ਨਵੀਂ ਦਿੱਲੀ: ਜੇਕਰ ਤੁਸੀਂ ਮੰਗਲਵਾਰ, 27 ਜਨਵਰੀ ਨੂੰ ਕੋਈ ਅਹਿਮ ਬੈਂਕਿੰਗ ਕੰਮ ਨਿਪਟਾਉਣ ਦੀ ਯੋਜਨਾ ਬਣਾ ਰਹੇ ਹੋ, ਤਾਂ ਇਹ ਖ਼ਬਰ ਤੁਹਾਡੇ ਲਈ ਮਹੱਤਵਪੂਰਨ ਹੈ। ਬੈਂਕ ਕਰਮਚਾਰੀ ਯੂਨੀਅਨਾਂ ਨੇ ਆਪਣੀਆਂ ਮੰਗਾਂ ਨੂੰ ਲੈ ਕੇ ਦਬਾਅ ਬਣਾਉਣ ਲਈ ਅੱਜ ਦੇਸ਼ ਵਿਆਪੀ ਬੈਂਕ ਹੜਤਾਲ ਦਾ ਐਲਾਨ ਕੀਤਾ ਹੈ, ਜਿਸ ਕਾਰਨ ਦੇਸ਼ ਭਰ ਵਿੱਚ ਬੈਂਕਿੰਗ ਸੇਵਾਵਾਂ ਪ੍ਰਭਾਵਿਤ ਰਹਿਣ ਦੀ ਸੰਭਾਵਨਾ ਹੈ।
ਹੜਤਾਲ ਦੇ ਚਲਦਿਆਂ ਜਨਤਕ ਖੇਤਰ ਦੇ ਬੈਂਕਾਂ ਵਿੱਚ ਨਕਦੀ ਲੈਣ-ਦੇਣ, ਚੈੱਕ ਕਲੀਅਰੈਂਸ ਅਤੇ ਕਾਊਂਟਰ ਸੇਵਾਵਾਂ ਠੱਪ ਰਹਿ ਸਕਦੀਆਂ ਹਨ। ਮਹੀਨੇ ਦੇ ਚੌਥੇ ਸ਼ਨੀਵਾਰ (23 ਜਨਵਰੀ), ਐਤਵਾਰ (25 ਜਨਵਰੀ) ਅਤੇ ਗਣਤੰਤਰ ਦਿਵਸ (26 ਜਨਵਰੀ) ਦੀਆਂ ਛੁੱਟੀਆਂ ਤੋਂ ਬਾਅਦ ਇਹ ਲਗਾਤਾਰ ਚੌਥਾ ਦਿਨ ਹੈ, ਜਦੋਂ ਜਨਤਕ ਖੇਤਰ ਦੇ ਬੈਂਕ ਗਾਹਕਾਂ ਲਈ ਉਪਲਬਧ ਨਹੀਂ ਰਹੇ।
ਹਾਲਾਂਕਿ ਰਾਹਤ ਦੀ ਗੱਲ ਇਹ ਹੈ ਕਿ ਨਿੱਜੀ ਬੈਂਕਾਂ ਵਿੱਚ ਕੰਮਕਾਜ ਆਮ ਵਾਂਗ ਜਾਰੀ ਰਹੇਗਾ, ਕਿਉਂਕਿ ਨਿੱਜੀ ਬੈਂਕ ਯੂਨਾਈਟਡ ਫੋਰਮ ਆਫ ਬੈਂਕ ਯੂਨੀਅਨਜ਼ (UFBU) ਦਾ ਹਿੱਸਾ ਨਹੀਂ ਹਨ। ਇਸ ਦੌਰਾਨ ਡਿਜ਼ੀਟਲ ਸੇਵਾਵਾਂ ਜਿਵੇਂ ਏਟੀਐਮ, ਨੈੱਟ ਬੈਂਕਿੰਗ ਅਤੇ ਮੋਬਾਈਲ ਬੈਂਕਿੰਗ ਕੁਝ ਹੱਦ ਤੱਕ ਚਾਲੂ ਰਹਿ ਸਕਦੀਆਂ ਹਨ, ਪਰ ਗਾਹਕਾਂ ਨੂੰ ਅਗਾਊਂ ਸਾਵਧਾਨੀ ਵਰਤਣ ਦੀ ਸਲਾਹ ਦਿੱਤੀ ਗਈ ਹੈ।






