ਪੰਚਕੂਲਾ: ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਪੰਚਕੂਲਾ ਦੇ ਸੈਕਟਰ-5 ਵਿੱਚ ਕਰਵਾਏ ਗਏ ਸਮਾਗਮ ਦੌਰਾਨ ‘ਨਮੋ ਕ੍ਰਿਕਟ ਲੀਗ-2026’ ਦੀ ਟਰਾਫੀ ਦਾ ਅਨਾਵਰਣ ਕੀਤਾ। ਇਸ ਮੌਕੇ ਮੁੱਖ ਮੰਤਰੀ ਨੇ ਖਿਡਾਰੀਆਂ ਦਾ ਹੌਸਲਾ ਵਧਾਉਂਦਿਆਂ ਖੁਦ ਵੀ ਕ੍ਰਿਕਟ ਵਿੱਚ ਹੱਥ ਅਜ਼ਮਾਇਆ।
ਸਮਾਗਮ ਦੌਰਾਨ ਮੁੱਖ ਮੰਤਰੀ ਨੇ ਖੇਡ ਪ੍ਰਤਿਭਾਵਾਂ ਅਤੇ ਕਲਾਕਾਰਾਂ ਨੂੰ ਸਨਮਾਨ ਵਜੋਂ ਕ੍ਰਿਕਟ ਬੈਟ ਅਤੇ ਗੇਂਦ ਭੇਟ ਕਰਕੇ ਉਨ੍ਹਾਂ ਦਾ ਉਤਸ਼ਾਹ ਵਧਾਇਆ। ਇਸ ਮੌਕੇ ਮੁੱਖ ਮੰਤਰੀ ਦੇ ਸਿਆਸੀ ਸਕੱਤਰ ਤਰੁਣ ਭੰਡਾਰੀ ਵੀ ਵਿਸ਼ੇਸ਼ ਤੌਰ ’ਤੇ ਮੌਜੂਦ ਰਹੇ।
ਨਸ਼ਿਆਂ ਖ਼ਿਲਾਫ਼ ਜਾਗਰੂਕਤਾ ਫੈਲਾਉਣਾ ਮੁੱਖ ਉਦੇਸ਼
ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ‘ਨਮੋ ਕ੍ਰਿਕਟ ਲੀਗ’ ਦੀ ਪਰਿਕਲਪਨਾ ਅਤੇ ਇਸ ਦੀਆਂ ਤਿਆਰੀਆਂ ਲਈ ਸੁਦੇਸ਼ ਭੰਡਾਰੀ ਚੈਰੀਟੇਬਲ ਟਰੱਸਟ ਨੂੰ ਵਧਾਈ ਦਿੱਤੀ।
ਉਨ੍ਹਾਂ ਦੱਸਿਆ ਕਿ ਨਸ਼ਿਆਂ ਖ਼ਿਲਾਫ਼ ਜਾਗਰੂਕਤਾ ਫੈਲਾਉਣ ਦੇ ਉਦੇਸ਼ ਨਾਲ ਕਰਵਾਈ ਜਾ ਰਹੀ ਇਸ ਕ੍ਰਿਕਟ ਲੀਗ ਵਿੱਚ 5 ਸੂਬਿਆਂ ਦੀਆਂ 3 ਹਜ਼ਾਰ ਤੋਂ ਵੱਧ ਟੀਮਾਂ ਦੇ ਹਿੱਸਾ ਲੈਣ ਦੀ ਉਮੀਦ ਹੈ। ਵੱਡੀ ਗਿਣਤੀ ਵਿੱਚ ਨੌਜਵਾਨਾਂ ਦੀ ਸ਼ਮੂਲੀਅਤ ਰਾਹੀਂ ਨਸ਼ਾ ਮੁਕਤੀ ਦਾ ਸੰਦੇਸ਼ ਵੱਡੇ ਪੱਧਰ ’ਤੇ ਪਹੁੰਚਾਉਣ ਦਾ ਟੀਚਾ ਰੱਖਿਆ ਗਿਆ ਹੈ।
17 ਸਤੰਬਰ ਨੂੰ ਹੋਵੇਗਾ ਲੀਗ ਦਾ ਆਗਾਜ਼
‘ਨਮੋ ਕ੍ਰਿਕਟ ਲੀਗ-2026’ ਦਾ ਸ਼ੁਭ ਆਰੰਭ 17 ਸਤੰਬਰ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਜਨਮਦਿਨ ਮੌਕੇ ਕੀਤਾ ਜਾਵੇਗਾ।
ਆਯੋਜਕਾਂ ਅਨੁਸਾਰ ਕ੍ਰਿਕਟ ਰਾਹੀਂ ਨੌਜਵਾਨਾਂ ਨੂੰ ਖੇਡਾਂ ਨਾਲ ਜੋੜਨ ਦੇ ਨਾਲ-ਨਾਲ ਉਨ੍ਹਾਂ ਨੂੰ ਨਸ਼ਿਆਂ ਤੋਂ ਦੂਰ ਰਹਿਣ ਲਈ ਜਾਗਰੂਕ ਕਰਨਾ ਇਸ ਲੀਗ ਦਾ ਮੁੱਖ ਮਕਸਦ ਹੈ। ਲੀਗ ਰਾਹੀਂ ਖੇਡਾਂ ਨੂੰ ਉਤਸ਼ਾਹਿਤ ਕਰਨ ਅਤੇ ਨੌਜਵਾਨਾਂ ਵਿੱਚ ਸਿਹਤਮੰਦ ਜੀਵਨਸ਼ੈਲੀ ਪ੍ਰਤੀ ਜਾਗਰੂਕਤਾ ਪੈਦਾ ਕਰਨ ਦਾ ਸੰਦੇਸ਼ ਦਿੱਤਾ ਜਾਵੇਗਾ।






