਿਵੇਸ਼, ਸਿੱਖਿਆ, ਖੇਤੀਬਾੜੀ ਅਤੇ ਲੋਕਾਂ ਦੇ ਆਪਸੀ ਸਬੰਧਾਂ ਨੂੰ ਹੋਰ ਮਜ਼ਬੂਤ ਬਣਾਉਣ ‘ਤੇ ਜ਼ੋਰ ਦਿੱਤਾ ਜਾਵੇਗਾ।
ਵਿਦੇਸ਼ ਮੰਤਰਾਲੇ ਅਨੁਸਾਰ ਇਹ ਦੌਰਾ ਭਾਰਤ ਦੀ ਇੰਡੋ-ਪੈਸਿਫਿਕ ਖੇਤਰ ਵਿੱਚ ਵਧਦੀ ਕੂਟਨੀਤਿਕ ਭੂਮਿਕਾ ਨੂੰ ਹੋਰ ਮਜ਼ਬੂਤ ਕਰੇਗਾ। ਇਸ ਰਾਹੀਂ ਭਾਰਤ ਆਪਣੇ ਰਣਨੀਤਕ ਭਾਈਵਾਲਾਂ ਨਾਲ ਸਹਿਯੋਗ ਵਧਾਉਣ, ਖੇਤਰੀ ਸੁਰੱਖਿਆ ਨੂੰ ਮਜ਼ਬੂਤ ਕਰਨ, ਆਰਥਿਕ ਸਾਂਝ ਨੂੰ ਅੱਗੇ ਵਧਾਉਣ ਅਤੇ ਵਿਦੇਸ਼ਾਂ ਵਿੱਚ ਰਹਿੰਦੇ ਭਾਰਤੀ ਭਾਈਚਾਰੇ ਨਾਲ ਰਿਸ਼ਤਿਆਂ ਨੂੰ ਹੋਰ ਗਹਿਰਾ ਕਰਨ ਵੱਲ ਮਹੱਤਵਪੂਰਨ ਕਦਮ ਚੁੱਕੇਗਾ।







