Home Punjab ਜਲੰਧਰ ਵਿੱਚ ‘ਵੀਰ ਦਾ ਢਾਬਾ’ ’ਤੇ ਨਗਰ ਨਿਗਮ ਦੀ ਵੱਡੀ ਕਾਰਵਾਈ

ਜਲੰਧਰ ਵਿੱਚ ‘ਵੀਰ ਦਾ ਢਾਬਾ’ ’ਤੇ ਨਗਰ ਨਿਗਮ ਦੀ ਵੱਡੀ ਕਾਰਵਾਈ

0
24

ਜਲੰਧਰ: ਜਲੰਧਰ ਵਿੱਚ ਨਗਰ ਨਿਗਮ ਅਤੇ ਪੁਲਿਸ ਪ੍ਰਸ਼ਾਸਨ ਨੇ ਸਾਂਝੇ ਤੌਰ ’ਤੇ ਕਾਰਵਾਈ ਕਰਦਿਆਂ ਢੱਕੀਆਂ ਇਲਾਕੇ ਦੇ ਮਸ਼ਹੂਰ ‘ਵੀਰ ਦਾ ਢਾਬਾ’ ’ਤੇ ਕਥਿਤ ਨਾਜਾਇਜ਼ ਉਸਾਰੀ ਨੂੰ ਢਾਹ ਦਿੱਤਾ। ਇਹ ਕਾਰਵਾਈ ਦਿਨ ਭਰ ਜਾਰੀ ਰਹੀ ਅਤੇ ਕਿਸੇ ਵੀ ਅਣਸੁਖਾਵੀਂ ਸਥਿਤੀ ਨਾਲ ਨਜਿੱਠਣ ਲਈ ਮੌਕੇ ’ਤੇ ਭਾਰੀ ਪੁਲਿਸ ਫੋਰਸ ਤਾਇਨਾਤ ਕੀਤੀ ਗਈ।

ਪ੍ਰਸ਼ਾਸਨਿਕ ਸੂਤਰਾਂ ਅਨੁਸਾਰ ਢਾਬੇ ਦਾ ਸਬੰਧ ਕਥਿਤ ਤੌਰ ’ਤੇ ਨਸ਼ਾ ਤਸਕਰੀ ਦੇ ਮਾਮਲਿਆਂ ਵਿੱਚ ਨਾਮਜ਼ਦ ਧਰਮਿੰਦਰ ਸਿੰਘ ਨਾਲ ਜੋੜਿਆ ਜਾਂਦਾ ਹੈ, ਜਿਸ ਖ਼ਿਲਾਫ਼ ਐਨਡੀਪੀਐਸ ਐਕਟ ਤਹਿਤ ਕਈ ਕੇਸ ਦਰਜ ਹੋਣ ਦੀ ਗੱਲ ਕਹੀ ਜਾ ਰਹੀ ਹੈ। ਨਗਰ ਨਿਗਮ ਅਧਿਕਾਰੀਆਂ ਮੁਤਾਬਕ ਨਾਜਾਇਜ਼ ਉਸਾਰੀ ਸਬੰਧੀ ਢਾਬਾ ਸੰਚਾਲਕ ਨੂੰ ਪਹਿਲਾਂ ਵੀ ਨੋਟਿਸ ਜਾਰੀ ਕੀਤਾ ਗਿਆ ਸੀ, ਪਰ ਨਿਰਧਾਰਤ ਸਮੇਂ ਅੰਦਰ ਕੋਈ ਜਵਾਬ ਨਾ ਮਿਲਣ ਕਾਰਨ ਕਾਨੂੰਨੀ ਪ੍ਰਕਿਰਿਆ ਪੂਰੀ ਕਰਨ ਉਪਰੰਤ ਇਹ ਕਾਰਵਾਈ ਕੀਤੀ ਗਈ।

ਕਾਰਵਾਈ ਦੌਰਾਨ ਢਾਬਾ ਮਾਲਕ ਦੀ ਪਤਨੀ ਰਾਜੀ ਨੇ ਪ੍ਰਸ਼ਾਸਨ ਦੇ ਕਦਮ ਦਾ ਸਖ਼ਤ ਵਿਰੋਧ ਕੀਤਾ। ਉਨ੍ਹਾਂ ਦਾ ਕਹਿਣਾ ਹੈ ਕਿ ਜਾਇਦਾਦ ਦੀ ਰਜਿਸਟਰੀ ਉਨ੍ਹਾਂ ਦੇ ਨਾਮ ’ਤੇ ਹੈ ਅਤੇ ਢਾਬਾ ਚਲਾਉਣ ਲਈ ਸਾਰੀਆਂ ਲੋੜੀਂਦੀਆਂ ਮਨਜ਼ੂਰੀਆਂ ਮੌਜੂਦ ਹਨ। ਰਾਜੀ ਨੇ ਦਾਅਵਾ ਕੀਤਾ ਕਿ ਉਹ ਪਿਛਲੇ ਦਸ ਸਾਲਾਂ ਤੋਂ ਆਪਣੇ ਪਤੀ ਤੋਂ ਵੱਖ ਰਹਿ ਰਹੀ ਹੈ ਅਤੇ ਆਪਣੇ ਬੱਚਿਆਂ ਦੀ ਦੇਖਭਾਲ ਖੁਦ ਕਰ ਰਹੀ ਹੈ।

ਉਨ੍ਹਾਂ ਦੱਸਿਆ ਕਿ ਕਰੀਬ ਦੋ ਸਾਲ ਪਹਿਲਾਂ ਵੀ ਇਸ ਜਗ੍ਹਾ ’ਤੇ ਭੰਨਤੋੜ ਕੀਤੀ ਗਈ ਸੀ ਅਤੇ ਬਾਅਦ ਵਿੱਚ ਕਰੀਬ ਸੱਤ ਤੋਂ ਅੱਠ ਮਹੀਨੇ ਪਹਿਲਾਂ ਮੁੜ ਉਸਾਰੀ ਕਰਵਾਈ ਗਈ ਸੀ। ਰਾਜੀ ਦਾ ਦੋਸ਼ ਹੈ ਕਿ ਇਸ ਵਾਰ ਜਾਰੀ ਕੀਤਾ ਗਿਆ ਨੋਟਿਸ ਉਨ੍ਹਾਂ ਦੇ ਪਤੀ ਦੇ ਨਾਮ ’ਤੇ ਸੀ, ਜਦਕਿ ਉਹ ਇਸ ਥਾਂ ’ਤੇ ਨਹੀਂ ਰਹਿੰਦੇ। ਉਨ੍ਹਾਂ ਕਿਹਾ ਕਿ ਉਹ ਇਸ ਮਾਮਲੇ ਵਿੱਚ ਆਪਣੇ ਵਕੀਲ ਨਾਲ ਸਲਾਹ ਕਰਕੇ ਅਗਲੀ ਕਾਨੂੰਨੀ ਕਾਰਵਾਈ ਕਰਨਗੇ।

ਇਸ ਦੌਰਾਨ ਜਲੰਧਰ ਦੇ ਚਾਰ ਥਾਣਿਆਂ ਦੀ ਪੁਲਿਸ ਫੋਰਸ ਮੌਕੇ ’ਤੇ ਤਾਇਨਾਤ ਰਹੀ। ਪੁਲਿਸ ਅਧਿਕਾਰੀਆਂ ਨੇ ਸਪੱਸ਼ਟ ਕੀਤਾ ਕਿ ਉਨ੍ਹਾਂ ਦੀ ਭੂਮਿਕਾ ਸਿਰਫ਼ ਨਗਰ ਨਿਗਮ ਦੀ ਟੀਮ ਨੂੰ ਸੁਰੱਖਿਆ ਮੁਹੱਈਆ ਕਰਵਾਉਣ ਅਤੇ ਇਲਾਕੇ ਵਿੱਚ ਅਮਨ-ਕਾਨੂੰਨ ਬਣਾਈ ਰੱਖਣ ਤੱਕ ਸੀਮਿਤ ਸੀ।

LEAVE A REPLY

Please enter your comment!
Please enter your name here