ਚੰਡੀਗੜ੍ਹ: ਹਰਿਆਣਾ ਵਿੱਚ ਮਾਨਸੂਨ ਦੀ ਸਰਗਰਮੀ ਇੱਕ ਵਾਰ ਫਿਰ ਘੱਟ ਹੋ ਗਈ ਹੈ। ਮੌਸਮ ਵਿਭਾਗ ਵੱਲੋਂ ਹੁਣ ਸਿਰਫ਼ ਅੰਬਾਲਾ ਅਤੇ ਯਮੁਨਾਨਗਰ ਵਿੱਚ ਮੀਂਹ ਨੂੰ ਲੈ ਕੇ ਯੈਲੋ ਅਲਰਟ ਜਾਰੀ ਕੀਤਾ ਗਿਆ ਹੈ। ਇੱਕ ਦਿਨ ਪਹਿਲਾਂ ਸੂਬੇ ਵਿੱਚ ਚੰਗੀ ਬਾਰਿਸ਼ ਦੀ ਸੰਭਾਵਨਾ ਜਤਾਈ ਗਈ ਸੀ, ਪਰ ਮੌਸਮ ਦੇ ਬਦਲੇ ਰੁਖ ਕਾਰਨ ਹੁਣ ਮੀਂਹ ਦੀ ਗਤੀਵਿਧੀ ਘੱਟ ਹੋਣ ਦੇ ਆਸਾਰ ਹਨ।
ਮੌਸਮ ਵਿਭਾਗ ਮੁਤਾਬਕ ਪੰਚਕੂਲਾ, ਕੁਰੂਕਸ਼ੇਤਰ, ਕੈਥਲ, ਕਰਨਾਲ, ਪਾਣੀਪਤ, ਸੋਨੀਪਤ, ਜੀਂਦ, ਰੋਹਤਕ, ਝੱਜਰ, ਗੁਰੂਗ੍ਰਾਮ, ਫਰੀਦਾਬਾਦ, ਨੂਹ ਅਤੇ ਪਲਵਲ ਵਿੱਚ ਕੁਝ ਥਾਵਾਂ ’ਤੇ ਹਲਕਾ ਮੀਂਹ ਪੈ ਸਕਦਾ ਹੈ। ਇਸ ਤੋਂ ਇਲਾਵਾ ਸਿਰਸਾ, ਫਤਿਹਾਬਾਦ, ਹਿਸਾਰ, ਭਿਵਾਨੀ, ਚਰਖੀ ਦਾਦਰੀ, ਮਹਿੰਦਰਗੜ੍ਹ ਅਤੇ ਰੇਵਾੜੀ ਵਿੱਚ ਵੀ ਕੁਝ ਥਾਵਾਂ ’ਤੇ ਬੂੰਦਾਬਾਂਦੀ ਦੀ ਸੰਭਾਵਨਾ ਹੈ।
15 ਸ਼ਹਿਰਾਂ ਵਿੱਚ ਤਾਪਮਾਨ 35 ਡਿਗਰੀ ਤੋਂ ਪਾਰ
ਮੀਂਹ ਦੀ ਗਤੀਵਿਧੀ ਘਟਣ ਅਤੇ ਧੁੱਪ ਤੇਜ਼ ਹੋਣ ਕਾਰਨ ਹਰਿਆਣਾ ਵਿੱਚ ਔਸਤ ਵੱਧ ਤੋਂ ਵੱਧ ਤਾਪਮਾਨ ਵਿੱਚ 0.8 ਡਿਗਰੀ ਸੈਲਸੀਅਸ ਦਾ ਵਾਧਾ ਦਰਜ ਕੀਤਾ ਗਿਆ ਹੈ। ਮੌਸਮ ਸਟੇਸ਼ਨਾਂ ਦੇ ਅੰਕੜਿਆਂ ਅਨੁਸਾਰ ਸੂਬੇ ਦੇ 15 ਸ਼ਹਿਰਾਂ ਵਿੱਚ ਵੱਧ ਤੋਂ ਵੱਧ ਤਾਪਮਾਨ 35 ਡਿਗਰੀ ਸੈਲਸੀਅਸ ਜਾਂ ਇਸ ਤੋਂ ਵੱਧ ਦਰਜ ਕੀਤਾ ਗਿਆ।
ਪਲਵਲ ਵਿੱਚ ਆਮ ਨਾਲੋਂ 21 ਫ਼ੀਸਦੀ ਵੱਧ ਮੀਂਹ
ਮੌਨਸੂਨ ਸੀਜ਼ਨ ਦੌਰਾਨ ਪਲਵਲ ਵਿੱਚ ਹੁਣ ਤੱਕ ਆਮ ਨਾਲੋਂ ਵੱਧ ਮੀਂਹ ਦਰਜ ਕੀਤਾ ਗਿਆ ਹੈ। ਇੱਥੇ 473.4 ਮਿਲੀਮੀਟਰ ਬਾਰਿਸ਼ ਹੋ ਚੁੱਕੀ ਹੈ, ਜੋ ਆਮ ਨਾਲੋਂ 21 ਫ਼ੀਸਦੀ ਵੱਧ ਹੈ। ਇਸ ਦੇ ਉਲਟ ਕੈਥਲ ਅਤੇ ਰੋਹਤਕ ਵਿੱਚ ਆਮ ਨਾਲੋਂ 48 ਫ਼ੀਸਦੀ, ਕੁਰੂਕਸ਼ੇਤਰ ਅਤੇ ਕਰਨਾਲ ਵਿੱਚ 41 ਫ਼ੀਸਦੀ, ਅੰਬਾਲਾ ਵਿੱਚ 40 ਫ਼ੀਸਦੀ, ਹਿਸਾਰ ਵਿੱਚ 37 ਫ਼ੀਸਦੀ, ਪਾਣੀਪਤ ਵਿੱਚ 36 ਫ਼ੀਸਦੀ ਅਤੇ ਸੋਨੀਪਤ ਵਿੱਚ 31 ਫ਼ੀਸਦੀ ਘੱਟ ਮੀਂਹ ਦਰਜ ਕੀਤਾ ਗਿਆ ਹੈ।






