Home Punjab Malerkotla ਪਿੰਡ ਲਸੋਈ ਬਣੇਗਾ ਮਾਲੇਰਕੋਟਲਾ ਦਾ ਪਹਿਲਾ ਮਾਡਲ ਸੋਲਰ ਵਿਲੇਜ

ਪਿੰਡ ਲਸੋਈ ਬਣੇਗਾ ਮਾਲੇਰਕੋਟਲਾ ਦਾ ਪਹਿਲਾ ਮਾਡਲ ਸੋਲਰ ਵਿਲੇਜ

0
3

• ਇੱਕ ਕਰੋੜ ਰੁਪਏ ਦੀ ਸਹਾਇਤਾ ਨਾਲ 200 ਸੋਲਰ ਸਟਰੀਟ ਲਾਈਟਾਂ, ਸੋਲਰ ਪਾਵਰ ਪਲਾਂਟ, 50 ਸੋਲਰ ਸੀ.ਸੀ.ਟੀ.ਵੀ. ਕੈਮਰੇ ਅਤੇ 2 ਸੋਲਰ ਵਾਟਰ ਪੰਪ ਲਗਾਉਣ ਦੀ ਯੋਜਨਾ ਨੂੰ ਮਨਜ਼ੂਰੀ

ਮਾਲੇਰਕੋਟਲਾ: ਡਿਪਟੀ ਕਮਿਸ਼ਨਰ ਵਿਰਾਜ ਐਸ. ਤਿੜਕੇ ਦੀ ਪ੍ਰਧਾਨਗੀ ਹੇਠ ਪ੍ਰਧਾਨ ਮੰਤਰੀ ਸੂਰਿਆ ਘਰ: ਮੁਫ਼ਤ ਬਿਜਲੀ ਯੋਜਨਾ ਅਧੀਨ ਮਾਡਲ ਸੋਲਰ ਵਿਲੇਜ (ਐਮ.ਐਸ.ਵੀ.) ਸਕੀਮ ਸਬੰਧੀ ਜ਼ਿਲ੍ਹਾ ਪੱਧਰੀ ਕਮੇਟੀ ਦੀ ਮੀਟਿੰਗ ਹੋਈ। ਮੀਟਿੰਗ ਦੌਰਾਨ ਜ਼ਿਲ੍ਹਾ ਮਾਲੇਰਕੋਟਲਾ ਦੇ ਚੁਣੇ ਪਿੰਡ ਲਸੋਈ ਵਿੱਚ ਕੀਤੇ ਜਾਣ ਵਾਲੇ ਸੋਲਰ ਵਿਕਾਸ ਕਾਰਜਾਂ ਲਈ ਤਿਆਰ ਕੀਤੀ ਗਈ ਵਿਸਤ੍ਰਿਤ ਪ੍ਰੋਜੈਕਟ ਰਿਪੋਰਟ (ਡੀ.ਪੀ.ਆਰ.) ਅਤੇ ਡਿਵੈਲਪਮੈਂਟ ਪਲਾਨ ਨੂੰ ਸਰਬਸੰਮਤੀ ਨਾਲ ਮਨਜ਼ੂਰੀ ਦਿੱਤੀ ਗਈ।
ਜ਼ਿਲ੍ਹਾ ਮੈਨੇਜਰ, ਪੰਜਾਬ ਊਰਜਾ ਵਿਕਾਸ ਏਜੰਸੀ (ਪੇਡਾ) ਹਰਮਿੰਦਰ ਸਿੰਘ ਨੇ ਕਮੇਟੀ ਮੈਂਬਰਾਂ ਨੂੰ ਮਾਡਲ ਸੋਲਰ ਵਿਲੇਜ ਸਕੀਮ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਸ ਸਕੀਮ ਤਹਿਤ ਹਰੇਕ ਜ਼ਿਲ੍ਹੇ ਵਿੱਚੋਂ ਇੱਕ ਪਿੰਡ ਨੂੰ ਮਾਡਲ ਸੋਲਰ ਵਿਲੇਜ ਵਜੋਂ ਵਿਕਸਤ ਕਰਨ ਲਈ ਭਾਰਤ ਸਰਕਾਰ ਵੱਲੋਂ ਇੱਕ ਕਰੋੜ ਰੁਪਏ ਦੀ ਵਿੱਤੀ ਸਹਾਇਤਾ ਪ੍ਰਦਾਨ ਕੀਤੀ ਜਾਂਦੀ ਹੈ।
ਉਨ੍ਹਾਂ ਦੱਸਿਆ ਕਿ ਪਿੰਡ-ਵਾਰ ਸੋਲਰ ਇੰਸਟਾਲੇਸ਼ਨ ਸਮਰੱਥਾ ਦੇ ਆਧਾਰ ‘ਤੇ ਪਿਛਲੀ ਮੀਟਿੰਗ ਦੌਰਾਨ ਪਿੰਡ ਲਸੋਈ ਨੂੰ ਜ਼ਿਲ੍ਹਾ ਮਾਲੇਰਕੋਟਲਾ ਦਾ ਜੇਤੂ ਪਿੰਡ ਚੁਣਿਆ ਗਿਆ ਸੀ। ਇਸ ਉਪਰੰਤ ਪੇਡਾ ਦੀ ਟੀਮ ਵੱਲੋਂ ਪਿੰਡ ਦਾ ਦੌਰਾ ਕਰਕੇ ਵੱਖ-ਵੱਖ ਸੋਲਰ ਪ੍ਰੋਜੈਕਟਾਂ ਲਈ ਢੁੱਕਵੀਆਂ ਥਾਵਾਂ ਦੀ ਪਛਾਣ ਕੀਤੀ ਗਈ ਅਤੇ ਡਿਵੈਲਪਮੈਂਟ ਪਲਾਨ/ਵਿਸਤ੍ਰਿਤ ਪ੍ਰੋਜੈਕਟ ਰਿਪੋਰਟ ਤਿਆਰ ਕੀਤੀ ਗਈ।
ਮੀਟਿੰਗ ਦੌਰਾਨ ਪਿੰਡ ਲਸੋਈ ਵਿੱਚ ਕੀਤੇ ਜਾਣ ਵਾਲੇ ਪ੍ਰਸਤਾਵਿਤ ਵਿਕਾਸ ਕਾਰਜਾਂ ਅਤੇ ਉਨ੍ਹਾਂ ਦੀ ਅਨੁਮਾਨਿਤ ਲਾਗਤ ਬਾਰੇ ਵਿਸਥਾਰਪੂਰਵਕ ਪੇਸ਼ਕਾਰੀ ਕੀਤੀ ਗਈ। ਮਨਜ਼ੂਰਸ਼ੁਦਾ ਯੋਜਨਾ ਅਨੁਸਾਰ ਪਿੰਡ ਵਿੱਚ ਲਗਭਗ  200 ਸੋਲਰ ਸਟਰੀਟ ਲਾਈਟਾਂ ਲਗਾਈਆਂ ਜਾਣਗੀਆਂ। ਇਸ ਤੋਂ ਇਲਾਵਾ ਸਰਕਾਰੀ ਸਕੂਲਾਂ, ਕਮਿਊਨਿਟੀ ਸੈਂਟਰ ਅਤੇ ਸਿਹਤ ਕੇਂਦਰਾਂ ਦੀਆਂ ਛੱਤਾਂ ‘ਤੇ ਸੋਲਰ ਪਾਵਰ ਪਲਾਂਟ, ਜਨਤਕ ਸੁਰੱਖਿਆ ਨੂੰ ਹੋਰ ਮਜ਼ਬੂਤ ਕਰਨ ਲਈ ਕਰੀਬ 50 ਸੋਲਰ ਪਾਵਰਡ ਸੀ.ਸੀ.ਟੀ.ਵੀ. ਕੈਮਰੇ ਅਤੇ ਪਿੰਡ ਦੇ ਤਲਾਬਾਂ ‘ਤੇ 2 ਸੋਲਰ ਵਾਟਰ ਪੰਪ ਸਥਾਪਤ ਕੀਤੇ ਜਾਣਗੇ।
ਡਿਪਟੀ ਕਮਿਸ਼ਨਰ ਵਿਰਾਜ ਐਸ. ਤਿੜਕੇ ਨੇ ਸਬੰਧਤ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਮਨਜ਼ੂਰਸ਼ੁਦਾ ਕਾਰਜਾਂ ਨੂੰ ਨਿਰਧਾਰਿਤ ਸਮੇਂ ਅੰਦਰ ਉੱਚ ਗੁਣਵੱਤਾ ਅਤੇ ਪਾਰਦਰਸ਼ੀ ਢੰਗ ਨਾਲ ਮੁਕੰਮਲ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਪਿੰਡ ਲਸੋਈ ਨੂੰ ਜ਼ਿਲ੍ਹੇ ਦਾ ਇੱਕ ਆਦਰਸ਼ ਮਾਡਲ ਸੋਲਰ ਵਿਲੇਜ ਬਣਾਉਣ ਦੇ ਨਾਲ-ਨਾਲ ਨਵਿਆਉਣਯੋਗ ਊਰਜਾ ਦੀ ਵਰਤੋਂ ਨੂੰ ਹੋਰ ਉਤਸ਼ਾਹਿਤ ਕਰਨ ਲਈ ਹਰ ਸੰਭਵ ਯਤਨ ਕੀਤੇ ਜਾਣ।
ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ ਰਾਜਦੀਪ ਸਿੰਘ ਬਰਾੜ, ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਸ੍ਰੀਮਤੀ ਰਿੰਪੀ ਗਰਗ, ਐਕਸੀਅਨ (ਪੀ.ਐਸ.ਪੀ.ਸੀ.ਐਲ.) ਇੰਜੀ. ਹਰਵਿੰਦਰ ਸਿੰਘ, ਐਲ.ਡੀ.ਐਮ. ਸ੍ਰੀ ਰਾਜਨ ਕੁਮਾਰ, ਸ੍ਰੀ ਮੁਹੰਮਦ ਤਾਹਿਰ ਤੋਂ ਇਲਾਵਾ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀ ਹਾਜ਼ਰ ਸਨ।

LEAVE A REPLY

Please enter your comment!
Please enter your name here