ਇੰਗਲੈਂਡ: ਹਰਿੰਦਰ ਅਠਵਾਲ ਨੂੰ ਖਤਰਨਾਕ ਡਰਾਈਵਿੰਗ ਕਾਰਨ ਇੱਕ ਵਿਅਕਤੀ ਦੀ ਮੌਤ ਅਤੇ ਉਸਦੀ ਪਤਨੀ ਨੂੰ ਗੰਭੀਰ ਰੂਪ ਵਿੱਚ ਜ਼ਖਮੀ ਕਰਨ ਦੇ ਮਾਮਲੇ ਵਿੱਚ ਇੰਗਲੈਂਡ ਦੀ ਅਦਾਲਤ ਨੇ 11 ਸਾਲ 3 ਮਹੀਨਿਆਂ ਦੀ ਸਜ਼ਾ ਸੁਣਾਈ ਹੈ। ਅਦਾਲਤ ਨੇ ਦੋਸ਼ੀ ‘ਤੇ ਰਿਹਾਈ ਤੋਂ ਬਾਅਦ 20 ਸਾਲ ਤੱਕ ਵਾਹਨ ਚਲਾਉਣ ‘ਤੇ ਵੀ ਪਾਬੰਦੀ ਲਗਾਈ ਹੈ।
ਇਹ ਘਟਨਾ 16 ਦਸੰਬਰ 2025 ਦੀ ਸਵੇਰ ਦੀ ਦੱਸੀ ਜਾ ਰਹੀ ਹੈ, ਜਦੋਂ ਦੋਸ਼ੀ ਆਪਣੀ ਕਾਰ ਬਰਮਿੰਘਮ ਸਿਟੀ ਸੈਂਟਰ ਤੋਂ ਬਾਹਰ ਲੈ ਕੇ ਜਾ ਰਿਹਾ ਸੀ। ਵੈਸਟ ਮਿੰਡਲੇਂਡਜ਼ ਪੁਲਿਸ ਦੇ ਅਨੁਸਾਰ, ਹਰਿੰਦਰਪਾਲ ਅਠਵਾਲ ਨੇ ਅਚਾਨਕ ਆਪਣੀ ਕਾਰ ਸੋਹੋ ਰੋਡ ‘ਤੇ ਦੂਜੀ ਲੇਨ ਵਿੱਚ ਮੋੜ ਲਈ ਅਤੇ ਫਿਰ ਫੁੱਟਪਾਥ ‘ਤੇ ਚੜ੍ਹਾ ਦਿੱਤੀ।
ਇਸ ਦੌਰਾਨ ਕਾਰ ਨੇ ਇੱਕ 54 ਸਾਲਾ ਵਿਅਕਤੀ ਅਤੇ ਉਸਦੀ 47 ਸਾਲਾ ਪਤਨੀ ਨੂੰ ਜ਼ੋਰਦਾਰ ਟੱਕਰ ਮਾਰ ਦਿੱਤੀ। ਸ਼ੁਰੂਆਤੀ ਟੱਕਰ ਤੋਂ ਬਾਅਦ ਦੋਸ਼ੀ ਨੇ ਇੱਕ ਖੜ੍ਹੀ ਕਾਰ ਨੂੰ ਵੀ ਟੱਕਰ ਮਾਰੀ, ਪਰ ਉਹ ਉੱਥੇ ਨਹੀਂ ਰੁਕਿਆ। ਰਿਪੋਰਟਾਂ ਮੁਤਾਬਕ ਉਸਨੇ ਆਪਣੀ ਕਾਰ ਰਿਵਰਸ ਕਰਕੇ ਜ਼ਖਮੀ ਵਿਅਕਤੀ ਨੂੰ ਦੂਜੀ ਵਾਰ ਟੱਕਰ ਮਾਰੀ, ਜਿਸ ਕਾਰਨ ਉਸਦੀ ਮੌਕੇ ‘ਤੇ ਹੀ ਮੌਤ ਹੋ ਗਈ। ਇਸ ਹਾਦਸੇ ਵਿੱਚ ਮਹਿਲਾ ਨੂੰ ਗੰਭੀਰ ਸੱਟਾਂ ਲੱਗੀਆਂ ਅਤੇ ਉਸਨੂੰ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ।
ਅਦਾਲਤ ਵਿੱਚ ਦਿੱਤੇ ਬਿਆਨ ਦੌਰਾਨ ਪੀੜਤਾ ਨੇ ਕਿਹਾ ਕਿ ਦੋਸ਼ੀ ਦੀਆਂ ਕਾਰਵਾਈਆਂ ਨੇ ਉਸਦੇ ਪਤੀ ਦੀ ਜਾਨ ਲੈ ਲਈ ਅਤੇ ਉਸਦੇ ਪਰਿਵਾਰ ਨੂੰ ਪੂਰੀ ਤਰ੍ਹਾਂ ਤੋੜ ਕੇ ਰੱਖ ਦਿੱਤਾ। ਪੁਲਿਸ ਨੇ ਘਟਨਾ ਤੋਂ ਅਗਲੇ ਦਿਨ ਦੋਸ਼ੀ ਨੂੰ ਗ੍ਰਿਫ਼ਤਾਰ ਕਰ ਲਿਆ ਸੀ।
13 ਮਈ ਨੂੰ ਬਰਮਿੰਘਮ ਕਰਾਉਨ ਕੋਰਟ ਨੇ ਹਰਿੰਦਰਪਾਲ ਅਠਵਾਲ ਨੂੰ 11 ਸਾਲ ਅਤੇ 3 ਮਹੀਨੇ ਦੀ ਕੈਦ ਦੀ ਸਜ਼ਾ ਸੁਣਾਈ।








