ਲੁਧਿਆਣਾ: ਭਾਰਤੀ ਕਿਸਾਨ ਮਜ਼ਦੂਰ ਯੂਨੀਅਨ, ਭਾਰਤੀ ਕਿਸਾਨ ਯੂਨੀਅਨ ਦੋਆਬਾ ਅਤੇ ਵੱਖ-ਵੱਖ ਰਾਜਨੀਤਿਕ ਪਾਰਟੀਆਂ ਦੇ ਆਗੂਆਂ ਨੇ ਅੱਜ ਲੁਧਿਆਣਾ ਦੇ ਲਾਡੋਵਾਲ ਟੋਲ ਪਲਾਜ਼ਾ ‘ਤੇ ਧਰਨਾ ਲਗਾ ਕੇ ਟੋਲ ਫਰੀ ਕਰਵਾ ਦਿੱਤਾ। ਧਰਨੇ ਕਾਰਨ ਵਾਹਨਾਂ ਤੋਂ ਕੋਈ ਵੀ ਟੋਲ ਫੀਸ ਨਹੀਂ ਲਈ ਗਈ।
ਇਸ ਮੌਕੇ ਭਾਰਤੀ ਕਿਸਾਨ ਮਜ਼ਦੂਰ ਯੂਨੀਅਨ ਪੰਜਾਬ ਦੇ ਪ੍ਰਧਾਨ ਦਿਲਬਾਗ ਸਿੰਘ ਗਿੱਲ, ਭਾਰਤੀ ਕਿਸਾਨ ਯੂਨੀਅਨ ਦੋਆਬਾ ਦੇ ਮਾਲਵਾ ਜ਼ੋਨ ਪ੍ਰਧਾਨ ਇੰਦਰਵੀਰ ਸਿੰਘ ਕਾਦੀਆ, ਯੂਥ ਕਾਂਗਰਸ ਪੰਜਾਬ ਦੇ ਕੋਆਰਡੀਨੇਟਰ ਐਡਵੋਕੇਟ ਮਨਵੀਰ ਸਿੰਘ ਧਾਲੀਵਾਲ ਅਤੇ ਭਾਜਪਾ ਦੇ ਬੁਲਾਰੇ ਪ੍ਰਿਤਪਾਲ ਸਿੰਘ ਬਲੀਏਵਾਲ ਨੇ ਮੀਡੀਆ ਨਾਲ ਗੱਲਬਾਤ ਕੀਤੀ।
ਆਗੂਆਂ ਨੇ ਦੱਸਿਆ ਕਿ ਸਾਹਨੇਵਾਲ ਵਿਧਾਨ ਸਭਾ ਹਲਕੇ ਅਧੀਨ ਆਉਂਦੀ ਸਸਰਾਲੀ ਕਲੋਨੀ ਵਿੱਚ ਬੰਨ੍ਹ ਦੀ ਮੁਰੰਮਤ ਨਾ ਹੋਣ ਅਤੇ ਰਾਹੋ ਸੜਕ ਦੀ ਉਸਾਰੀ ਸ਼ੁਰੂ ਨਾ ਕਰਨ ਦੇ ਵਿਰੋਧ ਵਿੱਚ ਇਹ ਧਰਨਾ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ ਸਸਰਾਲੀ ਕਲੋਨੀ ਦਾ ਬੰਨ੍ਹ ਪਿਛਲੇ ਛੇ ਮਹੀਨਿਆਂ ਤੋਂ ਟੁੱਟਿਆ ਹੋਇਆ ਹੈ, ਪਰ ਸਰਕਾਰ ਵੱਲੋਂ ਹਾਲੇ ਤੱਕ ਕੋਈ ਕਾਰਵਾਈ ਨਹੀਂ ਕੀਤੀ ਗਈ।
ਧਰਨੇ ਤੋਂ ਬਾਅਦ ਲਾਡੋਵਾਲ ਟੋਲ ਪਲਾਜ਼ਾ ਨੂੰ ਪੂਰੀ ਤਰ੍ਹਾਂ ਮੁਫ਼ਤ ਕਰ ਦਿੱਤਾ ਗਿਆ ਅਤੇ ਸਾਰੇ ਵਾਹਨ ਬਿਨਾਂ ਟੋਲ ਦਿੱਤੇ ਗੁਜ਼ਰੇ।






