Monday, August 17, 2026
Home Punjab Ludhiana ਲੁਧਿਆਣਾ ਪੁਲਿਸ ਕਮਿਸ਼ਨਰੇਟ ’ਚ ਵੱਡਾ ਫੇਰਬਦਲ, 7 ਸੀਨੀਅਰ ਅਧਿਕਾਰੀਆਂ ਦੇ ਤਬਾਦਲੇ

ਲੁਧਿਆਣਾ ਪੁਲਿਸ ਕਮਿਸ਼ਨਰੇਟ ’ਚ ਵੱਡਾ ਫੇਰਬਦਲ, 7 ਸੀਨੀਅਰ ਅਧਿਕਾਰੀਆਂ ਦੇ ਤਬਾਦਲੇ

0
1

ਚੋਣਾਂ ਦੇ ਮੱਦੇਨਜ਼ਰ ਕਾਨੂੰਨ ਵਿਵਸਥਾ, ਅਪਰਾਧ ਅਤੇ ਟ੍ਰੈਫਿਕ ਕੰਟਰੋਲ ’ਤੇ ਰਹੇਗਾ ਵਿਸ਼ੇਸ਼ ਧਿਆਨ

ਲੁਧਿਆਣਾ: ਆਉਣ ਵਾਲੀਆਂ ਚੋਣਾਂ ਦੇ ਮੱਦੇਨਜ਼ਰ ਪ੍ਰਸ਼ਾਸਨਿਕ ਅਤੇ ਪੁਲਿਸ ਪ੍ਰਣਾਲੀ ਨੂੰ ਹੋਰ ਸੁਚਾਰੂ ਬਣਾਉਣ ਲਈ ਪੰਜਾਬ ਸਰਕਾਰ ਵੱਲੋਂ ਪੁਲਿਸ ਵਿਭਾਗ ਵਿੱਚ ਵੱਡਾ ਫੇਰਬਦਲ ਕੀਤਾ ਗਿਆ ਹੈ। ਸਰਕਾਰ ਵੱਲੋਂ ਜਾਰੀ ਤਬਾਦਲਾ ਆਦੇਸ਼ਾਂ ਤਹਿਤ ਪੁਲਿਸ ਕਮਿਸ਼ਨਰੇਟ ਲੁਧਿਆਣਾ ਵਿੱਚ 7 ਸੀਨੀਅਰ ਪੁਲਿਸ ਅਧਿਕਾਰੀਆਂ ਦੀਆਂ ਨਵੀਆਂ ਤਾਇਨਾਤੀਆਂ ਕੀਤੀਆਂ ਗਈਆਂ ਹਨ।

ਇਸ ਫੇਰਬਦਲ ਦਾ ਮੁੱਖ ਉਦੇਸ਼ ਆਉਣ ਵਾਲੀਆਂ ਚੋਣਾਂ ਦੌਰਾਨ ਸ਼ਹਿਰ ਵਿੱਚ ਕਾਨੂੰਨ ਵਿਵਸਥਾ ਮਜ਼ਬੂਤ ਕਰਨਾ, ਅਪਰਾਧ ’ਤੇ ਕਾਬੂ ਪਾਉਣਾ ਅਤੇ ਸੁਰੱਖਿਆ ਪ੍ਰਬੰਧਾਂ ਨੂੰ ਹੋਰ ਪ੍ਰਭਾਵਸ਼ਾਲੀ ਬਣਾਉਣਾ ਦੱਸਿਆ ਜਾ ਰਿਹਾ ਹੈ।

ਲੁਧਿਆਣਾ ਕਮਿਸ਼ਨਰੇਟ ਵਿੱਚ ਕੀਤੀਆਂ ਗਈਆਂ ਨਵੀਆਂ ਤਾਇਨਾਤੀਆਂ ਅਨੁਸਾਰ ਆਈ.ਪੀ.ਐੱਸ. ਅਰਵਿੰਦ ਮੀਨਾ ਨੂੰ ਡੀ.ਸੀ.ਪੀ. ਲਾਅ ਐਂਡ ਆਰਡਰ, ਆਈ.ਪੀ.ਐੱਸ. ਧਾਰਾਵਾਥ ਸਾਈ ਪ੍ਰਕਾਸ਼ ਨੂੰ ਏ.ਡੀ.ਸੀ.ਪੀ.-3, ਪਰਮਜੀਤ ਸਿੰਘ ਨੂੰ ਡੀ.ਸੀ.ਪੀ. ਸਪੈਸ਼ਲ ਬ੍ਰਾਂਚ ਅਤੇ ਆਲਮ ਵਿਜੇ ਸਿੰਘ ਨੂੰ ਡੀ.ਸੀ.ਪੀ. ਸਿਟੀ ਦੀ ਜ਼ਿੰਮੇਵਾਰੀ ਸੌਂਪੀ ਗਈ ਹੈ।

ਇਸ ਤੋਂ ਇਲਾਵਾ ਸੰਦੀਪ ਕੁਮਾਰ ਨੂੰ ਏ.ਡੀ.ਸੀ.ਪੀ. ਆਪ੍ਰੇਸ਼ਨ ਅਤੇ ਪੀ.ਬੀ.ਆਈ., ਸੁਖਵਿੰਦਰਪਾਲ ਸਿੰਘ ਨੂੰ ਏ.ਡੀ.ਸੀ.ਪੀ. ਟ੍ਰੈਫਿਕ ਅਤੇ ਰੁਪਿੰਦਰ ਕੌਰ ਭੱਟੀ ਨੂੰ ਏ.ਡੀ.ਸੀ.ਪੀ. ਕ੍ਰਾਈਮ ਲਗਾਇਆ ਗਿਆ ਹੈ।

ਕਾਨੂੰਨ ਵਿਵਸਥਾ ਅਤੇ ਸੁਰੱਖਿਆ ’ਤੇ ਰਹੇਗਾ ਫੋਕਸ

ਡੀ.ਜੀ.ਪੀ. ਗੌਰਵ ਯਾਦਵ ਵੱਲੋਂ ਨਵੇਂ ਅਹੁਦੇ ਸੰਭਾਲਣ ਵਾਲੇ ਅਧਿਕਾਰੀਆਂ ਨੂੰ ਆਪਣੇ-ਆਪਣੇ ਅਧਿਕਾਰ ਖੇਤਰਾਂ ਵਿੱਚ ਗਸ਼ਤ ਵਧਾਉਣ, ਸੰਵੇਦਨਸ਼ੀਲ ਇਲਾਕਿਆਂ ’ਤੇ ਖਾਸ ਨਜ਼ਰ ਰੱਖਣ ਅਤੇ ਅਪਰਾਧ ਤੇ ਟ੍ਰੈਫਿਕ ਕੰਟਰੋਲ ਨੂੰ ਤਰਜੀਹ ਦੇਣ ਦੀਆਂ ਹਦਾਇਤਾਂ ਦਿੱਤੀਆਂ ਗਈਆਂ ਹਨ।

ਚੋਣ ਕਮਿਸ਼ਨ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਲੁਧਿਆਣਾ ਵਿੱਚ ਨਿਰਪੱਖ, ਸ਼ਾਂਤੀਪੂਰਨ ਅਤੇ ਸੁਰੱਖਿਅਤ ਮਾਹੌਲ ਯਕੀਨੀ ਬਣਾਉਣ ਲਈ ਪੁਲਿਸ ਪ੍ਰਸ਼ਾਸਨ ਵੱਲੋਂ ਸੁਰੱਖਿਆ ਪ੍ਰਬੰਧਾਂ ਨੂੰ ਹੋਰ ਮਜ਼ਬੂਤ ਕੀਤਾ ਜਾ ਰਿਹਾ ਹੈ। ਨਵੇਂ ਤਾਇਨਾਤ ਅਧਿਕਾਰੀਆਂ ਵੱਲੋਂ ਜਲਦ ਹੀ ਆਪਣੇ ਅਹੁਦੇ ਸੰਭਾਲ ਕੇ ਜ਼ਿੰਮੇਵਾਰੀਆਂ ਨਿਭਾਉਣ ਦੀ ਉਮੀਦ ਹੈ।

 

LEAVE A REPLY

Please enter your comment!
Please enter your name here