Home National NEET-UG 2026 ਪੇਪਰ ਲੀਕ ਮਾਮਲਾ: CBI ਨੇ 13 ਮੁਲਜ਼ਮਾਂ ਖ਼ਿਲਾਫ਼ ਚਾਰਜਸ਼ੀਟ ਦਾਇਰ...

NEET-UG 2026 ਪੇਪਰ ਲੀਕ ਮਾਮਲਾ: CBI ਨੇ 13 ਮੁਲਜ਼ਮਾਂ ਖ਼ਿਲਾਫ਼ ਚਾਰਜਸ਼ੀਟ ਦਾਇਰ ਕੀਤੀ

0
4

ਨਵੀਂ ਦਿੱਲੀ: ਕੇਂਦਰੀ ਜਾਂਚ ਬਿਊਰੋ (ਸੀਬੀਆਈ) ਨੇ NEET-UG 2026 ਪ੍ਰਸ਼ਨ ਪੱਤਰ ਲੀਕ ਮਾਮਲੇ ਵਿੱਚ ਵੱਡੀ ਕਾਰਵਾਈ ਕਰਦਿਆਂ ਤਿੰਨ ਵਿਸ਼ਾ ਮਾਹਿਰਾਂ, ਕੋਚਿੰਗ ਸੈਂਟਰ ਨਾਲ ਜੁੜੇ ਦੋ ਵਿਅਕਤੀਆਂ, ਕਈ ਵਿਚੋਲਿਆਂ ਅਤੇ ਲਾਭ ਲੈਣ ਵਾਲੇ ਉਮੀਦਵਾਰਾਂ ਸਮੇਤ 13 ਮੁਲਜ਼ਮਾਂ ਖ਼ਿਲਾਫ਼ ਵਿਸ਼ੇਸ਼ ਅਦਾਲਤ ਵਿੱਚ ਚਾਰਜਸ਼ੀਟ ਦਾਇਰ ਕੀਤੀ ਹੈ।

ਸੀਬੀਆਈ ਵੱਲੋਂ ਦਾਇਰ ਚਾਰਜਸ਼ੀਟ ਵਿੱਚ ਭਾਰਤੀ ਨਿਆਂ ਸੰਹਿਤਾ (BNS) ਤਹਿਤ ਅਪਰਾਧਿਕ ਸਾਜ਼ਿਸ਼, ਧੋਖਾਧੜੀ, ਵਿਸ਼ਵਾਸ ਦੀ ਅਪਰਾਧਿਕ ਉਲੰਘਣਾ, ਸਬੂਤ ਨਸ਼ਟ ਕਰਨ ਅਤੇ ਹੋਰ ਅਪਰਾਧਾਂ ਦੇ ਨਾਲ-ਨਾਲ ਭ੍ਰਿਸ਼ਟਾਚਾਰ ਰੋਕੂ ਕਾਨੂੰਨ ਅਤੇ ਪਬਲਿਕ ਐਗਜ਼ਾਮੀਨੇਸ਼ਨਜ਼ (ਪ੍ਰੀਵੈਨਸ਼ਨ ਆਫ਼ ਅਨਫੇਅਰ ਮੀਨਜ਼) ਕਾਨੂੰਨ ਤਹਿਤ ਵੀ ਦੋਸ਼ ਲਗਾਏ ਗਏ ਹਨ।

ਸੀਬੀਆਈ ਦੇ ਬੁਲਾਰੇ ਮੁਤਾਬਕ ਚਾਰਜਸ਼ੀਟ ਵਿੱਚ 360 ਗਵਾਹਾਂ ਦੇ ਬਿਆਨ, 422 ਦਸਤਾਵੇਜ਼ ਅਤੇ 43 ਮਹੱਤਵਪੂਰਨ ਸਬੂਤ ਸ਼ਾਮਲ ਕੀਤੇ ਗਏ ਹਨ। ਏਜੰਸੀ ਨੇ ਡਿਜੀਟਲ ਫੋਰੈਂਸਿਕ ਵਿਸ਼ਲੇਸ਼ਣ ਰਿਪੋਰਟ, ਹੱਥ-ਲਿਖਤ ਮਾਹਿਰਾਂ ਦੀ ਰਾਏ ਅਤੇ ਹੋਰ ਤਕਨੀਕੀ ਸਬੂਤ ਵੀ ਅਦਾਲਤ ਅੱਗੇ ਪੇਸ਼ ਕੀਤੇ ਹਨ। ਜਾਂਚ ਦੌਰਾਨ ਇਹ ਗੱਲ ਸਾਹਮਣੇ ਆਈ ਹੈ ਕਿ ਪ੍ਰੀਖਿਆ ਤੋਂ ਪਹਿਲਾਂ ਲੀਕ ਹੋਏ ਪ੍ਰਸ਼ਨ ਪੱਤਰ ਨੂੰ ਫੈਲਾਉਣ ਵਿੱਚ ਮੁਲਜ਼ਮਾਂ ਦੀ ਸਰਗਰਮ ਭੂਮਿਕਾ ਸੀ। ਸਾਰੇ 13 ਮੁਲਜ਼ਮ ਇਸ ਸਮੇਂ ਨਿਆਂਇਕ ਹਿਰਾਸਤ ਵਿੱਚ ਹਨ।

ਅਧਿਕਾਰੀਆਂ ਨੇ ਦੱਸਿਆ ਕਿ ਅਦਾਲਤ ਇਸ ਮਾਮਲੇ ਦੀ ਸੁਣਵਾਈ ਅੱਜ ਕਰ ਸਕਦੀ ਹੈ। ਪੇਪਰ ਲੀਕ ਦੇ ਦੋਸ਼ਾਂ ਤੋਂ ਬਾਅਦ ਨੈਸ਼ਨਲ ਟੈਸਟਿੰਗ ਏਜੰਸੀ (NTA) ਨੇ ਪਹਿਲਾਂ ਨਿਰਧਾਰਤ ਪ੍ਰੀਖਿਆ ਰੱਦ ਕਰ ਦਿੱਤੀ ਸੀ ਅਤੇ ਬਾਅਦ ਵਿੱਚ ਮੁੜ ਪ੍ਰੀਖਿਆ ਕਰਵਾਈ ਗਈ। ਇਹ ਮਾਮਲਾ ਦੇਸ਼ ਭਰ ਵਿੱਚ ਚਰਚਾ ਦਾ ਵਿਸ਼ਾ ਬਣਿਆ ਅਤੇ ਜਾਂਚ ਦੌਰਾਨ ਸੀਬੀਆਈ ਨੇ ਕਈ ਰਾਜਾਂ ਵਿੱਚ ਛਾਪੇਮਾਰੀ ਕਰਕੇ ਪੂਰੇ ਰੈਕੇਟ ਦਾ ਪਰਦਾਫਾਸ਼ ਕੀਤਾ।

ਸੀਬੀਆਈ ਨੇ ਚਾਰਜਸ਼ੀਟ ਵਿੱਚ NTA ਦੇ ਤਿੰਨ ਵਿਸ਼ਾ ਮਾਹਿਰਾਂ ਪੀ.ਵੀ. ਕੁਲਕਰਨੀ (ਕੈਮਿਸਟਰੀ), ਮਨੀਸ਼ਾ ਗੁਰੂਨਾਥ ਮੰਧਾਰੇ (ਜੀਵ ਵਿਗਿਆਨ) ਅਤੇ ਮਨੀਸ਼ਾ ਸੰਜੇ ਹਵਲਦਾਰ (ਭੌਤਿਕ ਵਿਗਿਆਨ) ਸਮੇਤ ਲਾਤੂਰ ਦੇ ਡਾਕਟਰ ਮਨੋਜ ਸ਼ਿਰੂਰੇ, ਪੁਣੇ ਸਥਿਤ ਕੋਚਿੰਗ ਸੰਸਥਾ ਨਾਲ ਜੁੜੇ ਤੇਜਸ ਹਰਸ਼ਦਕੁਮਾਰ ਸ਼ਾਹ ਅਤੇ ਸ਼ਿਵਰਾਜ ਰਘੂਨਾਥ ਮੋਟੇਗਾਂਵਕਰ ਨੂੰ ਵੀ ਮੁਲਜ਼ਮ ਬਣਾਇਆ ਹੈ। ਜਾਂਚ ਦੌਰਾਨ ਪੈਸਿਆਂ ਦੇ ਲੈਣ-ਦੇਣ ਦੀ ਵੀ ਜਾਂਚ ਕੀਤੀ ਗਈ ਅਤੇ ਦੋਸ਼ੀਆਂ ਦੇ ਕਈ ਬੈਂਕ ਖਾਤੇ, ਬੈਂਕ ਲਾਕਰ ਅਤੇ ਡੀਮੈਟ ਖਾਤੇ ਫ੍ਰੀਜ਼ ਕਰ ਦਿੱਤੇ ਗਏ ਹਨ।

LEAVE A REPLY

Please enter your comment!
Please enter your name here