ਲਾਹੌਰ/ਨਵੀਂ ਦਿੱਲੀ: ਪਾਕਿਸਤਾਨ ਗਈ ਭਾਰਤੀ ਸਿੱਖ ਔਰਤ ਸਰਬਜੀਤ ਕੌਰ ਦੇ ਨਿਕਾਹ ਮਾਮਲੇ ਵਿੱਚ ਵੱਡਾ ਕਾਨੂੰਨੀ ਮੋੜ ਆ ਗਿਆ ਹੈ। ਉਸ ਦੇ ਭਾਰਤੀ ਪਤੀ ਕਰਨੈਲ ਸਿੰਘ ਨੇ ਆਪਣੇ ਵਕੀਲ ਐਡਵੋਕੇਟ ਅਲੀ ਚੰਗੇਜ਼ੀ ਸੰਧੂ ਰਾਹੀਂ Lahore High Court ਵਿੱਚ ਪਟੀਸ਼ਨ ਦਾਇਰ ਕਰਕੇ ਨਾਸਿਰ ਹੁਸੈਨ ਨਾਲ ਹੋਏ ਨਿਕਾਹ ਨੂੰ ਗੈਰ-ਕਾਨੂੰਨੀ ਕਰਾਰ ਦੇਣ ਦੀ ਮੰਗ ਕੀਤੀ ਹੈ।
ਪਟੀਸ਼ਨ ਦਾ ਮੁੱਖ ਆਧਾਰ: ਤਲਾਕ ਤੋਂ ਬਿਨਾਂ ਦੂਜਾ ਵਿਆਹ
ਪਟੀਸ਼ਨ ਵਿੱਚ ਦਲੀਲ ਦਿੱਤੀ ਗਈ ਹੈ ਕਿ ਸਰਬਜੀਤ ਕੌਰ ਦਾ ਕਰਨੈਲ ਸਿੰਘ ਨਾਲ ਵਿਆਹ ਕਾਨੂੰਨੀ ਤੌਰ ‘ਤੇ ਅਜੇ ਵੀ ਬਰਕਰਾਰ ਹੈ ਅਤੇ ਉਸ ਨੇ ਭਾਰਤ ਵਿੱਚ ਕੋਈ ਅਦਾਲਤੀ ਤਲਾਕ ਨਹੀਂ ਲਿਆ। ਇਸ ਹਾਲਤ ਵਿੱਚ ਦੂਜਾ ਵਿਆਹ ਕਰਨਾ ਪਾਕਿਸਤਾਨੀ ਕਾਨੂੰਨ ਅਤੇ ਸ਼ਰੀਅਤ ਨਿਯਮਾਂ ਦੀ ਉਲੰਘਣਾ ਦੱਸਿਆ ਗਿਆ ਹੈ।
ਕਾਨੂੰਨੀ ਅਤੇ ਧਾਰਮਿਕ ਨਿਯਮਾਂ ਦਾ ਹਵਾਲਾ
ਵਕੀਲ ਵੱਲੋਂ ਅਦਾਲਤ ਨੂੰ ਦੱਸਿਆ ਗਿਆ ਕਿ ਪਾਕਿਸਤਾਨੀ ਕਾਨੂੰਨ ਅਨੁਸਾਰ:
-
ਪਹਿਲੇ ਪਤੀ ਤੋਂ ਅਧਿਕਾਰਤ ਤਲਾਕ ਲੈਣਾ ਲਾਜ਼ਮੀ ਹੈ।
-
ਦੋ ਗਵਾਹਾਂ ਦੀ ਮੌਜੂਦਗੀ ਵਿੱਚ ਪਤੀ ਨੂੰ ਇਸਲਾਮ ਕਬੂਲਣ ਲਈ ਸੱਦਾ ਦੇਣਾ ਪੈਂਦਾ ਹੈ।
-
ਇਨਕਾਰ ਦੀ ਸੂਰਤ ਵਿੱਚ 90 ਦਿਨਾਂ ਦੀ ਮਿਆਦ ਤੋਂ ਬਾਅਦ ਹੀ ਵਿਆਹ ਖ਼ਤਮ ਮੰਨਿਆ ਜਾ ਸਕਦਾ ਹੈ।
ਪਟੀਸ਼ਨ ਵਿੱਚ ਕਿਹਾ ਗਿਆ ਹੈ ਕਿ ਇਹ ਪ੍ਰਕਿਰਿਆ ਨਹੀਂ ਅਪਣਾਈ ਗਈ, ਇਸ ਲਈ ਨਿਕਾਹ ਨੂੰ ‘ਬਾਤਿਲ’ ਕਰਾਰ ਦਿੱਤਾ ਜਾਵੇ।
ਦੋਵਾਂ ਦੇਸ਼ਾਂ ਵਿੱਚ ਚਰਚਾ
ਇਸ ਮਾਮਲੇ ਨੇ ਭਾਰਤ ਅਤੇ ਪਾਕਿਸਤਾਨ ਦੇ ਕਾਨੂੰਨੀ ਅਤੇ ਧਾਰਮਿਕ ਹਲਕਿਆਂ ਵਿੱਚ ਵੱਡੀ ਬਹਿਸ ਛੇੜ ਦਿੱਤੀ ਹੈ। ਅਦਾਲਤ ਵੱਲੋਂ ਜਲਦ ਹੀ ਸੁਣਵਾਈ ਦੀ ਉਮੀਦ ਕੀਤੀ ਜਾ ਰਹੀ ਹੈ।






