ਪਟਿਆਲਾ: ਭਾਸ਼ਾ ਵਿਭਾਗ ਪੰਜਾਬ ਵੱਲੋਂ ਮਾਤ ਭਾਸ਼ਾ ਦਿਵਸ ਸਬੰਧੀ ਸੂਬੇ ’ਚ ਵੱਖ-ਵੱਖ ਥਾਵਾਂ ’ਤੇ ਕਈ ਪ੍ਰਕਾਰ ਦੇ ਸਮਾਗਮ ਕਰਵਾਏ ਜਾਣਗੇ ਅਤੇ ਰਾਜ ਪੱਧਰੀ ਸਮਾਗਮ ਮੁੱਖ ਦਫ਼ਤਰ ਪਟਿਆਲਾ ਵਿਖੇ ਕਰਵਾਇਆ ਜਾਵੇਗਾ। ਇਸ ਸਬੰਧੀ ਵਿਭਾਗ ਦੇ ਡਾਇਰੈਕਟਰ ਸ. ਜਸਵੰਤ ਸਿੰਘ ਜ਼ਫ਼ਰ ਨੇ ਦੱਸਿਆ ਕਿ ਪਟਿਆਲਾ ਵਿਖੇ 21 ਫਰਵਰੀ ਨੂੰ ਰਾਜ ਪੱਧਰੀ ਸਮਾਗਮ ਦੌਰਾਨ ਡਾ. ਸਤਨਾਮ ਸਿੰਘ ਸੰਧੂ ‘ਪੰਜਾਬ ਭਾਸ਼ਾ ਦੀ ਵਰਤਮਾਨ ਸਥਿਤੀ ਤੇ ਭਵਿੱਖ ਦੀਆਂ ਚਣੌਤੀਆਂ’ ਵਿਸ਼ੇ ’ਤੇ ਵਿਸ਼ੇਸ਼ ਭਾਸ਼ਨ ਦੇਣਗੇ। ਇਸੇ ਦੌਰਾਨ ਨਾਮਵਰ ਲੇਖਕ ਲੱਖੇਵਾਲੀ ਦੀ ਪੁਸਤਕ ਵੀ ਲੋਕ ਅਰਪਣ ਕੀਤੀ ਜਾਵੇਗੀ ਅਤੇ ਅਖ਼ੀਰ ਵਿੱਚ ਡਾ. ਲੱਖਾ ਲਹਿਰੀ ਦੀ ਨਿਰਦੇਸ਼ਨਾ ’ਚ ਨਾਟਕ ‘ਪੀੜ੍ਹੀ ਦਰ ਪੀੜ੍ਹੀ’ ਦਾ ਮੰਚਨ ਹੋਵੇਗਾ। ਇਸੇ ਦਿਨ ਪੰਜਾਬੀ ਸਾਹਿਤ ਅਕਾਦਮੀ ਲੁਧਿਆਣਾ ਦੇ ਸੱਦੇ ’ਤੇ ਪੰਜਾਬੀ ਭਵਨ ਵਿਖੇ ਸ਼ਾਮ ਨੂੰ ਨਾਟਕ ‘ਸੋਹਣੀ ਮਹੀਵਾਲ’ ਦੀ ਪੇਸ਼ਕਾਰੀ ਹੋਵੇਗੀ।
ਜ਼ਿਲ੍ਹਾ ਭਾਸ਼ਾ ਦਫ਼ਤਰ ਸ੍ਰੀ ਮੁਕਤਸਰ ਸਾਹਿਬ ਚਿਖੇ ਸਕੂਲਾਂ ਤੇ ਕਾਲਜਾਂ ਦੇ ਵਿਦਿਆਰਥੀਆਂ ਦੇ ਮਾਤ ਭਾਸ਼ਾ ਨਾਲ ਸਬੰਧਤ 21 ਫਰਵਰੀ ਨੂੰ ਬਾਵਾ ਨਿਹਾਲ ਸਿੰਘ ਬੀ.ਐਡ. ਕਾਲਜ ਸ੍ਰੀ ਮੁਕਤਸਰ ਸਾਹਿਬ ਵਿਖੇ ਭਾਸ਼ਨ ਮੁਕਾਬਲੇ ਕਰਵਾਏ ਜਾਣਗੇ। ਜ਼ਿਲ੍ਹਾ ਭਾਸ਼ਾ ਦਫ਼ਤਰ ਮਾਨਸਾ ਵੱਲੋਂ ਇਸੇ ਦਿਨ ਅੰਬੇਦਕਰ ਭਵਨ ਵਿਖੇ ‘ਪਿੰਡ ਤੋਂ ਵਿਸ਼ਵੀ ਪਿੰਡ ਤੱਕ’ ਵਿਸ਼ੇ ’ਤੇ ਡਾ. ਸੋਮੀ ਰਾਮ ਦਾ ਵਿਸ਼ੇਸ਼ ਭਾਸ਼ਨ ਕਰਵਾਇਆ ਜਾਵੇਗਾ। ਇਸੇ ਦਿਨ ਜਿਲ੍ਹਾ ਭਾਸ਼ਾ ਦਫ਼ਤਰ ਫ਼ਿਰੋਜ਼ਪੁਰ ਵੱਲੋਂ ਡੀ.ਏ.ਵੀ. ਮਹਿਲਾ ਕਾਲਜ ਫ਼ਿਰੋਜਪੁਰ ਛਾਉਣੀ ਵਿਖੇ ਸਾਹਿਤਕ ਸਮਾਗਮ ਦੌਰਾਨ ‘ਮਾਤ ਭਾਸ਼ਾ ਅਤੇ ਸਾਹਿਤ: ਵਿਭਿੰਨ ਸਰੋਕਾਰ’ ਵਿਸ਼ੇ ’ਤੇ ਹਰਮੀਤ ਵਿਦਿਆਰਥੀ ਵਿਸ਼ੇਸ਼ ਭਾਸ਼ਨ ਦੇਣਗੇ। ਇਸ ਉਪਰੰਤ ਕਮਲ ਦਰਾਵਿੜ ਤੇ ਤਰਸੇਮ ਅਰਮਾਨ ਸਾਹਿਤਕ ਗਾਇਕੀ ਦਾ ਮੁਜ਼ਾਹਰਾ ਕਰਨਗੇ ਅਤੇ ਪ੍ਰੋ. ਜਸਪਾਲ ਘਈ ਟਿੱਪਣੀਕਾਰ ਵਜੋਂ ਸ਼ਮੂਲੀਅਤ ਕਰਨਗੇ। ਇਸੇ ਦਿਨ ਸੰਗਰੂਰ ਵਿਖੇ ਡਾ. ਭਗਵੰਤ ਸਿੰਘ ਪੰਜਾਬੀ ਭਾਸ਼ਾ ਨਾਲ ਸਬੰਧਤ ਵਿਸ਼ੇਸ਼ ਭਾਸ਼ਨ ਦੇਣਗੇ। 21 ਫਰਵਰੀ ਨੂੰ ਹੀ ਜ਼ਿਲ੍ਹਾ ਭਾਸ਼ਾ ਦਫ਼ਤਰ ਫ਼ਰੀਦਕੋਟ ਵੱਲੋਂ ‘ਮਾਂ ਬੋਲੀ ਸਮਰੱਥਾ, ਸਰੋਕਾਰ ਤੇ ਸੰਭਾਵਨਾਵਾਂ’ ਵਿਸ਼ੇ ’ਤੇ ਦੇਸ਼ ਭਗਤ ਪੰਡਤ ਚੇਤਨ ਦੇਵ ਸਰਕਾਰੀ ਕਾਲਜ ਆਫ਼ ਐਜੂਕੇਸ਼ਨ ਵਿਖੇ ਸੈਮੀਨਾਰ ਕਰਵਾਇਆ ਜਾਵੇਗਾ। ਜਿਸ ਦੌਰਾਨ ਉੱਘੇ ਕਵੀ, ਅਨੁਵਾਦਕ ਤੇ ਚਿੰਤਕ ਸੁਖਜਿੰਦਰ ਮੁੱਖ ਸੁਰ ਭਾਸ਼ਨ ਦੇਣਗੇ। ਨਿਬੰਧਕਾਰ ਨਰਿੰਦਰ ਸਿੰਘ ਤੇ ਖੋਜਾਰਥੀ ਸੁਰਿੰਦਰ ਕੰਬੋਜ ਵਿਚਾਰ ਚਰਚਾ ਕਰਨਗੇ ਅਤੇ ਟਿੱਪਣੀਕਾਰਾਂ ਵਜੋਂ ਵਿਜੇ ਵਿਵੇਕ, ਸੰਤੋਖ ਮਿਨਹਾਸ ਅਮਰੀਕਾ ਤੇ ਕੁਮਾਰ ਜਗਦੇਵ ਸ਼ਾਮਲ ਹੋਣਗੇ। ਇਸ ਮੌਕੇ ਸੁਰ ਆਂਗਣ ਵੱਲੋਂ ਸਾਹਿਤਕ ਗਾਇਕੀ ਦੇ ਰੰਗ ਪੇਸ਼ ਵੀ ਕੀਤੇ ਜਾਣਗੇ।
ਇਸੇ ਲੜੀ ਵਿੱਚ 20 ਫਰਵਰੀ ਨੂੰ ਜਗਤ ਗੁਰੂ ਨਾਨਕ ਓਪਨ ਯੂਨੀਵਰਸਿਟੀ ਪਟਿਆਲਾ ਵਿਖੇ ਸੁਰਜੀਤ ਪਾਤਰ ਨੂੰ ਸਮਰਪਿਤ ਪਟਿਆਲਾ ਸਾਹਿਤ ਉਤਸਵ ਦੌਰਾਨ ਸਥਾਨਕ ਕਵੀਆਂ ’ਤੇ ਅਧਾਰਤ ਭਾਸ਼ਾ ਵਿਭਾਗ ਵੱਲੋਂ ਕਵੀ ਦਰਬਾਰ ਕਰਵਾਇਆ ਜਾਵੇਗਾ। ਇਸੇ ਦਿਨ ਸਤੀਸ਼ ਚੰਦਰ ਧਵਨ ਸਰਕਾਰੀ ਕਾਲਜ ਲੁਧਿਆਣਾ ਵਿਖੇ ਕਵੀ ਦਰਬਾਰ ਕਰਵਾਇਆ ਜਾਵੇਗਾ। ਜ਼ਿਲ੍ਹਾ ਭਾਸ਼ਾ ਦਫ਼ਤਰ ਪਠਾਨਕੋਟ ਵੱਲੋਂ 23 ਫਰਵਰੀ ਨੂੰ ਤ੍ਰੈ-ਭਾਸ਼ੀ ਕਵੀ ਦਰਬਾਰ ਕਰਵਾਇਆ ਜਾਵੇਗਾ ਅਤੇ 24 ਫਰਵਰੀ ਨੂੰ ਸਰਕਾਰੀ ਕਾਲਜ ਹੁਸ਼ਿਆਰਪੁਰ ਵਿਖੇ ਜਿਲ੍ਹਾ ਭਾਸ਼ਾ ਦਫ਼ਤਰ ਹੁਸ਼ਿਆਰਪੁਰ ਤੇ ਕਪੂਰਥਲਾ ਵੱਲੋਂ ਸਾਂਝੇ ਤੌਰ ’ਤੇ ਨਾਮਵਰ ਗੀਤਕਾਰ ਤੇ ਗਾਇਕ ਦੇਬੀ ਮਕਸੂਸਪੁਰੀ ਨਾਲ ਰੂਬੁਰੂ ਤੇ ਤੁਰੰਨਮ ਕਵੀ ਦਰਬਾਰ ਕਰਵਾਇਆ ਜਾਵੇਗਾ। ਜ਼ਿਲ੍ਹਾ ਭਾਸ਼ਾ ਦਫ਼ਤਰ ਮੋਹਾਲੀ ਵਿਖੇ 23 ਫਰਵਰੀ ਨੂੰ ਅਮਰਜੀਤ ਗਰੇਵਾਲ ਦੀ ਪੁਸਤਕ ‘ਅਦਭੁਤ ਦੀ ਵਾਪਸੀ’ ਬਾਰੇ ਵਿਚਾਰ ਗੋਸ਼ਟੀ ਕਰਵਾਈ ਜਾਵੇਗੀ।






