Home Patiala Updates ਮੈਗਾ ਪੀਟੀਐਮ ਵਿੱਚ ਮਾਪਿਆਂ ਵੱਲੋਂ ਭਰਵੀਂ ਸ਼ਮੂਲੀਅਤ

ਮੈਗਾ ਪੀਟੀਐਮ ਵਿੱਚ ਮਾਪਿਆਂ ਵੱਲੋਂ ਭਰਵੀਂ ਸ਼ਮੂਲੀਅਤ

0
5
ਪਟਿਆਲਾ, 1 ਜੂਨ
ਜ਼ਿਲੇ ਭਰ ਦੇ ਪ੍ਰਾਇਮਰੀ ਸਕੂਲਾਂ ਅੰਦਰ ਮੈਗਾ ਪੀਟੀਐਮ ਦਾ ਸਫਲ ਆਯੋਜਨ
ਬੀਪੀਈਓ ਪ੍ਰਿਥੀ ਸਿੰਘ ਵੱਲੋਂ ਅੱਧਾ ਦਰਜਨ ਸਕੂਲਾਂ ਦਾ ਦੌਰਾ
ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅਤੇ ਸਿੱਖਿਆ ਮੰਤਰੀ ਪੰਜਾਬ ਹਰਜੋਤ ਸਿੰਘ ਬੈਂਸ ਦੇ ਦਿਸ਼ਾ ਨਿਰਦੇਸ਼ਾਂ ਹੇਠ ਸੂਬੇ ਭਰ ਦੇ ਸਰਕਾਰੀ ਸਕੂਲਾਂ ਅੰਦਰ ‘ਸਿੱਖਿਆ ਦਾ ਮਹਾਂ ਜਸ਼ਨ’ ਤਹਿਤ ਮੈਗਾ ਪੀਟੀਐਮ (ਮਾਪੇ ਅਧਿਆਪਕ ਮਿਲਣੀ) ਅਤੇ ਮਾਪਿਆਂ ਦੀ ਵਰਕਸ਼ਾਪ ਦਾ ਆਯੋਜਨ ਕੀਤਾ ਗਿਆ। ਜਿਸ ਤਹਿਤ ਜ਼ਿਲ੍ਹਾ ਪਟਿਆਲਾ ਦੇ ਸਮੂਹ ਸਰਕਾਰੀ ਪ੍ਰਾਇਮਰੀ ਸਕੂਲਾਂ ਅੰਦਰ ਵੀ ਮੈਗਾ ਪੀਟੀਐਮ ਦਾ ਸ਼ਾਨਦਾਰ ਆਯੋਜਨ ਕੀਤਾ ਗਿਆ। ਇਸ ਪੀਟੀਐਮ ਦੌਰਾਨ ਵਿਦਿਆਰਥੀਆਂ ਦੇ ਮਾਪਿਆਂ ਵੱਲੋਂ ਭਰਵੀਂ ਸ਼ਮੂਲੀਅਤ ਕਰਦੇ ਹੋਏ ਆਪਣੇ ਬੱਚਿਆਂ ਦੀ ਸਿੱਖਿਆ ਸਮੇਤ ਹੋਰ ਵੱਖ-ਵੱਖ ਗਤੀਵਿਧੀਆਂ ਵਿੱਚ ਭਾਗੀਦਾਰੀ ਬਾਰੇ ਜਾਣਕਾਰੀ ਹਾਸਲ ਕੀਤੀ ਗਈ।
ਇਸ ਦੌਰਾਨ ਬਲਾਕ ਪਟਿਆਲਾ-2 ਦੇ ਬਲਾਕ ਪ੍ਰਾਇਮਰੀ ਸਿੱਖਿਆ ਅਫਸਰ ਸ੍ਰ. ਪ੍ਰਿਥੀ ਸਿੰਘ ਵੱਲੋਂ ਆਪਣੇ ਬਲਾਕ ਅਧੀਨ ਪੈਂਦੇ ਅੱਧਾ ਦਰਜਨ ਦੇ ਕਰੀਬ ਸਕੂਲਾਂ ਦਾ ਦੌਰਾ ਕਰਕੇ ਮਾਪਿਆਂ ਨਾਲ ਸਿੱਧਾ ਰਾਬਤਾ ਕਾਇਮ ਕੀਤਾ ਗਿਆ। ਇਸ ਦੌਰਾਨ ਉਨਾਂ ਨੇ ਸਰਕਾਰੀ ਐਲੀਮੈਂਟਰੀ ਸਮਾਰਟ ਸਕੂਲ ਡਕਾਲਾ, ਸਰਕਾਰੀ ਐਲੀਮੈਂਟਰੀ ਸਮਾਰਟ ਸਕੂਲ ਝੰਡੀ, ਸਰਕਾਰੀ ਐਲੀਮੈਂਟਰੀ ਸਮਾਰਟ ਸਕੂਲ ਸੂਲਰ, ਐਲੀਮੈਂਟਰੀ ਸਮਾਰਟ ਸਕੂਲ ਧੀਰੂ ਦੀ ਮਾਜਰੀ, ਸਰਕਾਰੀ ਐਲੀਮੈਂਟਰੀ ਸਮਾਰਟ ਸਕੂਲ ਮਲਟੀਪਰਪਜ਼ ਸਮੇਤ ਹੋਰਨਾਂ ਸਕੂਲਾਂ ਦਾ ਦੌਰਾ ਕਰਕੇ ਮਾਪਿਆਂ ਨੂੰ ਸੰਬੋਧਨ ਕੀਤਾ।
ਇਸ ਪੀਟੀਐਮ ਮੌਕੇ ਹਾਜ਼ਰ ਮਾਪਿਆਂ ਨੂੰ ਸੰਬੋਧਨ ਕਰਦਿਆਂ ਉਨਾਂ ਕਿਹਾ ਕਿ ਭਾਰਤ ਸਰਕਾਰ ਦੇ ਨੀਤੀ ਆਯੋਗ ਨੇ 2026 ਵਿੱਚ ਪੰਜਾਬ ਦੇ ਸਰਕਾਰੀ ਸਕੂਲਾਂ ਨੂੰ ਨੰਬਰ ਇੱਕ ਐਲਾਨ ਕੀਤਾ ਹੈ। ਮਤਲਬ ਕਿ ਪੰਜਾਬ ਦੇ ਸਰਕਾਰੀ ਸਕੂਲ ਦੇਸ਼ ਭਰ ਵਿੱਚੋਂ ਸਭ ਤੋਂ ਮੋਹਰੀ ਹਨ। ਜਿਸ ਲਈ ਸਮੂਹ ਅਧਿਆਪਕਾਂ ਦੇ ਨਾਲ ਨਾਲ ਮਾਪੇ ਵਧਾਈ ਦੇ ਪਾਤਰ ਹਨ। ਉਹਨਾਂ ਕਿਹਾ ਕਿ ਸਰਕਾਰੀ ਸਕੂਲਾਂ ਵਿੱਚ ਮੈਗਾ ਪੀਟੀਐਮ ਦਾ ਆਯੋਜਿਤ ਕਰਨ ਦਾ ਉਦੇਸ਼ ਸਿੱਧੇ ਤੌਰ ‘ਤੇ ਵਿਦਿਆਰਥੀਆਂ ਦੇ ਮਾਪਿਆਂ ਨਾਲ ਰਾਬਤਾ ਕਾਇਮ ਕਰਨਾ ਹੈ। ਅਜਿਹਾ ਕਰਨ ਨਾਲ ਜਿੱਥੇ ਮਾਪੇ ਸਕੂਲਾਂ ਨਾਲ ਸਿੱਧੇ ਜੁੜਦੇ ਹਨ ਉਥੇ ਹੀ ਸਮੇਂ-ਸਮੇਂ ‘ਤੇ ਮਾਪੇ ਆਪਣੇ ਬੱਚਿਆਂ ਦੀ ਪੜ੍ਹਾਈ ਸਬੰਧੀ ਜਾਣਕਾਰੀ ਹਾਸਲ ਕਰ ਪਾਉਂਦੇ ਹਨ।
ਬੀਪੀਈਓ ਪ੍ਰਿਥੀ ਸਿੰਘ ਨੇ ਅੱਗੇ ਕਿਹਾ ਕਿ ਸੂਬੇ ਭਰ ਦੇ ਸਕੂਲਾਂ ਵਿੱਚ ਸਾਰੀਆਂ ਜਰੂਰਤਾਂ ਨੂੰ ਪੂਰਾ ਕੀਤਾ ਜਾ ਰਿਹਾ ਹੈ। ਜਿਸ ਨਾਲ ਵਿਦਿਆਰਥੀ ਬਿਨਾਂ ਕਿਸੇ ਦਿੱਕਤ ਪਰੇਸ਼ਾਨੀ ਦੇ ਪੜ੍ਹਾਈ ਕਰ ਰਹੇ ਹਨ। ਉਹਨਾਂ ਨੇ ਮਾਪਿਆਂ ਨੂੰ ਅਪੀਲ ਕੀਤੀ ਹੈ ਕਿ ਆਪਣੇ ਬੱਚੇ ਨਿੱਜੀ ਸਕੂਲਾਂ ਦੀ ਬਜਾਏ ਸਰਕਾਰੀ ਸਕੂਲਾਂ ਵਿੱਚ ਦਾਖਲ ਕਰਵਾਏ ਜਾਣ। ਇਸ ਦੌਰਾਨ ਪੰਜਾਬ ਸਰਕਾਰ ਵੱਲੋਂ ਅਧਿਆਪਕਾਂ ਲਈ ਭੇਜੇ ਸਨਮਾਨ ਪੱਤਰ ਦੇ ਕੇ ਅਧਿਆਪਕਾਂ ਦਾ ਸਨਮਾਨ ਕੀਤਾ ਗਿਆ। ਇਸ ਮਾਪੇ ਅਧਿਆਪਕ ਮਿਲਣੀ ਦੌਰਾਨ ਸਮੂਹ ਸਕੂਲਾਂ ਅੰਦਰ ਮਾਪਿਆਂ ਲਈ ਚਾਹ ਬਿਸਕੁਟ ਦਾ ਪ੍ਰਬੰਧ ਕੀਤਾ ਗਿਆ। ਅਖੀਰ ਵਿੱਚ ਸਿੱਖਿਆ ਵਿਭਾਗ ਵੱਲੋਂ ਭੇਜਿਆ ਗਿਆ ਛੁੱਟੀਆਂ ਦਾ ਕੰਮ ਬੱਚਿਆਂ ਨੂੰ ਦਿੱਤਾ ਗਿਆ।
ਇਸ ਮੌਕੇ ਬਲਾਕ ਮੀਡੀਆ ਕੋਆਰਡੀਨੇਟਰ ਸੁਖਜੀਤ ਸਿੰਘ, ਸੈਂਟਰ ਝੰਡੀ ਦੇ ਸੀਐਚਟੀ ਸਤਵੰਤ ਕੌਰ, ਡਕਾਲਾ ਸਕੂਲ ਦੇ ਇੰਚਾਰਜ ਗੁਰਮੀਤ ਸਿੰਘ, ਸਰਪੰਚ ਸੰਦੀਪ ਸਿੰਘ ਝੰਡੀ, ਮੈਂਬਰ ਪੰਚਾਇਤ ਗੁਲਜਾਰ ਮੁਹੰਮਦ, ਅਧਿਆਪਕ ਗੁਰਜੰਟ ਸਿੰਘ, ਜਸਵਿੰਦਰ ਸਿੰਘ, ਸੋਨੀਆ ਬਾਂਸਲ, ਮਨਪ੍ਰੀਤ ਕੌਰ, ਕੁਲਵਿੰਦਰ ਸਿੰਘ, ਕੁਲਵਿੰਦਰ ਕੌਰ, ਹਰਦੀਪ ਸਿੰਘ, ਕੇਵਲ ਸਿੰਘ, ਸੰਦੀਪ ਕੌਰ ਬਲਵਿੰਦਰ ਸਿੰਘ ਅਤੇ ਮਨਜੀਤ ਕੌਰ ਸਮੇਤ ਵਿਦਿਆਰਥੀਆਂ ਦੇ ਮਾਪੇ ਵੱਡੀ ਗਿਣਤੀ ਵਿੱਚ ਹਾਜ਼ਰ ਸਨ।

NO COMMENTS

LEAVE A REPLY

Please enter your comment!
Please enter your name here