ਚੰਡੀਗੜ੍ਹ/ਲੁਧਿਆਣਾ: ਪੰਜਾਬ ਦੇ ਸਥਾਨਕ ਸਰਕਾਰਾਂ ਮੰਤਰੀ ਸ. ਹਰਜੋਤ ਸਿੰਘ ਬੈਂਸ ਨੇ ਲੁਧਿਆਣਾ ਸ਼ਹਿਰ ਨੂੰ “ਮੈਨਹੋਲ ਅਤੇ ਟੋਏ ਮੁਕਤ” ਬਣਾਉਣ ਲਈ 30 ਜੂਨ ਦੀ ਸਮਾਂ ਸੀਮਾ ਤੈਅ ਕਰਦਿਆਂ ਨਗਰ ਨਿਗਮ ਅਧਿਕਾਰੀਆਂ ਨੂੰ ਸਖ਼ਤ ਹਦਾਇਤਾਂ ਜਾਰੀ ਕੀਤੀਆਂ ਹਨ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਚੱਲ ਰਹੇ “ਮਿਸ਼ਨ ਕਲੀਨ ਪੰਜਾਬ” ਤਹਿਤ ਸਾਰੇ ਅਧਿਕਾਰੀ ਹਰ ਰੋਜ਼ ਸਵੇਰੇ 7 ਤੋਂ 8 ਵਜੇ ਤੱਕ ਜ਼ਮੀਨੀ ਪੱਧਰ ‘ਤੇ ਹਾਜ਼ਰ ਰਹਿ ਕੇ ਕੰਮ ਦੀ ਨਿਗਰਾਨੀ ਕਰਨ।
ਲੁਧਿਆਣਾ ਦੇ ਵੱਖ-ਵੱਖ ਖੇਤਰਾਂ ਦਾ ਤਿੰਨ ਘੰਟੇ ਲੰਬਾ ਅਚਾਨਕ ਦੌਰਾ ਕਰਨ ਦੌਰਾਨ ਮੰਤਰੀ ਨੇ ਨੈਸ਼ਨਲ ਹਾਈਵੇਅ ਅਥਾਰਟੀ ਆਫ਼ ਇੰਡੀਆ (NHAI) ਦੀਆਂ ਸੜਕਾਂ ‘ਤੇ ਖੜ੍ਹੇ ਮੀਂਹ ਦੇ ਪਾਣੀ ਅਤੇ ਕੂੜੇ ਦੇ ਢੇਰਾਂ ਦਾ ਗੰਭੀਰ ਨੋਟਿਸ ਲਿਆ। ਉਨ੍ਹਾਂ ਚੇਤਾਵਨੀ ਦਿੰਦਿਆਂ ਕਿਹਾ ਕਿ ਜੇਕਰ ਐਨ.ਐਚ.ਏ.ਆਈ. ਆਪਣੀਆਂ ਸੜਕਾਂ ਦੀ ਸਫ਼ਾਈ ਨਹੀਂ ਕਰਦਾ ਤਾਂ ਨਗਰ ਨਿਗਮ ਇਹ ਕੰਮ ਕਰੇਗਾ ਅਤੇ ਇਸ ਦਾ ਖਰਚਾ ਐਨ.ਐਚ.ਏ.ਆਈ. ਤੋਂ ਵਸੂਲਿਆ ਜਾਵੇਗਾ। ਲੋੜ ਪੈਣ ’ਤੇ ਜੁਰਮਾਨਾ ਵੀ ਲਗਾਇਆ ਜਾਵੇਗਾ।
ਮਾਨਸੂਨ ਦੀਆਂ ਤਿਆਰੀਆਂ ਦੀ ਸਮੀਖਿਆ ਕਰਦਿਆਂ ਸ੍ਰੀ ਬੈਂਸ ਨੇ ਅਧਿਕਾਰੀਆਂ ਨੂੰ ਇਸ ਮਹੀਨੇ ਦੇ ਅੰਤ ਤੱਕ ਸਾਰੀਆਂ ਸੀਵਰੇਜ ਲਾਈਨਾਂ ਦੀ ਸਫ਼ਾਈ ਮੁਕੰਮਲ ਕਰਨ ਦੇ ਨਿਰਦੇਸ਼ ਦਿੱਤੇ। ਅਧਿਕਾਰੀਆਂ ਨੇ ਜਾਣਕਾਰੀ ਦਿੱਤੀ ਕਿ ਸ਼ਹਿਰ ਵਿੱਚ 220 ਕਿਲੋਮੀਟਰ ਸੀਵਰੇਜ ਲਾਈਨਾਂ ਦੀ ਸਫ਼ਾਈ ਦਾ ਕੰਮ ਚੱਲ ਰਿਹਾ ਹੈ, ਜਿਨ੍ਹਾਂ ਵਿੱਚੋਂ 49 ਕਿਲੋਮੀਟਰ ਨੂੰ ਤਰਜੀਹੀ ਆਧਾਰ ’ਤੇ ਸਾਫ਼ ਕੀਤਾ ਜਾ ਰਿਹਾ ਹੈ। ਇਸ ਕੰਮ ਦਾ 47 ਫੀਸਦੀ ਹਿੱਸਾ ਪਹਿਲਾਂ ਹੀ ਮੁਕੰਮਲ ਹੋ ਚੁੱਕਾ ਹੈ।
ਉਨ੍ਹਾਂ ਦੱਸਿਆ ਕਿ ਲੁਧਿਆਣਾ ਵਿੱਚ ਇਸ ਵੇਲੇ 172 ਕਰੋੜ ਰੁਪਏ ਦੇ ਸੜਕ ਵਿਕਾਸ ਪ੍ਰੋਜੈਕਟ ਚੱਲ ਰਹੇ ਹਨ। ਮੰਤਰੀ ਨੇ ਹਦਾਇਤ ਕੀਤੀ ਕਿ ਸ਼ਹਿਰ ਦੇ ਸਾਰੇ ਖਰਾਬ ਅਤੇ ਗਾਇਬ ਮੈਨਹੋਲ ਕਵਰ ਤੁਰੰਤ ਬਦਲੇ ਜਾਣ ਅਤੇ ਸੜਕਾਂ ਦੀ ਮੁਰੰਮਤ ਦਾ ਕੰਮ 30 ਜੂਨ ਤੱਕ ਪੂਰਾ ਕੀਤਾ ਜਾਵੇ।
ਲੋਕਾਂ ਦੀਆਂ ਸ਼ਿਕਾਇਤਾਂ ਦਾ ਤੁਰੰਤ ਨਿਪਟਾਰਾ ਯਕੀਨੀ ਬਣਾਉਣ ਲਈ ਉਨ੍ਹਾਂ ਨੇ ਨਗਰ ਨਿਗਮ ਨੂੰ 24×7 “ਵਾਰ ਰੂਮ” ਸਥਾਪਤ ਕਰਨ ਦੇ ਹੁਕਮ ਵੀ ਦਿੱਤੇ, ਜੋ ਪਾਣੀ ਭਰਨ, ਸੀਵਰੇਜ ਜਾਮ ਹੋਣ ਅਤੇ ਮੀਂਹ ਨਾਲ ਸਬੰਧਿਤ ਸਮੱਸਿਆਵਾਂ ਦੀ ਨਿਗਰਾਨੀ ਕਰੇਗਾ।
ਇਸ ਤੋਂ ਇਲਾਵਾ ਨਗਰ ਨਿਗਮ ਨੂੰ ਆਪਣੀਆਂ ਝਾੜੀਆਂ ਕੱਟਣ ਵਾਲੀਆਂ ਮਸ਼ੀਨਾਂ ਖਰੀਦਣ, ਟ੍ਰੈਫਿਕ ਜੰਕਸ਼ਨਾਂ ਨੂੰ ਸੁੰਦਰ ਬਣਾਉਣ, ਸੜਕਾਂ ਦੇ ਕੋਨਿਆਂ ਦੀ ਪੇਂਟਿੰਗ, ਨਵੇਂ ਡਸਟਬਿਨ ਲਗਾਉਣ, ਕੂੜਾ ਕੰਪੈਕਟਰਾਂ ਲਈ ਥਾਵਾਂ ਦੀ ਪਛਾਣ ਕਰਨ ਅਤੇ ਬੰਦ ਪਏ ਟਿਊਬਵੈੱਲਾਂ ਤੇ ਸਟਰੀਟ ਲਾਈਟਾਂ ਨੂੰ ਮੁੜ ਚਾਲੂ ਕਰਨ ਦੇ ਨਿਰਦੇਸ਼ ਵੀ ਦਿੱਤੇ ਗਏ।
ਇਸ ਮੌਕੇ ਵਿਧਾਇਕ ਰਜਿੰਦਰਪਾਲ ਕੌਰ ਛੀਨਾ, ਮੇਅਰ ਇੰਦਰਜੀਤ ਕੌਰ, ਸੀਨੀਅਰ ਡਿਪਟੀ ਮੇਅਰ ਰਾਕੇਸ਼ ਪਰਾਸ਼ਰ, ਪੰਜਾਬ ਦਲਿਤ ਵਿਕਾਸ ਬੋਰਡ ਦੇ ਚੇਅਰਮੈਨ ਵਿਜੇ ਦਾਨਵ ਅਤੇ ਨਗਰ ਨਿਗਮ ਦੇ ਹੋਰ ਸੀਨੀਅਰ ਅਧਿਕਾਰੀ ਹਾਜ਼ਰ ਸਨ।









