ਪੰਜਾਬ : ਪਹਾੜਾਂ ਤੋਂ ਆ ਰਹੀਆਂ ਠੰਢੀਆਂ ਹਵਾਵਾਂ ਨੇ ਪੰਜਾਬ ‘ਚ ਠੰਢ ਨੂੰ ਹੋਰ ਵਧਾ ਦਿੱਤਾ ਹੈ। ਸੀਤ ਲਹਿਰ ਦੇ ਨਾਲ-ਨਾਲ ਪੈ ਰਹੀ ਧੁੰਦ ਨੇ ਲੋਕਾਂ ਦੀ ਰੋਜ਼ਾਨਾ ਦੀ ਦਿਨਚਰਚਾ ਨੂੰ ਪ੍ਰਭਾਵਿਤ ਕੀਤਾ ਹੈ।
ਇਸ ਦੌਰਾਨ ਬੀਤੇ ਦਿਨ ਮੌਸਮ ਵਿਭਾਗ ਨੇ 15 ਤੋਂ 18 ਜਨਵਰੀ ਤੱਕ ਦੀ ਮਿਆਦ ਲਈ ਮੌਸਮ ਸਬੰਧੀ ਭਵਿੱਖਬਾਣੀ ਕੀਤੀ ਹੈ। ਸੰਘਣੀ ਧੁੰਦ ਕਾਰਨ ਕੁਝ ਜ਼ਿਲ੍ਹਿਆਂ ਨੂੰ ਛੱਡ ਕੇ 16, 17 ਅਤੇ 18 ਜਨਵਰੀ ਲਈ ਯੈਲੋ ਅਲਰਟ ਜਾਰੀ ਕੀਤਾ ਜਾ ਸਕਦਾ ਹੈ।
ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੇ ਖੇਤੀਬਾੜੀ ਖੋਜ ਕੇਂਦਰਾਂ ਵੱਲੋਂ ਤਾਪਮਾਨ ਦੇ ਜਾਰੀ ਅੰਕੜਿਆਂ ਅਨੁਸਾਰ ਲੁਧਿਆਣਾ ‘ਚ ਵੱਧ ਤੋਂ ਵੱਧ ਤਾਪਮਾਨ 10.6 ਡਿਗਰੀ ਸੈਲਸੀਅਸ ਅਤੇ ਘੱਟੋ-ਘੱਟ 4.5 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ।
13 ਜਨਵਰੀ ਨੂੰ ਕੰਢੀ ਖੋਜ ਕੇਂਦਰ ਬੁੱਲੋਵਾਲ ਸੌਂਖਾਰੀ ਅਨੁਸਾਰ ਪੰਜਾਬ ‘ਚ ਸਵੇਰ ਦਾ ਸਭ ਤੋਂ ਘੱਟ ਤਾਪਮਾਨ 0.0 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਖੇਤੀਬਾੜੀ ਮੌਸਮ ਵਿਗਿਆਨੀ ਡਾ. ਨਵਨੀਤ ਕੌਰ ਅਨੁੁਸਾਰ 14 ਜਨਵਰੀ ਨੂੰ ਬਲਾਚੌਰ ਖੇਤਰ ‘ਚ ਦੁਪਹਿਰ ਵੇਲੇ ਪੰਜਾਬ ਵਿੱਚ ਸਭ ਤੋਂ ਠੰਡਾ ਸੀ ਜਿੱਥੇ ਕਿ ਦਿਨ ਦਾ ਵੱਧ ਤੋਂ ਵੱਧ ਤਾਪਮਾਨ ਸਿਰਫ 8.5 ਡਿਗਰੀ ਸੈਲਸੀਅਸ ਸੀ ਜੋ ਕਿ ਆਮ ਨਾਲੋਂ ਕਾਫ਼ੀ ਘੱਟ ਸੀ।
ਮੌਸਮ ਵਿਗਿਆਨੀ ਦੇ ਅਨੁਸਾਰ, ਇਹ ਪਿਛਲੇ ਤਿੰਨ ਸਾਲਾਂ ਵਿੱਚ ਨਵਾਂਸ਼ਹਿਰ ਜ਼ਿਲ੍ਹੇ ਵਿੱਚ ਦਿਨ ਦਾ ਸਭ ਤੋਂ ਘੱਟ ਤਾਪਮਾਨ ਹੈ ਜੋ ਕਿ ਔਸਤ ਤੋਂ ਲਗਭਗ 10 ਡਿਗਰੀ ਘੱਟ ਹੈ। ਇਹ ਖੇਤਰ ਦਿਨ ਭਰ ਧੁੰਦ ਦੀ ਸੰਘਣੀ ਚਾਦਰ ਵਿੱਚ ਢੱਕਿਆ ਰਿਹਾ, ਜਿਸ ਨਾਲ ਆਮ ਜੀਵਨ ਬੁਰੀ ਤਰ੍ਹਾਂ ਪ੍ਰਭਾਵਿਤ ਹੋਇਆ।







