Home Punjab ਮੋਹਾਲੀ ਦੀ ਰਿਹਾਇਸ਼ੀ ਸੋਸਾਇਟੀ ਵਿੱਚ ਰਹੱਸਮਈ ਮੌਤ, 10ਵੀਂ ਮੰਜ਼ਿਲ ਤੋਂ ਡਿੱਗਿਆ ਨੌਜਵਾਨ

ਮੋਹਾਲੀ ਦੀ ਰਿਹਾਇਸ਼ੀ ਸੋਸਾਇਟੀ ਵਿੱਚ ਰਹੱਸਮਈ ਮੌਤ, 10ਵੀਂ ਮੰਜ਼ਿਲ ਤੋਂ ਡਿੱਗਿਆ ਨੌਜਵਾਨ

0
17

ਮੋਹਾਲੀ: ਮੋਹਾਲੀ ਦੇ ਖਰੜ-ਲਾਂਡਰਾ ਰੋਡ ਸਥਿਤ ਐਸਬੀਪੀ ਨੌਰਥ ਵੈਲੀ ਸੋਸਾਇਟੀ ਵਿੱਚ ਇੱਕ 35 ਸਾਲਾ ਨੌਜਵਾਨ ਦੀ ਸ਼ੱਕੀ ਹਾਲਾਤਾਂ ਵਿੱਚ ਮੌਤ ਹੋ ਜਾਣ ਨਾਲ ਇਲਾਕੇ ਵਿੱਚ ਸਨਸਨੀ ਫੈਲ ਗਈ। ਨੌਜਵਾਨ ਟਾਵਰ ਨੰਬਰ 3 ਦੀ 10ਵੀਂ ਮੰਜ਼ਿਲ ਤੋਂ ਹੇਠਾਂ ਡਿੱਗ ਗਿਆ, ਜਿਸ ਕਾਰਨ ਉਸ ਦੀ ਮੌਕੇ ‘ਤੇ ਹੀ ਮੌਤ ਹੋ ਗਈ।

ਜਾਣਕਾਰੀ ਮੁਤਾਬਕ ਇਹ ਘਟਨਾ ਮੰਗਲਵਾਰ ਅਤੇ ਬੁੱਧਵਾਰ ਦੀ ਦਰਮਿਆਨੀ ਰਾਤ ਕਰੀਬ 12:25 ਵਜੇ ਵਾਪਰੀ। ਅਚਾਨਕ ਇੱਕ ਜ਼ੋਰਦਾਰ ਧਮਾਕੇ ਵਰਗੀ ਆਵਾਜ਼ ਸੁਣ ਕੇ ਸੋਸਾਇਟੀ ਦੇ ਵਸਨੀਕ ਪਾਰਕਿੰਗ ਏਰੀਆ ਵੱਲ ਦੌੜੇ, ਜਿੱਥੇ ਉਨ੍ਹਾਂ ਨੇ ਇੱਕ ਨੌਜਵਾਨ ਨੂੰ ਖੂਨ ਨਾਲ ਲਥਪਥ ਹਾਲਤ ਵਿੱਚ ਪਿਆ ਦੇਖਿਆ।

ਚਸ਼ਮਦੀਦਾਂ ਅਨੁਸਾਰ ਮ੍ਰਿਤਕ ਦੇ ਕੰਨਾਂ ਵਿੱਚ ਹੈੱਡਫੋਨ ਲੱਗੇ ਹੋਏ ਸਨ ਅਤੇ ਉਸਦੇ ਕੋਲ ਇੱਕ ਪਿੱਠੂ ਬੈਗ ਵੀ ਪਿਆ ਸੀ, ਜਿਸ ਵਿੱਚ ਪਾਣੀ ਦੀ ਬੋਤਲ ਮੌਜੂਦ ਸੀ। ਉਸਦਾ ਮੋਬਾਈਲ ਫੋਨ ਵੀ ਸੁਰੱਖਿਅਤ ਹਾਲਤ ਵਿੱਚ ਮਿਲਿਆ। ਦੱਸਿਆ ਜਾ ਰਿਹਾ ਹੈ ਕਿ ਡਿੱਗਦੇ ਸਮੇਂ ਨੌਜਵਾਨ ਇਮਾਰਤ ਦੇ ਬਾਹਰ ਲੱਗੀ ਇੱਕ ਨੈੱਟਵਰਕ ਕੇਬਲ ਨਾਲ ਟਕਰਾਇਆ, ਜਿਸ ਕਾਰਨ ਕੇਬਲ ਟੁੱਟ ਗਈ ਅਤੇ ਉਹ ਸਿੱਧਾ ਜ਼ਮੀਨ ‘ਤੇ ਆ ਡਿੱਗਿਆ।

ਮ੍ਰਿਤਕ ਪਿਛਲੇ ਤਿੰਨ ਤੋਂ ਚਾਰ ਮਹੀਨਿਆਂ ਤੋਂ ਸੋਸਾਇਟੀ ਵਿੱਚ ਕਿਰਾਏ ਦੇ ਫਲੈਟ ਵਿੱਚ ਰਹਿ ਰਿਹਾ ਸੀ। ਹਾਲਾਂਕਿ, ਅਜੇ ਤੱਕ ਉਸਦੀ ਅਧਿਕਾਰਤ ਪਛਾਣ ਨਹੀਂ ਹੋ ਸਕੀ ਹੈ।

ਪੁਲਿਸ ਅਨੁਸਾਰ ਪੂਰੀ ਘਟਨਾ ਸੋਸਾਇਟੀ ਦੇ ਸੀਸੀਟੀਵੀ ਕੈਮਰਿਆਂ ਵਿੱਚ ਕੈਦ ਹੋਈ ਹੈ। ਫੁਟੇਜ ਵਿੱਚ ਨੌਜਵਾਨ ਨੂੰ ਉਚਾਈ ਤੋਂ ਡਿੱਗਦੇ ਹੋਏ ਦੇਖਿਆ ਜਾ ਸਕਦਾ ਹੈ। ਪੁਲਿਸ ਨੇ ਸੀਸੀਟੀਵੀ ਰਿਕਾਰਡਿੰਗ ਆਪਣੇ ਕਬਜ਼ੇ ਵਿੱਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।

ਸੂਚਨਾ ਮਿਲਣ ਤੋਂ ਬਾਅਦ ਪੁਲਿਸ ਰਾਤ ਕਰੀਬ 2:15 ਵਜੇ ਮੌਕੇ ‘ਤੇ ਪਹੁੰਚੀ ਅਤੇ ਲਾਸ਼ ਨੂੰ ਕਬਜ਼ੇ ਵਿੱਚ ਲੈ ਕੇ ਸਿਵਲ ਹਸਪਤਾਲ ਖਰੜ ਦੇ ਮੁਰਦਾਘਰ ਵਿੱਚ ਰਖਵਾਇਆ। ਅਧਿਕਾਰੀਆਂ ਦਾ ਕਹਿਣਾ ਹੈ ਕਿ ਇਸ ਮੌਕੇ ‘ਤੇ ਇਹ ਕਹਿਣਾ ਜਲਦਬਾਜ਼ੀ ਹੋਵੇਗੀ ਕਿ ਇਹ ਖੁਦਕੁਸ਼ੀ ਦਾ ਮਾਮਲਾ ਹੈ ਜਾਂ ਹਾਦਸਾ।

ਪੁਲਿਸ ਨੇ ਦੱਸਿਆ ਕਿ ਪੋਸਟਮਾਰਟਮ ਰਿਪੋਰਟ, ਸੀਸੀਟੀਵੀ ਫੁਟੇਜ ਅਤੇ ਹੋਰ ਸਬੂਤਾਂ ਦੇ ਆਧਾਰ ‘ਤੇ ਹੀ ਮੌਤ ਦੇ ਅਸਲ ਕਾਰਨਾਂ ਦਾ ਖੁਲਾਸਾ ਹੋ ਸਕੇਗਾ। ਫਿਲਹਾਲ ਮਾਮਲੇ ਦੀ ਹਰ ਪੱਖ ਤੋਂ ਜਾਂਚ ਕੀਤੀ ਜਾ ਰਹੀ ਹੈ।

LEAVE A REPLY

Please enter your comment!
Please enter your name here