ਇਸਲਾਮਾਬਾਦ: ਪਾਕਿਸਤਾਨ ਦੀ ਰਾਜਧਾਨੀ ਇਸਲਾਮਾਬਾਦ ਵਿੱਚ ਬੁੱਧਵਾਰ ਨੂੰ ਪਾਕਿਸਤਾਨ ਇੰਸਟੀਚਿਊਟ ਆਫ਼ ਮੈਡੀਕਲ ਸਾਇੰਸਜ਼ (PIMS) ਦੇ ਗਾਇਨੀਕੋਲੋਜੀ ਵਾਰਡ ਦੀ ਨਰਸਰੀ ਵਿੱਚ ਭਿਆਨਕ ਅੱਗ ਲੱਗ ਗਈ। ਘਟਨਾ ਵਿੱਚ ਕਈ ਨਵਜੰਮੇ ਬੱਚਿਆਂ ਦੀ ਮੌਤ ਹੋਣ ਦੀ ਜਾਣਕਾਰੀ ਸਾਹਮਣੇ ਆਈ ਹੈ। ਹਾਲਾਂਕਿ, ਮੌਤਾਂ ਦੀ ਸਹੀ ਗਿਣਤੀ ਦੀ ਅਧਿਕਾਰਤ ਪੁਸ਼ਟੀ ਹਾਲੇ ਨਹੀਂ ਹੋਈ।
ਜਾਣਕਾਰੀ ਮੁਤਾਬਕ ਅੱਗ MCH ਵਾਰਡ ਦੀ ਤੀਜੀ ਮੰਜ਼ਿਲ ’ਤੇ ਸਥਿਤ ਨਰਸਰੀ ਵਿੱਚ ਸਵੇਰੇ ਕਰੀਬ 7 ਵਜੇ ਲੱਗੀ। ਦੱਸਿਆ ਜਾ ਰਿਹਾ ਹੈ ਕਿ ਨਰਸਰੀ ਵਿੱਚ ਏਅਰ ਕੰਡੀਸ਼ਨਰ ਦੇ ਕੰਪ੍ਰੈਸਰ ਵਿੱਚ ਧਮਾਕੇ ਤੋਂ ਬਾਅਦ ਅੱਗ ਲੱਗੀ, ਜਿਸ ਨੇ ਥੋੜ੍ਹੇ ਸਮੇਂ ਵਿੱਚ ਵਾਰਡ ਨੂੰ ਆਪਣੀ ਲਪੇਟ ਵਿੱਚ ਲੈ ਲਿਆ। ਧੂੰਆਂ ਫੈਲਣ ਕਾਰਨ ਨਵਜੰਮੇ ਬੱਚਿਆਂ ਨੂੰ ਬਚਾਉਣ ਵਿੱਚ ਮੁਸ਼ਕਲਾਂ ਆਈਆਂ।
PIMS ਦੀ ਬੁਲਾਰਨ ਡਾ. ਅਨੀਜ਼ਾ ਜਲੀਲ ਮੁਤਾਬਕ ਅੱਗ ਲੱਗਣ ਸਮੇਂ ਨਰਸਰੀ ਵਿੱਚ 15 ਨਵਜੰਮੇ ਬੱਚੇ ਹੋਣ ਦੀ ਜਾਣਕਾਰੀ ਸੀ। ਉਨ੍ਹਾਂ ਕਿਹਾ ਕਿ ਕੁਝ ਬੱਚਿਆਂ ਨੂੰ ਰਾਤ ਸਮੇਂ ਛੁੱਟੀ ਮਿਲੀ ਹੋ ਸਕਦੀ ਹੈ, ਇਸ ਲਈ ਮੌਤਾਂ ਦੀ ਸਹੀ ਗਿਣਤੀ ਦੀ ਪੁਸ਼ਟੀ ਜਾਂਚ ਤੋਂ ਬਾਅਦ ਹੀ ਹੋ ਸਕੇਗੀ।
ਜ਼ਿਲ੍ਹਾ ਪ੍ਰਸ਼ਾਸਨ ਮੁਤਾਬਕ ਘਟਨਾ ਤੋਂ ਬਾਅਦ ਬਚਾਅ ਟੀਮਾਂ ਤੁਰੰਤ ਮੌਕੇ ’ਤੇ ਪਹੁੰਚੀਆਂ। ਛੇ ਫਾਇਰ ਇੰਜਣ ਅਤੇ ਚਾਰ ਐਂਬੂਲੈਂਸਾਂ ਨੂੰ ਬਚਾਅ ਕਾਰਜ ਵਿੱਚ ਲਗਾਇਆ ਗਿਆ। ਫਾਇਰਫਾਈਟਰਜ਼ ਨੇ ਕਾਫ਼ੀ ਮਿਹਨਤ ਤੋਂ ਬਾਅਦ ਅੱਗ ’ਤੇ ਕਾਬੂ ਪਾਇਆ ਅਤੇ ਇਸ ਤੋਂ ਬਾਅਦ ਕੂਲਿੰਗ ਆਪ੍ਰੇਸ਼ਨ ਚਲਾਇਆ ਗਿਆ।
ਘਟਨਾ ਤੋਂ ਬਾਅਦ ਹਸਪਤਾਲ ਵਿੱਚ ਹਫੜਾ-ਦਫੜੀ ਦਾ ਮਾਹੌਲ ਬਣ ਗਿਆ। ਨਵਜੰਮੇ ਬੱਚਿਆਂ ਨਾਲ ਜੁੜੇ ਪਰਿਵਾਰਾਂ ਵਿੱਚ ਡਰ ਅਤੇ ਚਿੰਤਾ ਦਾ ਮਾਹੌਲ ਹੈ।
ਜ਼ਿਲ੍ਹਾ ਪ੍ਰਸ਼ਾਸਨ ਨੇ ਹਾਦਸੇ ਦੇ ਕਾਰਨਾਂ ਅਤੇ ਸੰਭਾਵਿਤ ਲਾਪਰਵਾਹੀ ਦੀ ਜਾਂਚ ਲਈ ਵਧੀਕ ਡਿਪਟੀ ਕਮਿਸ਼ਨਰ ਦੀ ਅਗਵਾਈ ਵਿੱਚ ਜਾਂਚ ਕਮੇਟੀ ਦਾ ਗਠਨ ਕੀਤਾ ਹੈ। ਕਮੇਟੀ ਅੱਗ ਲੱਗਣ ਦੇ ਕਾਰਨਾਂ ਦੇ ਨਾਲ-ਨਾਲ ਹਸਪਤਾਲ ਦੇ ਸੁਰੱਖਿਆ ਪ੍ਰਬੰਧਾਂ ਦੀ ਵੀ ਜਾਂਚ ਕਰੇਗੀ।






