Friday, July 10, 2026
Home Patiala Updates ਪਟਿਆਲਾ ਦੇ ਡਿਪਟੀ ਕਮਿਸ਼ਨਰ ਵੱਲੋਂ ਸੰਭਾਵੀ ਹੜ੍ਹਾਂ ਤੋਂ ਬਚਾਅ ਲਈ ਤਿਆਰੀਆਂ ਦਾ...

ਪਟਿਆਲਾ ਦੇ ਡਿਪਟੀ ਕਮਿਸ਼ਨਰ ਵੱਲੋਂ ਸੰਭਾਵੀ ਹੜ੍ਹਾਂ ਤੋਂ ਬਚਾਅ ਲਈ ਤਿਆਰੀਆਂ ਦਾ ਜਾਇਜ਼ਾ

0
3

-ਕਿਹਾ, ਡਰੇਨੇਜ ਤੇ ਹੋਰ ਵਿਭਾਗਾਂ ਵੱਲੋਂ ਹੜ੍ਹ ਸੁਰੱਖਿਆ ਕਾਰਜਾਂ ‘ਚ ਢਿੱਲ ਮੱਠ ਬਰਦਾਸ਼ਤ ਨਹੀਂ ਕੀਤੀ ਜਾਵੇਗੀ
-ਪਾਣੀ ਸਬੰਧੀ ਸੂਚਨਾ ਫੋਟੋ ਤੇ ਲੋਕੇਸ਼ਨ ਸਮੇਤ ਦੇਣ ਲਈ ਹੜ੍ਹ ਕੰਟਰੋਲ ਰੂਮ ਦਾ ਵਟਸਐਪ ਨੰਬਰ ਜਾਰੀ ਹੋਵੇਗਾ-ਡਿਪਟੀ ਕਮਿਸ਼ਨਰ
-ਸੀਨੀਅਰ ਅਧਿਕਾਰੀਆਂ ਵੱਲੋਂ ਹੜ੍ਹ ਰੋਕੂ ਕਾਰਜਾਂ ਦਾ ਕੀਤਾ ਜਾਵੇਗਾ ਅਚਨਚੇਤ ਨਿਰੀਖਣ, ਕਿਸੇ ਵੀ ਕੁਤਾਹੀ ਦਾ ਸਖ਼ਤ ਨੋਟਿਸ ਲਿਆ ਜਾਵੇਗਾ
-ਡਰੇਨਾਂ, ਨਦੀਆਂ, ਨਾਲਿਆਂ ਦੀ ਸਫ਼ਾਈ ਸਬੰਧੀ ਕਾਰਜਾਂ ਦਾ ਕੀਤਾ ਜਾਵੇਗਾ ਆਡਿਟ

ਪਟਿਆਲਾ: ਮੌਨਸੂਨ ਸੀਜ਼ਨ ਦੇ ਮੱਦੇਨਜ਼ਰ, ਜ਼ਿਲ੍ਹਾ ਪ੍ਰਸ਼ਾਸਨ ਪਟਿਆਲਾ ਵੱਲੋਂ ਕਿਸੇ ਵੀ ਸੰਭਾਵੀ ਹੜ੍ਹ ਵਰਗੀ ਸਥਿਤੀ ਨਾਲ ਪ੍ਰਭਾਵਸ਼ਾਲੀ ਢੰਗ ਨਾਲ ਨਜਿੱਠਣ ਲਈ ਵਿਆਪਕ ਉਪਾਵਾਂ ਦਾ ਜਾਇਜ਼ਾ ਲਿਆ ਗਿਆ। ਡਿਪਟੀ ਕਮਿਸ਼ਨਰ ਡਾ. ਹਿਮਾਂਸ਼ੂ ਅਗਰਵਾਲ ਨੇ ਜ਼ਿਲ੍ਹੇ ਦੇ ਸੰਭਾਵੀ ਪਾਣੀ ਆਉਣ ਵਾਲੇ ਖੇਤਰਾਂ ਬਾਬਤ ਡਰੇਨੇਜ ਸਮੇਤ ਹੋਰ ਵਿਭਾਗਾਂ ਵੱਲੋਂ ਬਣਾਈ ਰਣਨੀਤੀ ਦਾ ਮੁਲਾਂਕਣ ਕੀਤਾ। ਇਸ ਮੌਕੇ ਉਨ੍ਹਾਂ ਨੇ ਸਮੂਹ ਵਿਭਾਗਾਂ ਦੀ ਹੜ੍ਹਾਂ ਬਾਬਤ ਤਿਆਰੀ ਦਾ ਜਾਇਜ਼ਾ ਲੈਂਦਿਆਂ ਪਟਿਆਲਾ ਨਗਰ ਨਿਗਮ, ਸਮੂਹ ਐਸ.ਡੀ.ਐਮਜ ਅਤੇ ਸਾਰੇ ਕਾਰਜ ਸਾਧਕ ਅਫ਼ਸਰਾਂ ਨੂੰ ਵੀ ਆਪਣੇ ਖੇਤਰਾਂ ‘ਚ ਸਾਰੀ ਮਸ਼ੀਨਰੀ ਨੂੰ ਪੂਰੀ ਤਰ੍ਹਾਂ ਮੁਸਤੈਦ ਰੱਖਣ ਲਈ ਨਿਰਦੇਸ਼ ਦਿੱਤੇ ਅਤੇ ਕਿਹਾ ਕਿ ਹੜ੍ਹ ਸੁਰੱਖਿਆ ਕਾਰਜਾਂ ‘ਚ ਢਿੱਲ ਮੱਠ ਬਰਦਾਸ਼ਤ ਨਹੀਂ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਉਨ੍ਹਾਂ ਸਮੇਤ ਸੀਨੀਅਰ ਅਧਿਕਾਰੀਆਂ ਵੱਲੋਂ ਇਨ੍ਹਾਂ ਕਾਰਜਾਂ ਦਾ ਅਚਨਚੇਤ ਨਿਰੀਖਣ ਵੀ ਕੀਤਾ ਜਾਵੇਗਾ ਤੇ ਕਿਸੇ ਵੀ ਕੁਤਾਹੀ ਦਾ ਸਖ਼ਤ ਨੋਟਿਸ ਲਿਆ ਜਾਵੇਗਾ।

ਡਾ. ਹਿਮਾਂਸ਼ੂ ਅਗਰਵਾਲ ਨੇ ਡਰੇਨੇਜ ਵਿਭਾਗ ਵੱਲੋਂ ਕੀਤੀ ਗਈ ਜ਼ਮੀਨੀ ਪੱਧਰ ‘ਤੇ ਤਿਆਰੀ ‘ਤੇ ਨਾਸੰਤੁਸ਼ਟੀ ਵਿਖਾਈ ਤੇ ਕਿਹਾ ਕਿ ਹੜ੍ਹ ਸੁਰੱਖਿਆ ਕਾਰਜਾਂ ਵਿੱਚ ਕੋਈ ਢਿੱਲ ਨਾ ਵਰਤੀ ਜਾਵੇ। ਉਨ੍ਹਾਂ ਕਿਹਾ ਕਿ ਡਰੇਨਾਂ, ਨਦੀਆਂ, ਨਾਲਿਆਂ ਦੀ ਸਫ਼ਾਈ ਸਬੰਧੀ ਕਾਰਜਾਂ ਦਾ ਆਡਿਟ ਕੀਤਾ ਜਾਵੇਗਾ। ਵਿਭਾਗ ਨੇ ਦੱਸਿਆ ਕਿ ਉਸਨੇ ਵੱਡੀ ਨਦੀ ਦੀ ਸਫ਼ਾਈ ਮੁਕੰਮਲ ਕਰ ਲਈ ਹੈ ਜਦਕਿ ਪਾਣੀ ਨਾਲ ਰੁੜਕੇ ਆਉਣ ਵਾਲੀ ਜਲਬੂਟੀ ਤੇ ਹੋਰ ਰੁਕਾਵਟਾਂ ਨੂੰ ਵੀ ਮੌਕੇ ‘ਤੇ ਦੂਰ ਕਰਨ ਲਈ ਵਿਭਾਗ ਪੂਰੀ ਤਰ੍ਹਾਂ ਤਿਆਰ ਹੈ।
ਡਿਪਟੀ ਕਮਿਸ਼ਨਰ ਨੂੰ ਡਰੇਨੇਜ ਵਿਭਾਗ ਦੇ ਕਾਰਜਕਾਰੀ ਇੰਜੀਨੀਅਰ ਅਕਾਸ਼ ਅਗਰਵਾਲ ਨੇ ਦੱਸਿਆ ਕਿ ਉਨ੍ਹਾਂ ਨੇ ਵੱਡੀ ਗਿਣਤੀ ਵਿੱਚ ਖਾਲੀ ਈਸੀ ਬੈਗਾਂ ਦੀ ਖਰੀਦ ਨੂੰ ਯਕੀਨੀ ਬਣਾਇਆ ਹੈ ਅਤੇ ਖਾਲੀ ਥੈਲੇ ਲੋੜੀਂਦੀ ਗਿਣਤੀ ਵਿੱਚ ਪਹਿਲਾਂ ਹੀ ਮਿੱਟੀ ਨਾਲ ਭਰਕੇ ਘੱਗਰ ਸਮੇਤ ਹੋਰ ਨਦੀਆਂ ਦੀਆਂ ਨਾਜ਼ੁਕ ਥਾਵਾਂ ‘ਤੇ ਰੱਖੇ ਜਾ ਰਹੇ, ਜਦੋਂ ਕਿ ਹੋਰ ਵਾਧੂ ਖਾਲੀ ਬੈਗ ਵੀ ਤੁਰੰਤ ਲੋੜ ਪੈਣ ਵਾਲੇ ਰਣਨੀਤਕ ਖੇਤਰਾਂ ਨੇੜੇ ਭੰਡਾਰ ਕੀਤੇ ਗਏ ਹਨ।
ਡਾ. ਹਿਮਾਂਸ਼ੂ ਅਗਰਵਾਲ ਨੇ ਦੱਸਿਆ ਕਿ ਕਿਸੇ ਵੀ ਐਮਰਜੈਂਸੀ ਦੇ ਤੁਰੰਤ ਟਾਕਰੇ ਲਈ ਜ਼ਿਲ੍ਹਾ ਪੱਧਰੀ ਕੰਟਰੋਲ ਰੂਮ ਦਾ ਇੱਕ ਵਟਸਐਪ ਨੰਬਰ ਜਾਰੀ ਕੀਤਾ ਜਾਵੇਗਾ, ਜਿਸ ‘ਤੇ ਲੋਕ ਆਪਣੇ ਖੇਤਰ ਵਿੱਚ ਆਉਣ ਵਾਲੇ ਪਾਣੀ ਜਾਂ ਪਾਣੀ ਖੜ੍ਹਾ ਹੋਣ ਸਬੰਧੀ ਕਿਸੇ ਵੀ ਸਮੱਸਿਆ ਦੀ ਸੂਚਨਾ, ਫੋਟੋ ਜਾਂ ਵੀਡੀਓ ਮੈਸੇਜ ਰਾਹੀਂ ਲੋਕੇਸ਼ਨ ਸਮੇਤ ਸਾਂਝੀ ਕਰ ਸਕਣਗੇ।
ਡਿਪਟੀ ਕਮਿਸ਼ਨਰ ਨੇ ਜ਼ੋਰ ਦੇ ਕੇ ਕਿਹਾ ਕਿ, ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਦਿਸ਼ਾ ਨਿਰਦੇਸ਼ਾਂ ਮੁਤਾਬਕ ਜ਼ਿਲ੍ਹਾ ਪ੍ਰਸ਼ਾਸਨ ਹਰ ਤਰ੍ਹਾਂ ਦੀ ਸਥਿਤੀ ਉਪਰ ਨੇੜਿਓਂ ਨਿਗਰਾਨੀ ਰੱਖੇਗਾ ਅਤੇ ਮਾਨਸੂਨ ਸੀਜ਼ਨ ਦੌਰਾਨ ਲੋਕਾਂ ਦੀ ਜਾਨ-ਮਾਲ ਦੀ ਸੁਰੱਖਿਆ ਯਕੀਨੀ ਬਣਾਉਣ ਲਈ ਕੋਈ ਢਿੱਲ ਨਹੀਂ ਵਰਤੇਗਾ।ਉਨ੍ਹਾਂ ਨੇ ਨਾਲ ਹੀ ਲੋਕਾਂ ਨੂੰ ਵੀ ਅਪੀਲ ਕੀਤੀ ਕਿ ਉਹ ਕਿਸੇ ਵੀ ਤਰ੍ਹਾਂ ਦੀਆਂ ਅਫ਼ਵਾਹਾਂ ‘ਤੇ ਯਕੀਨ ਨਾ ਕਰਨ ਅਤੇ ਜ਼ਿਲ੍ਹਾ ਪ੍ਰਸ਼ਾਸਨ ਦੀ ਅਧਿਕਾਰਤ ਸੂਚਨਾ ਨੂੰ ਹੀ ਮੰਨਣ, ਕਿਉਂਕਿ ਜ਼ਿਲ੍ਹਾ ਪ੍ਰਸ਼ਾਸਨ ਪੂਰੀ ਤਰ੍ਹਾਂ ਮੁਸਤੈਦ ਹੈ।
ਡਿਪਟੀ ਕਮਿਸ਼ਨਰ ਨੇ ਨਗਰ ਨਿਗਮ ਨੂੰ ਹਦਾਇਤ ਕੀਤੀ ਕਿ ਇਸ ਮਹੀਨੇ ਪਾਣੀ ਖੜ੍ਹਨ ਵਾਲੇ ਹੌਟਸਪੌਟਸ ਦੀ ਪਛਾਣ ਕਰਕੇ ਪਾਣੀ ਦੀ ਨਿਕਾਸੀ ਨੂੰ ਤਰਜੀਹ ਦੇਣ ਸਮੇਤ ਸੀਵਰੇਜ ਦੀ ਗਾਰ ਕੱਢਣ ਦਾ ਕੰਮ ਪੂਰਾ ਕੀਤਾ ਜਾਵੇ। ਉਨ੍ਹਾਂ ਨੇ ਅਧਿਕਾਰੀਆਂ ਪਾਸੋਂ ਬੋਟਸ, ਰੱਸੇ, ਵੱਡੀਆਂ ਟਾਰਚਾਂ, ਐਮਰਜੈਂਸੀ ਸਥਿਤੀ ਵਿੱਚ ਖਾਣ-ਪੀਣ ਦੀਆਂ ਜਰੂਰੀ ਵਸਤਾਂ, ਪਸ਼ੂਆਂ ਲਈ ਚਾਰਾ, ਤਰਪਾਲਾਂ, ਦਵਾਈਆਂ ਆਦਿ ਸਮੇਤ ਹੋਰ ਜ਼ਰੂਰੀ ਪ੍ਰਬੰਧਾਂ ਬਾਬਤ ਵੀ ਜਾਇਜ਼ਾ ਲਿਆ ਅਤੇ ਸਾਰੇ ਕੰਮ ਪੂਰੇ ਕਰਕੇ ਰਿਪੋਰਟ ਭੇਜੀ ਜਾਵੇ।
ਡਾ. ਹਿਮਾਂਸ਼ੂ ਅਗਰਵਾਲ ਨੇ ਪਟਿਆਲਾ ਵੱਡੀ ਨਦੀ, ਸਮਾਣਾ-ਪਾਤੜਾਂ ਵਿਖੇ ਘੱਗਰ ਨੇੜੇ ਤੇ ਬਾਦਸ਼ਾਹਪੁਰ, ਰਾਜਪੁਰਾ ਵਿਖੇ ਪੱਚੀਦਰਾ-ਐਸਵਾਈਐਲ, ਸਰਾਲਾ ਖੁਰਦ (ਸਰਾਲਾ ਸਾਈਫਨ, ਘੱਗਰ, ਘਨੌਰ), ਰੋਹੜ ਜਗੀਰ, ਮੋਹਲਗੜ੍ਹ ਅਤੇ ਬੀਬੀਪੁਰ ਵਿਖੇ ਬਚਾਅ ਪ੍ਰਬੰਧਾਂ ਦਾ ਜਾਇਜ਼ਾ ਲਿਆ ਤੇ ਡਰੇਨੇਜ ਵਿਭਾਗ ਦੇ ਮੁੱਖ ਢਾਂਚਾਗਤ ਕੰਮਾਂ ਬਾਰੇ ਜਾਣਕਾਰੀ ਹਾਸਲ ਕੀਤੀ। ਉਨ੍ਹਾਂ ਸਖ਼ਤ ਨਿਰਦੇਸ਼ ਦਿੱਤੇ ਕਿ ਬਾਕੀ ਰਹਿੰਦੇ ਕੰਮਾਂ ਨੂੰ 15 ਦਿਨਾਂ ਵਿੱਚ ਮੁਕੰਮਲ ਕੀਤਾ ਜਾਵੇ ਅਤੇ ਜੇਕਰ ਕੋਈ ਕੁਤਾਹੀ ਵਰਤੀ ਗਈ ਤਾਂ ਕਾਰਵਾਈ ਕੀਤੀ ਜਾਵੇਗੀ।
ਡਰੇਨੇਜ ਵਿਭਾਗ ਨੇ ਦੱਸਿਆ ਕਿ ਪਿੰਡ ਬਾਦਸ਼ਾਹਪੁਰ ਵਿਖੇ ਘੱਗਰ ਦੀ ਮਾਰ ਤੋਂ ਬਚਾਅ ਲਈ ਬੋਲਡਰ ਸਟੋਨ ਨਾਲ ਸਟੱਡ ਤੇ ਮਾੜੂ ਵਿਖੇ ਘੱਗਰ ਕਿਨਾਰੇ ਪੱਕੀ ਦਿਵਾਰ ਰੇਵਰਮੈਂਟ ਬਣਾ ਕੇ ਕੰਮ ਕੀਤਾ ਗਿਆ ਹੈ। ਇਸੇ ਤਰ੍ਹਾਂ ਸਿਰਕੱਪੜਾ ਵਿਖੇ ਬੈਡਬਾਰ ਤੇ ਰੈਵਰਮੈਂਟ ਦੀ ਮੁਰੰਮਤ ਕਰਵਾਈ ਗਈ ਹੈ।
ਪਿੰਡ ਹਰਚੰਦਪੁਰਾ ਤੇ ਬਾਦਸ਼ਾਹਪੁਰ ਵਿਖੇ ਪਾਣੀ ਦੀ ਰਿਹਾਇਸ਼ੀ ਇਲਾਕਿਆਂ ਤੇ ਖੇਤਾਂ ਵਿੱਚ ਵਾਪਸੀ ਨੂੰ ਰੋਕਣ ਲਈ ਘੱਗਰ ਦਰਿਆ ਦੇ ਸੱਜੇ ਹਾਸ਼ੀਏ ਦੇ ਬੰਨ੍ਹਾਂ ਨੂੰ ਮਜ਼ਬੂਤ ਕੀਤਾ ਗਿਆ ਹੈ। ਇਸੇ ਤਰ੍ਹਾਂ ਹੀ ਪਿੰਡ ਸਰਾਲਾ ਹੈਡ ਨੇੜੇ ਸਰਾਲਾ ਕਲਾਂ ਪਿੰਡ ਤੇ ਨਹਿਰ ਨੂੰ ਬਚਾਉਣ ਲਈ ਘੱਗਰ ਦਰਿਆ ਦੇ ਬੰਨ੍ਹਾਂ ਨੂੰ ਮਜ਼ਬੂਤ ਕਰਨ ਲਈ ਅਤੇ ਬੰਨ੍ਹ ਖੁਰਨ ਤੋਂ ਰੋਕਣ ਲਈ ਈਸੀ ਬੈਗਜ਼ ਨਾਲ ਕੰਮ ਕੀਤਾ ਗਿਆ ਹੈ ।
ਜਦੋਂਕਿ ਟਾਂਗਰੀ ਨਦੀ ਦੇ ਉਲਟ ਵਹਾਅ ਤੋਂ ਬਚਾਉਣ ਲਈ ਪਿੰਡ ਰੋਹੜ ਜਗੀਰ ਨੇੜੇ ਰੋਹੜ ਜਗੀਰ ਡਰੇਨ ਤੇ ਗਨੇਸ਼ਪੁਰ ਵਿਖੇ ਮਕੈਨੀਕਲ ਗੇਟਾਂ ਸਮੇਤ ਟਾਂਗਰੀ ਨਦੀ ਦੇ ਵਹਾਅ ਨੂੰ ਚੈਨੇਲਾਈਜੇਸ਼ਨ ਕਰਨ ਲਈ ਵੱਖ-ਵੱਖ ਥਾਵਾਂ ‘ਤੇ ਵੱਖਰਾ ਕੰਮ ਕੀਤਾ ਗਿਆ ਹੈ ਤਾਂ ਜੋ ਨੇੜਲੀਆਂ ਸੜਕਾਂ, ਪਿੰਡਾਂ ਅਤੇ ਖੇਤਾਂ ਦੀ ਸੁਰੱਖਿਆ ਕੀਤੀ ਜਾ ਸਕੇ। ਇਸ ਮੌਕੇ ਨਗਰ ਨਿਗਮ ਦੇ ਵਧੀਕ ਕਮਿਸ਼ਨਰ ਸਿਮਰਪ੍ਰੀਤ ਕੌਰ, ਐਸ ਡੀ ਐਮਜ਼, ਡੀ.ਆਰ.ਓ ਦਿਵਿਯਾ ਸਿੰਗਲਾ ਸਮੇਤ ਹੋਰ ਵਿਭਾਗਾਂ ਦੇ ਅਧਿਕਾਰੀ ਮੌਜੂਦ ਸਨ।

LEAVE A REPLY

Please enter your comment!
Please enter your name here